ਅੰਮ੍ਰਿਤਸਰ ਦੇ ਅਧਿਕਾਰੀਆਂ ਨੂੰ ਸੰਮੇਲਨ ਦੀ ਕਾਮਯਾਬੀ ਲਈ ਦਿੱਤੀਆਂ ਮੁਬਰਕਾਂ – ਰਮੇਸ਼ ਕੁਮਾਰ ਗੇਂਟਾ
ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ) – ਹਾਲ ਹੀ ਵਿਚ ਅੰਮ੍ਰਿਤਸਰ ਵਿਚ ਹੋਏ ਜੀ-20 ਸੰਮੇਲਨ ਦੌਰਾਨ ਸ਼ਹਿਰ ਨੂੰ ਸਿੱਖਿਆ ਤੇ ਕਿਰਤ ਦੇ ਵਿਸ਼ੇ ਦੀਆਂ ਮੀਟਿੰਗਾਂ
ਲਈ ਕਈ ਦੇਸ਼ਾਂ ਦੇ ਅਧਿਕਾਰੀਆਂ ਦੀ ਮਹਿਮਾਨ ਨਿਵਾਜ਼ੀ ਕਰਨ ਦਾ ਮੌਕਾ ਮਿਲਿਆ ਸੀ।ਉਸ ਨੂੰ ਦੋਵਾਂ ਸਬੰਧਤ ਵਿਭਾਗਾਂ ਦੇ ਕੇਂਦਰੀ ਮੰਤਰਾਲਿਆਂ ਨੇ ਬਿਹਤਰੀਨ ਕਰਾਰ ਦਿੱਤਾ ਹੈ।ਅੱਜ ਜਿਲ੍ਹੇ ਦੇ ਇੰਚਾਰਜ਼ ਸੈਕਟਰੀ ਰਮੇਸ਼ ਕੁਮਾਰ ਗੇਂਟਾ (ਆਈ.ਏ.ਐਸ) ਜੋ ਕਿ ਕਿਸੇ ਮੀਟਿੰਗ ਲਈ ਅੰਮ੍ਰਿਤਸਰ ਆਏ ਸਨ, ਨੇ ਜਿਲ੍ਹਾ ਅਧਿਕਾਰੀਆਂ ਨਾਲ ਇਹ ਖੁਸ਼ੀ ਸਾਂਝੀ ਕਰਦੇ ਦਿਲੀ ਮੁਬਾਰਕਬਾਦ ਦਿੱਤੀ।ਉਨਾਂ ਕਿਹਾ ਕਿ ਸਿੱਖਿਆ ਤੇ ਕਿਰਤ ਮੰਤਰਾਲਿਆਂ ਨੇ ਅੰਮਿ੍ਰਤਸਰ ਸ਼ਹਿਰ ਦੀ ਸੁੰਦਰਤਾ, ਮਹਿਮਾਨ ਨਿਵਾਜੀ, ਸਲੀਕੇ, ਮੁੱਢਲਾ ਢਾਂਚਾ ਆਦਿ ਦਾ ਵਿਸ਼ੇਸ਼ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਭਾਵੇਂ ਹੁਣ ਤੱਕ ਭਾਰਤ ਦੇ ਕਈ ਸ਼ਹਿਰਾਂ ਵਿਚ ਜੀ-20 ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਜਿੰਨੇ ਉਤਸ਼ਾਹ ਨਾਲ ਅੰਮ੍ਰਿਤਸਰੀਆਂ ਨੇ ਸੰਮੇਲਨ ਦੀਆਂ ਤਿਆਰੀਆਂ ‘ਤੇ ਕੰਮ ਕੀਤਾ, ਉਨਾਂ ਨੂੰ ਕਿਸੇ ਹੋਰ ਸ਼ਹਿਰ ਵਿਚ ਵੇਖਣ ਨੂੰ ਨਹੀਂ ਮਿਲਿਆ।ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਸੰਮੇਲਨ ਦੀ ਕਾਮਯਾਬੀ ਲਈ ਸਾਰੇ ਵਿਭਾਗਾਂ ਦੇ ਜਿਲ੍ਹਾ ਅਧਿਕਾਰੀਆਂ ਦਾ ਧੰਨਵਾਦ ਕਰਦੇ ਕਿਹਾ ਕਿ ਜੀ-20 ਸੰਮੇਲਨ ਲਈ ਦਿੱਲੀ ਤੋਂ ਤਾਲਮੇਲ ਦਾ ਕੰਮ ਕਰ ਰਹੇ ਅਧਿਕਾਰੀ, ਇਸ ਗੱਲ ਤੋਂ ਹੈਰਾਨ ਰਹਿ ਗਏ ਕਿ 20 ਦਿਨ ਪਹਿਲਾਂ ਜਦ ਅਸੀਂ ਸਮਾਗਮ ਦੀਆਂ ਤਿਆਰੀਆਂ ਲਈ ਅੰਮਿ੍ਰਤਸਰ ਆਏ ਸੀ, ਤਾਂ ਮਾਹੌਲ ਬਿਲਕੁੱਲ ਵੱਖਰਾ ਸੀ, ਪਰ ਜਦ ਸੰਮੇਲਨ ਲਈ ਪੁੱਜੇ ਤਾਂ ਸ਼ਹਿਰ ਦੀ ਸੁੰਦਰਤਾ ਅਤੇ ਤਿਆਰੀ ਵੇਖ ਕੇ ਅੱਖਾਂ ਖੁੱਲੀਆਂ ਰਹਿ ਗਈਆਂ।
Punjab Post Daily Online Newspaper & Print Media