
ਨਵੀਂ ਦਿੱਲੀ, 17 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਰਬਾਰ ਸਾਹਿਬ ਦੇ ਪੁਰਾਤਨ ਹਜੂਰੀ ਰਾਗੀ ਭਾਈ ਮਨਸ਼ਾ ਸਿੰਘ ਦੀ ਯਾਦ ਵਿੱਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਅਤੇ ਖਾਲਸਾ ਸਕੂਲਾਂ ਦੇ ਬੱਚਿਆਂ ਦਾ ਭਾਈ ਮਨਸ਼ਾ ਸਿੰਘ ਇੰਟਰ ਸਕੂਲ ਗੁਰਮਤਿ ਸੰਗੀਤ ਮੁਕਾਬਲਾ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀਸ਼ਾਹ ਵੰਜਾਰਾ ਹਾਲ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਗਿਆ।ਹਜ਼ਾਰਾਂ ਬੱਚਿਆਂ ਦੀ ਮੌਜੂਦਗੀ ਵਿੱਚ ਹੋਏ ਇਸ ਮੁਕਾਬਲੇ ਦੌਰਾਨ ਸੀਨੀਅਰ ਜੂਨੀਅਰ ਗਰੁਪ ਵਿੱਚ ਸਕੂਲੀ ਕੀਰਤਨੀ ਜਥਿਆਂ ਨੇ ਗੁਰਬਾਣੀ ਗਾਇਨ ਕਰਦੇ ਹੋਏ ਤਿੰਨ ਪਾਰਖੂ ਜੱਜਾਂ ਪ੍ਰੋ. ਕਰਤਾਰ ਸਿੰਘ ਸ਼੍ਰੀ ਆਨੰਦਪੁਰ ਸਾਹਿਬ, ਪ੍ਰੋ. ਅਰਸ਼ਪ੍ਰੀਤ ਸਿੰਘ ਸ੍ਰੀ ਆਨੰਦਪੁਰ ਸਾਹਿਬ ਅਤੇ ਪ੍ਰਿੰਸੀਪਲ ਸੁਖਵੰਤ ਸਿੰਘ ਜਵੱਦੀ ਟਕਸਾਲ ਦੇ ਸਾਹਮਣੇ ਆਪਣੀ ਕਾਬਲੀਅਤ ਨੂੰ ਰੱਖਿਆ।
ਸੀਨੀਅਰ ਗਰੁਪ ਵਿੱਚ ਗੁਰੁੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੇਮਕੁੰਟ ਕਲੌਨੀ ਨੇ ਪਹਿਲਾ ਸਥਾਨ, ਨਾਨਕ ਪਿਆਉ ਨੇ ਦੂਜਾ ਅਤੇ ਹਰਿਗੋਬਿੰਦ ਐਨਕਲੇਵ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦੋ ਕਿ ਜੁਨੀਅਰ ਗਰੁਪ ਵਿੱਚ ਪਹਿਲਾ ਸਥਾਨ ਇੰਡੀਆ ਗੇਟ, ਦੂਜਾ ਸਥਾਨ ਨਾਨਕ ਪਿਆਉ ਅਤੇ ਤੀਜਾ ਸਥਾਨ ਕਰੋਲ ਬਾਗ ਸਕੂਲ ਨੇ ਪ੍ਰਾਪਤ ਕੀਤਾ।ਇਸੇ ਤਰ੍ਹਾਂ ਹੀ ਵਧੀਆ ਕੀਰਤਨ ਕਰਨ ਵਾਲੇ ਸੀਨੀਅਰ ਗਰੁਪ ਵਿੱਚ ਵਸੰਤ ਵਿਹਾਰ ਤੇ ਨਿਹਾਲ ਵਿਹਾਰ ਸਕੂਲਾਂ ਨੂੰ ਅਤੇ ਜੁਨੀਅਰ ਗਰੁਪ ਵਿੱਚ ਨਿਹਾਲ ਵਿਹਾਰ, ਹੇਮਕੁੰਟ ਕਲੋੌਨੀ ਤੇ ਵਸੰਤ ਵਿਹਾਰ ਸਕੂਲਾਂ ਦੇ ਬੱਚਿਆਂ ਨੂੰ ਹੋਸਲਾਂ ਵਧਾਉ ਨਕਦ ਇਨਾਮ ਦੇ ਕੇ ਵੀ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਨੇ ਆਪਣੇ ਵਿਚਾਰ ਵੀ ਰੱਖੇ।
ਜੀ.ਕੇ ਨੇ ਗੁਰਬਾਣੀ ਗਾਇਨ ਦੇ ਇੰਟਰ ਸਕੂਲ ਮੁਕਾਬਲੇ ਵਿੱਚ ਕੀਰਤਨ ਕਰ ਰਹੇ ਬੱਚਿਆਂ ਵਿੱਚ ਵਧੀਆ ਕੀਰਤਨੀਏ ਬਨਣ ਦੇ ਸਾਰੇ ਗੁਣ ਮੌਜੂਦ ਹੋਣ ਦਾ ਦਾਅਵਾ ਕਰਦੇ ਹੋਏ ਭੱਵਿਖ ਵਿੱਚ ਵੀ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖਣ ਦੀ ਵੀ ਗੱਲ ਕਹੀ।ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਗੁਰਵਿੰਦਰ ਪਾਲ ਸਿੰਘ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਹਰਿੰਦਰਪਾਲ ਸਿੰਘ, ਤੇ ਧਰਮ ਪ੍ਰਚਾਰ ਕਮੇਟੀ ਦੇ ਕਨਵੀਨਰ ਗੁਰਮੀਤ ਸਿੰਘ ਬੋਬੀ ਅਤੇ ਜਗਜੀਤ ਸਿੰਘ ਕਮਾਂਡਰ ਮੌਜੂਦ ਸਨ।
Punjab Post Daily Online Newspaper & Print Media