ਅੰਮ੍ਰਿਤਸਰ, 14 ਮਾਰਚ (ਦੀਪ ਦਵਿੰਦਰ ਸਿੰਘ) – ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਮੰਚ ਰੰਗਮੰਚ ਅੰਮ੍ਰਿਤਸਰ ਵੱਲੋਂ ਨਾਰਥ ਜੋਨ ਕਲਚਰ ਸੈਂਟਰ
ਪਟਿਆਲਾ, ਸਭਿਆਚਾਰਕ ਮਾਮਲੇ ਵਿਭਾਗ (ਭਾਰਤ ਸਰਕਾਰ) ਅਮਨਦੀਪ ਹਸਪਤਾਲ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਚੱਲ ਰਹੇ 20 ਵੇਂ ਰਾਸ਼ਟਰੀ ਰੰਗਮੰਚ ਉਸਤਵ 2023 ਦੇ ਆਖਰੀ ਦਿਨ ਮੰਚ-ਰੰਗਮੰਚ ਅੰਮ੍ਰਿਤਸਰ ਦੀ ਟੀਮ ਵਲੋਂ ਵਰਿਆਮ ਸੰਧੂ ਦੀ ਕਹਾਣੀ ’ਤੇ ਅਧਾਰਿਤ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਿਤ ਕੀਤਾ ਨਾਟਕ ‘ਮੈਂ ਰੋਂ ਨਾ ਲਵਾਂ ਇੱਕ ਵਾਰ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਮੰਚਣ ਕੀਤਾ ਗਿਆ।
ਨਾਟਕ ‘ਮੈਂ ਰੋ ਨਾ ਲਵਾਂ ਇਕ ਵਾਰ’ ਸਾਡੇ ਸਮਿਆਂ ਦੇ ਸਮਰੱਥ ਕਹਾਣੀਕਾਰ ‘ਵਰਿਆਮ ਸੰਧੂ’ ਹੁਰਾਂ ਦੀ ਕਹਾਣੀ ‘ਤੇ ਅਧਾਰਿਤ ਹੈ।ਨਾਟਕ ਵਿੱਚ ਜੱਟ ਤੇ ਸੀਰੀ ਦਾ ਰਿਸ਼ਤਾ ਹੈ, ਜਿਥੇ ਬੇਸ਼ੱਕ ਰੰਗ, ਨਸਲ, ਜ਼ਾਤ ਦੀ ਦੂਰੀ ਵੀ ਹੈ, ਪਰ ਦੁੱਖ-ਸੁੱਖ ਦੀ ਸਾਂਝ ਇਕੋ ਹੈ।ਨਾਟਕ ਦੇ ਮੁੱਖ ਪਾਤਰ ਨਿੰਦਰ ਨਾਲ ਬਚਪਨ ਤੋਂ ਹੁੰਦੀਆਂ ਵਧੀਕੀਆਂ, ਉਸਦੇ ਸੁਪਨੇ, ਉਸਦੀ ਜ਼ਾਤ, ਉਸਦੀ ਭੁੱਖ, ਉਸਦਾ ਸੰਘਰਸ਼, ਉਸਦੀ ਮਸੂਮੀਅਤ, ਕੀ ਇਕੱਲੇ ਨਿੰਦਰ ਦੀ ਗਾਥਾ ਹੈ, ਜਾਂ ਉਸ ਵਰਗੇ ਉਨ੍ਹਾਂ ਸਭਨਾਂ ਦੀ, ਜਿਹਨਾਂ ਨੂੰ ਜ਼ਿੰਦਗੀ ’ਚ ਇਨਸਾਫ਼ ਨਹੀਂ ਮਿਲਿਆ।ਨਾਟਕ ਦੀ ਸ਼ੁਰੂਆਤ ਵਿੱਚ ਮਾਸਟਰ ਤਾਂ ਕਹਿੰਦਾ ਹੈ, ਕਿ ‘ਇਥੇ ਜੱਟ ਮਜ਼੍ਹਬੀ ਦਾ ਕੋਈ ਰੌਲਾ ਨਹੀਂ’, ਪਰ ਨਿੰਦਰ ਮਹਿਸੂਸ ਕਰਦਾ ਹੈ ਕਿ ਰੌਲਾ ਤਾਂ ਹੈ, ਨਿਰਦੇਸ਼ਕ ਨਾਟਕ ਦੇ ਸ਼ੁਰੂ ਵਿੱਚ ਹੀ ਜ਼ਾਤਾਂ ਦੇ ਵਿਤਕਰੇ ਨਾਲ ਦਰਸ਼ਕ ਨੂੰ ਜੋੜਦਾ ਹੈ।ਛੋਟੀਆਂ ਛੋਟੀਆਂ ਨਾਟਕੀ ਛੋਹਾਂ ਦੇ ਨਾਲ ਤੇ ਕੁੱਝ ਇਕ ‘ਨਾਟਕੀ ਜੁਗਤਾਂ (ਥੀਏਟਰੀਕਲ ਐਲੀਮੈਂਟਸ) ਨਾਲ, ਰੰਗਾਂ ਨਾਲ ਤੇ ਸੰਗੀਤ ਨਾਲ ਨਾਟਕ ਅੱਗੇ ਤੁਰਦਾ ਹੈ।ਨਾਟਕ ਵੀਜ਼ੂਅਲੀ ਸਟਰਾਂਗ ਅਤੇ ਰੌਚਕ ਬਣਕੇ ਦ੍ਰਿਸ਼ ਸਿਰਜਣਾ ਇਸ ਤਰ੍ਹਾਂ ਨਜ਼ਰ ਆਉਂਦੀ ਹੈ ਜਿਵੇਂ ਨਾਟਕ ਦੇ ਪਾਤਰ ਕਿਸੇ ਪੇਂਟਿੰਗ ਵਿਚ ਤੁਰੇ ਫਿਰਦੇ ਨਜ਼ਰ ਆਉਣ।ਥੋੜੇ ਪਾਤਰਾਂ ਵਿੱਚ, ਥੋੜ੍ਹੇ ਕਲਾਕਾਰਾਂ ਨਾਲ ਕਹਾਣੀ ਦੇ ਵਡੇ ਕੈਨਵਸ ਨਾਲ ਇਨਸਾਫ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਨਾਟਕ ਦੇ ਮੁੱਖ ਪਾਤਰ ‘ਨਿੰਦਰ’ ਦੇ ਦਰਦ ਨੂੰ ਲੋਕਾਈ ਨਾਲ ਸਾਂਝਾ ਕੀਤਾ ਗਿਆ ਹੈ।ਨਾਟਕ ਦਾ ਡੀਜ਼ਾਈਨ ਬੱਦਲਾਂ ਦੀ ਗਰਜਣ ਤੇ ਮੀਂਹ ਦੀਆਂ ਕਣੀਆਂ ਸੰਗੀਤ ਦਾ ਹਿੱਸਾ ਬਣ ਜਾਂਦੀਆਂ ਨੇ।ਇਸ ਨਾਟਕ ਵਿੱਚ ਮੁੱਖ ਪਾਤਰ ਨਿੰਦਰ ਦੇ ਰੂਪ ਵਿੱਚ ਗੁਰਤੇਜ ਮਾਨ ਨੇ ਬੇਹਤਰੀਨ ਅਦਾਕਾਰੀ ਕੀਤੀ, ਬਾਕੀ ਡੋਲੀ ਸੱਡਲ, ਵਿਪਨ ਧਵਨ, ਹਰਿੰਦਰ ਸੋਹਲ, ਅਰਵਿੰਦਰ ਸਿੰਘ ਚਮਕ, ਵਿਸ਼ੂ ਸ਼ਰਮਾ, ਸਾਜਨ ਕੋਹੀਨੂਰ, ਸਤਨਾਮ ਮੂਧਲ, ਗੁਰਦਿੱਤ ਸਿੰਘ, ਰੋਹਨ ਕੰਬੋਜ਼, ਹਰਪ੍ਰੀਤ ਸਿੰਘ, ਮਨਜਿੰਦਰ ਸਿੰਘ, ਅੰਕਿਤਾ ਪੁੰਜ, ਨਿਸ਼ਾਨ ਸਿੰਘ ਆਦਿ ਨੇ ਕਲਾਕਾਰਾਂ ਨੇ ਆਪਣੀ ਦਮਦਾਰ ਅਦਾਕਾਰੀ ਵਿਖਾਈ।
ਇਸ ਨਾਟਕ ਨੂੰ ਦੇਖਣ ਲਈ ਕਹਾਣੀਕਾਰ ਵਰਿਆਮ ਸੰਧੂ, ਰਾਜਵੰਤ ਕੌਰ ਸੰਧੂ, ਡਾ. ਅਵਤਾਰ ਸਿੰਘ, ਡਾ. ਅਮਨਦੀਪ ਕੌਰ, ਡਾ. ਸਤਨਾਮ ਸਿੰਘ ਨਿੱਝਰ, ਡਾ. ਸਤਿੰਦਰ ਕੌਰ ਨਿਝਰ, ਸ਼੍ਰੋਮਣੀ ਸ਼ਾਇਰ ਡਾ. ਅਜਾਇਬ ਸਿੰਘ ਹੁੰਦਲ, ਡਾ. ਹਰਿਭਜਨ ਸਿੰੰਘ ਭਾਟੀਆ, ਰਵਿੰਦਰ ਭਾਟੀਆ, ਪ੍ਰਸਿੱਧ ਪੱਤਰਕਾਰ ਲਾਟ ਭਿੰਡਰ, ਡਾ. ਅਰਵਿੰਦਰ ਕੌਰ ਧਾਲੀਵਾਲ, ਗਿਆਣੀ ਸੰਤੋਖ ਸਿੰਘ, ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਟੀ.ਐਸ ਰਾਜਾ, ਸੁਮੀਤ ਸਿੰਘ, ਹਰਜੀਤ ਗਿੱਲ ਸਮੇਤ ਵੱਡੀ ਗਿਣਤੀ ‘ਚ ਦਰਸ਼ਕ ਅਤੇ ਨਾਟ ਪ੍ਰੇਮੀ ਹਾਜ਼ਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media