ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ‘ਇੰਟਰ-ਇੰਟਰਨਸ਼ਿਪ ਕੁਇਜ਼’ ਮੁਕਾਬਲਾ ਕਰਵਾਇਆ। ਕਾਲਜ ਪਿ੍ਰੰ੍ਰੀਪਲ ਡਾ. ਹਰੀਸ਼ ਕੁਮਾਰ ਵਰਮਾ ਦੀ ਅਗਵਾਈ ਹੇਠ ਇਹ ਕਵਿੱਜ਼ ਮੁਕਾਬਲਾ 2017-18 ਦੇ ਬੀ.ਵੀ.ਐਸ.ਸੀ ਅਤੇ ਏ. ਐਚ. ਵਿਦਿਆਰਥੀਆਂ ਦੇ 2 ਇੰਟਰਨਸ਼ਿਪ ਬੈਚਾਂ ਦਰਮਿਆਨ ਆਯੋਜਿਤ ਕੀਤਾ ਗਿਆ।ਇਹ ਮੁਕਾਬਲਾ ਵਿਦਿਆਰਥੀਆਂ ’ਚ ਉਨ੍ਹਾਂ ਦੇ ਗਿਆਨ ਨੂੰ ਵਧਾਉਣ ਅਤੇ ਸਮੇਂ ਦੀ ਰਫ਼ਤਾਰ ਨਾਲ ਆਧੁਨਿਕ ਤਕਨੀਕ ’ਚ ਤਾਲਮੇਲ ਬਣਾਉਣ ਦੇ ਮਕਸਦ ਤਹਿਤ ਕਰਵਾਇਆ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਡਾ. ਵਰਮਾ ਨੇ ਐਮ.ਡੀ ਡਾ. ਐਸ.ਕੇ ਨਾਗਪਾਲ ਨਾਲ ਮਿਲ ਕੇ ਸ਼ਮ੍ਹਾ ਰੌਸ਼ਨ ਕਰਨ ਉਪਰੰਤ ਕਿਹਾ ਕਿ ਮੌਜ਼ੂਦਾ ਸਮੇਂ ’ਚ ਦੋਵੇਂ ਬੈਚ ਪੀ.ਸੀ.ਆਈ ਪਾਠਕ੍ਰਮ ਮੁਤਾਬਕ ਇਕ ਸਾਲ ਦੇ ਲਾਜ਼ਮੀ ਰੋਟੇਟਰੀ ਇੰਟਰਨਸ਼ਿਪ ਪ੍ਰੋਗਰਾਮ ਦੀ ਪ੍ਰਕਿਰਿਆ ’ਚੋਂ ਗੁਜ਼ਰ ਰਹੇ ਹਨ।ਉਨ੍ਹਾਂ ਕਿਹਾ ਕਿ ਕਾਲਜ ਦੇ ਇੰਟਰਨੀਜ਼ ਨੂੰ ਉਨ੍ਹਾਂ ਦੇ ਕੋਰਸ ਪਾਠਕ੍ਰਮ (ਉਨ੍ਹਾਂ ਦੀ ਸਿਖਲਾਈ ਲਾਈਵ ਸਟਾਕ ਦੀਆਂ ਵੱਖ-ਵੱਖ ਬਿਮਾਰੀਆਂ ਦੇ ਇਲਾਜ ’ਤੇ ਜ਼ੋਰ ਦਿੰਦੀ ਹੈ) ਦੇ ਅਨੁਸਾਰ ਵੱਡੇ-ਛੋਟੇ ਜਾਨਵਰਾਂ ਦੇ ਇਲਾਜ਼ ਅਤੇ ਪ੍ਰਬੰਧਨ ’ਚ ਉਨ੍ਹਾਂ ਦੇ ਹੁਨਰ ਨੂੰ ਨਿਖਾਰਨ ਲਈ ਚੰਗੀ ਤਰ੍ਹਾਂ ਸਿਖਲਾਈ ਦਿੱਤੀ ਜਾ ਰਹੀ ਹੈ।
ਵੈਟਰਨਰੀ ਮਾਈਕ੍ਰੋਬਾਇਓਲੋਜੀ ਪ੍ਰੋਫੈਸਰ ਅਤੇ ਐਚ.ਓ.ਡੀ ਡਾ. ਪੀ.ਐਨ ਦਿਵੇਦੀ ਨੇ ਕੁਇਜ਼ ਮਾਸਟਰ ਵਜੋਂ ਭੂਮਿਕਾ ਨਿਭਾਈ।ਜਦਕਿ ਜਿਊਰੀ ਟੀਮ ’ਚ ਡਾ. ਬਖਸ਼ੀ, ਡਾ: ਗੰਡੋਤਰਾ ਅਤੇ ਡਾ. ਨਰੇਸ਼ ਰਾਮਪਾਲ ਵੀ ਸ਼ਾਮਿਲ ਸਨ।2017 ਬੈਚ ਦੀ ਹਿਨਾ, ਮਾਨਸੀ ਅਤੇ ਰੀਤਇੰਦਰ ਸਿੰਘ ਦੀ ਟੀਮ ਜੇਤੂ ਰਹੀ।ਜਦਕਿ 2018 ਬੈਚ ਦੇ ਹਰਮਨਜੋਤ, ਸ਼ੁਭਮ ਅਤੇ ਪ੍ਰਿਆ ਸੋਮਾਨੀ ਦੀ ਟੀਮ ਫ਼ਸਟ ਰਨਰ ਅੱਪ ਰਹੀ ਅਤੇ 2018 ਬੈਚ ਦੇ ਵਿਦਿਆਰਥੀ ਦ੍ਰਿਸ਼ਟੀ, ਅਮਰਵੀਰ ਅਤੇ ਜੋਏਦੀਪ ਨੂੰ ਸੈਕਿੰਡ ਰਨਰ ਅਪ ਐਲਾਨਿਆ ਗਿਆ।
ਡਾ. ਵਰਮਾ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਵਜੋਂ ਇਨਾਮ ਅਤੇ ਸਰਟੀਫਿਕੇਟ ਵੀ ਦਿੱਤੇ।ਉਨ੍ਹਾਂ ਕਿਹਾ ਕਿ ਵੈਟਰਨਰੀ ਡਾਕਟਰਾਂ ਲਈ ਰਾਜ ਅਤੇ ਕੇਂਦਰ ਸਰਕਾਰ ਦੇ ਯੂਨੀਵਰਸਿਟੀਆਂ, ਸਹਿਕਾਰੀ, ਫੌਜ, ਬੈਂਕ, ਬੀਮਾ ਜਾਂ ਫਾਰਮਾਸਿਊਟੀਕਲ ਖੇਤਰ ’ਚ ਸੇਵਾਵਾਂ ਨਿਭਾਉਣ ਸਬੰਧੀ ਕਈ ਅਵਸਰ ਹਨ ਅਤੇ ਇਸ ਤੋਂ ਇਲਾਵਾ ਉਹ ਡੇਅਰੀ, ਬੱਕਰੀ, ਸੂਰ, ਮੁਰਗੀ ਅਤੇ ਹੋਰ ਪਸ਼ੂ ਉਤਪਾਦਨ ਯੂਨਿਟਾਂ ’ਚ ਵੀ ਸਫਲ ਉਦਮੀ ਬਣ ਸਕਦੇ ਹਨ।
ਇਸ ਮੌਕੇ ਡਾ. ਪੀ.ਐਸ ਮਾਵੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।ਡਾ. ਵਰਮਾ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪਸ਼ੂ ਪਾਲਕਾਂ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਚੰਗੀ ਤਰ੍ਹਾਂ ਸਿੱਖਿਅਤ ਪਸ਼ੂ ਚਿਕਿਤਸਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …