ਗੁਰਦੁਆਰਾ ਸ਼ਹੀਦਾਂ ਵਿਖੇ ਆਉਣ ਵਾਲੀ ਸੰਗਤ ਨੂੰ ਮਿਲੇਗੀ ਵੱਡੀ ਰਾਹਤ – ਨਿੱਜ਼ਰ
ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ) – ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਨਾਲ ਲਗਪਗ 60 ਕਰੋੜ ਰੁਪਏ ਦੀ ਲਾਗਤ ਨਾਲ ਸਕਾਈਵਾਕ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਦੇ ਸਥਾਨਕ ਸਰਕਾਰਾਂ ਮੰਤਰੀ ਇੰਦਰਬੀਰ ਸਿੰਘ ਨਿੱਜ਼ਰ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਸ਼ਹੀਦਾਂ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਵੱਡੀ ਰਾਹਤ ਮਿਲੇਗੀ।ਉਨ੍ਹਾਂ ਕਿਹਾ ਕਿ ਰੋਜ਼ਾਨਾ 50 ਤੋਂ 60 ਹਜ਼ਾਰ ਦੇ ਕਰੀਬ ਸੰਗਤ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਹਨ।ਸੰਗਤ ਨੂੰ ਗੁਰਦੁਆਰੇ ਜਾਣ ਲਈ ਸੜਕ ਪਾਰ ਕਰਨੀ ਪੈਂਦੀ ਹੈ, ਜਿਸ ਨਾਲ ਨਾ ਸਿਰਫ ਅਸੁਵਿਧਾ ਹੁੰਦੀ ਹੈ, ਇਸ ਨਾਲ ਆਵਾਜਾਈ ਵਿੱਚ ਜਾਮ ਵੀ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ ਮਲਟੀਪਲ ਫੁੱਟ ਓਵਰ ਬ੍ਰਿਜ਼, ਸਕਾਈ ਵਾਕ ਪਲਾਜ਼ਾ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਸਾਹਮਣੇ ਪੈਦਲ ਯਾਤਰੀਆਂ ਲਈ ਢੁੱਕਵੀਂ ਕ੍ਰਾਸਿੰਗ ਸਹੂਲਤ ਦੇ ਤੌਰ ’ਤੇ ਪੈਦਲ ਚੱਲਣ ਅਤੇ ਪਿਕਅੱਪ ਪੁਆਇੰਟ ਸ਼ਾਮਲ ਹਨ।ਪਲਾਜ਼ਾ ਪੈਦਲ ਯਾਤਰੀਆਂ ਦੀ ਆਵਾਜਾਈ ਦੀ ਸੌਖ ਲਈ ਪੌੜੀਆਂ, ਐਸਕੇਲੇਟਰਾਂ, ਲਿਫਟਾਂ ਰਾਹੀਂ ਪ੍ਰਵੇਸ਼/ਨਿਕਾਸ ਪੁਆਇੰਟਾਂ ਦਾ ਸਮੂਹ ਹੋਵੇਗਾ।ਇਹ ਪ੍ਰੋਜੈਕਟ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਏਗਾ।
ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ ਨੇ ਦੱਸਿਆ ਕਿ ਸਕਾਈਵਾਕ ਪ੍ਰੋਜੈਕਟ ਵਿੱਚ ਸ਼ਰਧਾਲੂਆਂ ਲਈ ਪਖਾਨੇ, ਸੈਰ ਸਪਾਟਾ ਸੂਚਨਾ ਕੇਂਦਰ ਅਤੇ ਪੁਲਿਸ ਚੌਕੀ ਵਰਗੀਆਂ ਸਹੂਲਤਾਂ ਦਾ ਪ੍ਰਬੰਧ ਸੰਗਤ ਲਈ ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਏਗਾ।ਉਨ੍ਹਾਂ ਕਿਹਾ ਕਿ ਲੈਂਡਸਕੇਪਿੰਗ ਅਤੇ ਸੁੰਦਰੀਕਰਨ ਰਾਹੀਂ ਪਲਾਜ਼ਾ ਦਾ ਵਿਕਾਸ ਪਲਾਜ਼ਾ ਕੀਤਾ ਜਾਵੇਗਾ, ਜੋ ਕਿ ਇਸ ਦੀ ਕੁਸ਼ਲ ਵਰਤੋਂ ਨੂੰ ਵਧਾਏਗਾ।ਉਨ੍ਹਾਂ ਦੱਸਿਆ ਕਿ ਇਸ ਸਕਾਈਵਾਕ ਦੀ ਲੰਬਾਈ ਰਾਮਸਰ ਗੁਰਦੁਆਰਾ ਤੋਂ ਚਾਟੀਵਿੰਡ ਚੌਕ ਤੱਕ 460 ਮੀਟਰ, ਚੌੜੀ 6 ਮੀਟਰ, ਸੜਕ ਤੋਂ 6 ਮੀਟਰ ਦੀ ਉਚਾਈ, ਸਕਾਈਵਾਕ ਪਲਾਜ਼ਾ ਵਿੱਚ 16 ਪੌੜੀਆਂ, 16 ਐਸਕੇਲੇਟਰ ਅਤੇ 7 ਲਿਫਟਾਂ ਹੋਣਗੀਆਂ।ਉਨ੍ਹਾਂ ਕਿਹਾ ਕਿ ਕੰਪਨੀ ਵਲੋਂ ਡੇਢ ਸਾਲ ਦੇ ਅੰਦਰ ਇਹ ਪ੍ਰੋਜੈਕਟ ਪੂਰਾ ਕੀਤਾ ਜਾਣਾ ਹੈ। ਇਸ ਮੌਕੇ ਐਸ.ਈ ਸੰਦੀਪ ਸਿੰਘ, ਐਸ.ਡੀ.ਓ ਅਨੁਦੀਪਕ ਸਿੰਘ, ਓ.ਐਸ.ਡੀ ਮਨਪ੍ਰੀਤ ਸਿੰਘ ਤੇ ਨਵਨੀਤ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।