ਜ਼ੀ-20 ਦੇਸ਼ ਭਾਰਤੀ ਕਿਸਾਨ ਮਜ਼ਦੂਰ ਦੇ ਹਿੱਤਾਂ ਲਈ ਨੁਕਸਾਨਦੇਹ – ਕਿਸਾਨ ਮਜਦੂਰ ਜਥੇਬੰਦੀ
ਅੰਮ੍ਰਿਤਸਰ, 15 ਮਾਰਚ (ਸੁਖਬੀਰ ਸਿੰਘ) – ਜ਼ੀ-20 ਦੇਸ਼ਾਂ ਦੀਆਂ ਦੇਸ਼ ਭਰ ਵਿੱਚ ਚੱਲ ਰਹੀਆਂ ਮੀਟਿੰਗਾਂ ਦੇ ਦੌਰ ਦੌਰਾਨ ਲੇਬਰ-20 (ਐਲ-20) ਦੀ ਪਹਿਲੀ ਮੀਟਿੰਗ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਣ ਤੋਂ ਇੱਕ ਦਿਨ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਵਿੱਚ ਜਿਲ੍ਹੇ ‘ਚ 15 ਥਾਵਾਂ ‘ਤੇ ਪੁਤਲੇ ਫੂਕ ਕੇ ਇਸ ਦਾ ਵਿਰੋਧ ਕੀਤਾ ਗਿਆ।ਉਹਨਾ ਕਿਹਾ ਕਿ ਐਲ-20, ਜੀ-20 ਦੇ ਅਧੀਨ ਜੁੜੇ ਸਮੂਹਾਂ ਵਿਚੋਂ ਹੀ ਇੱਕ ਹੈ।ਇਸ ਵਿੱਚ ਜੀ-20 ਦੇਸ਼ਾਂ ਦੇ ਟਰੇਡ ਯੂਨੀਅਨ ਕੇਂਦਰਾਂ ਦੇ ਆਗੂ ਅਤੇ ਨੁਮਾਇੰਦੇ ਸ਼ਾਮਲ ਹੁੰਦੇ ਹਨ, ਜੋ ਕਿਰਤ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨ ਦੇ ਨਾਮ ‘ਤੇ ਲੁੱਕਵੇਂ ਢੰਗ ਨਾਲ ਵੱਖ-ਵੱਖ ਦੇਸ਼ਾਂ ਵਿਚ ਕਾਰਪੋਰੇਟ ਪੱਖੀ ਨੀਤੀ ‘ਤੇ ਹੀ ਕੰਮ ਕਰਦੇ ਹਨ।ਸਿੱਖਿਆ ਅਤੇ ਕਿਰਤ ਨੀਤੀ ਨੂੰ ਲੈ ਕੇ ਹੋਣ ਜਾ ਰਹੀ ਇਹ ਮੀਟਿੰਗ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਂਗ ਹੈ, ਕਿਉਂਕਿ ਕਾਰਪੋਰੇਟ ਪੱਖੀ ਇਹ ਦੇਸ਼ ਸੱਸਤੀ ਤੋਂ ਸੱਸਤੀ ਲੇਬਰ ਅਤੇ ਮਹਿੰਗੀ ਤੋਂ ਮਹਿੰਗੀ ਸਿੱਖਿਆ ਵਾਲੀਆਂ ਨੀਤੀਆਂ ‘ਤੇ ਕੰਮ ਕਰਦੇ ਹਨ, ਇਹੀ ਦੇਸ਼ ਕਿਸਾਨਾਂ ਨੂੰ ਸਬਸਿਡੀ ਦੇਣ ਦੇ ਖਿਲਾਫ ਹਨ ਅਤੇ ਇਹਨਾਂ ਦੀਆਂ ਨੀਤੀਆਂ ਹੀ ਐਮ.ਐਸ.ਪੀ ਦੇਣ ਦੇ ਰਸਤੇ ਵਿੱਚ ਵੱਡਾ ਅੜਿੱਕਾ ਹਨ।ਉਹਨਾ ਕਿਹਾ ਕਿ ਇਹ ਗਰੁੱਪ ਕੁੱਲ ਦੁਨੀਆਂ ਦੇ 75% ਵਪਾਰ ਨੂੰ ਕੰਟਰੋਲ ਕਰਦਾ ਹੈ।ਜਿਸ ਕਾਰਨ ਕਿਸਾਨਾਂ ਨੂੰ ਫਸਲਾਂ ਦਾ ਪੂਰਾ ਭਾਅ ਅਤੇ ਮਜ਼ਦੂਰ ਨੂੰ ਪੂਰੀ ਮਜ਼ਦੂਰੀ ਨਹੀਂ ਮਿਲਦੀ, ਸੋ ਅਜਿਹੀਆਂ ਮੀਟਿੰਗਾਂ ਭਾਰਤ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ਦੇ ਕੁਦਰਤੀ ਸਰੋਤਾਂ ਅਤੇ ਖੇਤੀ ਸੈਕਟਰ ਦੀ ਸੰਸਾਰ ਬੈਂਕ, ਮੁਦਰਾ ਕੋਸ਼ ਫੰਡ, ਵਿਸ਼ਵ ਵਪਾਰ ਸੰਸਥਾ ਵਰਗੇ ਸਾਮਰਾਜਵਾਦੀ ਅਦਾਰਿਆਂ ਹੱਥੋਂ ਲੁੱਟ ਲਈ ਨਵੇਂ ਨਵੇਂ ਰਾਹ ਬਣਾਏ ਜਾ ਰਹੇ ਹਨ।
ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ, ਜਿਲ੍ਹਾ ਆਗੂ ਸਕੱਤਰ ਸਿੰਘ ਕੋਟਲਾ ਅਤੇ ਬਾਜ਼ ਸਿੰਘ ਸਾਰੰਗੜਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰਾਂ ਵਿਚ ਬੈਠੇ ਸਿਆਸਤਦਾਨ ਲੋਕਾਂ ਨਾਲ ਧ੍ਰੋਹ ਕਮਾ ਰਹੇ ਹਨ, ਇਹਨਾਂ ਦੇਸ਼ਾਂ ਦੇ ਇਸ਼ਾਰੇ ‘ਤੇ ਹੀ ਤਿੰਨ ਕਾਲੇ ਖੇਤੀ ਕਾਨੂੰਨ ਲਿਆਂਦੇ ਗਏ ਸਨ ਅਤੇ ਹੁਣ ਪੰਜਾਬ ਦੇ ਪਾਣੀਆਂ ‘ਤੇ ਕਬਜ਼ਾ ਕਰਨ ਸਰਕਾਰਾਂ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ।ਉਹਨਾ ਕਿਹਾ ਕਿ ਆਉਣ ਵਾਲੇ ਸਮੇਂ ‘ਚ ਹੋਰ ਵੱਖ ਵੱਖ ਰੂਪਾਂ ‘ਚ ਹਮਲੇ ਹੋਣਗੇ, ਪਰ ਜਥੇਬੰਦੀ ਆਪਣੀ ਪੂਰੀ ਸਮਰੱਥਾ ਨਾਲ ਇਸ ਦੇ ਵਿਰੁੱਧ ਅਤੇ ਲੋਕਾਂ ਦੇ ਹੱਕ ਵਿੱਚ ਖੜੀ ਹੈ।
ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਰਮਨਜੀਤ ਬੰਡਾਲਾ ਅਤੇ ਜਿਲ੍ਹਾ ਆਗੂ ਅਮਰਦੀਪ ਗੋਪੀ ਨੇ ਕਿਹਾ ਕਿ ਅੱਜ ਪੰਜਾਬ ਅਤੇ ਦੇਸ਼ ਹਿਤੈਸ਼ੀ ਜਥੇਬੰਦੀਆਂ, ਬੁੱਧੀਜੀਵੀ ਅਤੇ ਸਮਾਜ ਸ਼ਾਸਤਰੀਆਂ ਨੂੰ ਇਹਨਾਂ ਨੀਤੀਆਂ ਖਿਲਾਫ ਆਵਾਜ਼ ਬੁਲੰਦ ਕਰਕੇ, ਭਾਰਤ ਅਤੇ ਪੰਜਾਬ ਨੂੰ ਇਹਨਾਂ ਸਾਮਰਾਜਵਾਦੀ ਤਾਕਤਾਂ ਦੇ, ਗੁਲਾਮ ਹੋਣ ਤੋਂ ਬਚਾਓਣ ਦੀ ਲੜਾਈ ਵਿਚ ਹਿੱਸਾ ਪਾਉਣਾ ਚਾਹੀਦਾ ਹੈ।
ਇਸ ਮੌਕੇ ਜਿਲ੍ਹਾ ਆਗੂ ਲਖਵਿੰਦਰ ਸਿੰਘ ਡਾਲ਼ਾ, ਬਲਦੇਵ ਸਿੰਘ ਬੱਗਾ, ਮੰਗਜੀਤ ਸਿੰਘ ਪੰਡੋਰੀ, ਸਵਿੰਦਰ ਸਿੰਘ ਰੂਪੋਵਾਲੀ, ਕੰਵਰਦਲੀਪ ਸੈਦੋਲਹਿਲ, ਬਲਵਿੰਦਰ ਸਿੰਘ ਰੁਮਾਣਾਚੱਕ, ਕੁਲਜੀਤ ਸਿੰਘ ਕਾਲੇਘਣੁਪੁਰ ਤੋਂ ਇਲਾਵਾ ਜ਼ੋਨ ਕੋਰ ਕਮੇਟੀ ਆਗੂਆਂ ਸਮੇਤ ਸੈਕੜਿਆਂ ਦੀ ਗਿਣਤੀ ‘ਚ ਪਿੰਡ ਪੱਧਰ ਦੇ ਆਗੂ ਹਾਜ਼ਰ ਰਹੇ।