ਸਮਰਾਲਾ ਹਲਕੇ ਦੇ ਪ੍ਰਾਈਵੇਟ ਸਕੂਲਾਂ ਦੀ ਖਿਲਾਫ ਕਦਮ ਕਦਮ ਚੁੱਕੇ ਪ੍ਰਸਾਸ਼ਨ ਸਖਤ – ਖੀਰਨੀਆਂ
ਸਮਰਾਲਾ, 7 ਅਪਰੈਲ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੀ ਮਹੀਨਾਵਾਰ ਮੀਟਿੰਗ ਸਥਾਨਕ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਵਿਖੇ
ਯੂਨੀਅਨ ਦੇ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੌਰਾਨ ਕਿਸਾਨੀ ਨਾਲ ਸਬੰਧਿਤ ਵਿਚਾਰਾਂ ਕੀਤੀਆਂ ਗਈਆਂ।ਆਗੁਆਂ ਨੇ ਕਿਹਾ ਕਿ ਬੀਤੇ ਦਿਨੀਂ ਪਈ ਬੇਮੌਸਮੀ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦੀ ਕਣਕ, ਸਰੋਂ ਅਤੇ ਸਬਜ਼ੀਆਂ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ।ਜੇਕਰ ਕੁੱਝ ਅਧਿਕਾਰੀ ਪਿੰਡਾਂ ਵਿੱਚ ਗਏ ਹਨ ਤਾਂ ਉਹ ਫਸਲਾਂ ਦੇ ਖਰਾਬੇ ਨੂੰ 20 ਤੋਂ 25 ਪ੍ਰਤੀਸ਼ਤ ਹੀ ਦੱਸ ਰਹੇ ਹਨ, ਜਦੋਂ ਕਿ ਸਰਕਾਰ ਦੇ ਮਾਪਦੰਡਾਂ ਅਨੁਸਾਰ ਇੰਨੇ ਘੱਟ ਖਰਾਬੇ ‘ਤੇ ਕੋਈ ਮੁਆਵਜ਼ਾ ਬਣਦਾ ਹੀ ਨਹੀਂ, ਜਦੋਂ ਕਿ ਕਿਸਾਨਾਂ ਦੀਆਂ ਫਸਲਾਂ 100 ਪ੍ਰਤੀਸ਼ਤ ਤਬਾਹ ਹੋ ਚੁੱਕੀਆਂ ਹਨ।ਇਸ ਲਈ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।ਕਿਸਾਨਾਂ ਨੇ ਇਸ ਗੱਲ ਦਾ ਵੀ ਵਿਰੋਧ ਪ੍ਰਗਟ ਕੀਤਾ ਕਿ ਸਮਰਾਲਾ ਹਲਕੇ ਅੰਦਰ ਮਾਲ ਮਹਿਕਮੇ ਵਾਲੇ ਗਿਰਦਾਵਰੀ ਕਰਨ ਲਈ ਪਿੰਡਾਂ ਵਿੱਚ ਨਹੀਂ ਜਾ ਰਹੇ।
ਇਸ ਤੋਂ ਇਲਾਵਾ ਮੀਟਿੰਗ ਵਿੱਚ ਸਮਰਾਲਾ ਹਲਕੇ ਅਧੀਨ ਪੈਂਦੇ ਪ੍ਰਈਵੇਟ ਸਕੂਲਾਂ ਵਲੋਂ ਮਾਪਿਆਂ ਦੀ ਕੀਤੀ ਜਾ ਰਹੀ ਲੁੱਟ ਦਾ ਵੀ ਸਖਤ ਨੋਟਿਸ ਲਿਆ ਗਿਆ।ਸਕੂਲ ਹਰੇਕ ਸਾਲ ਐਡਮਿਸ਼ਨ ਨਵੇਂ ਸਿਰੇ ਤੋਂ ਲੈਂਦੇ ਹਨ।ਹਰੇਕ ਪ੍ਰਾਈਵੇਟ ਸਕੂਲ ਦੀ ਕਿਤਾਬਾਂ ਕਾਪੀਆਂ ਤੇ ਵਰਦੀਆਂ ਲਈ ਇੱਕ ਹੀ ਦੁਕਾਨ ਨਿਯਤ ਕੀਤੀ ਹੋਈ ਹੈ।ਇਸ ਤਰਾਂ ਬੱਚਿਆਂ ਦੇ ਮਾਪਿਆਂ ਦਾ ਬਹੁਤ ਜਿਆਦਾ ਆਰਥਿਕ ਸੋਸ਼ਣ ਕੀਤਾ ਜਾ ਰਿਹਾ ਹੈ।ਉਨ੍ਹਾਂ ਪੰਜਾਬ ਸਰਕਾਰ ਤੇ ਸਮਰਾਲਾ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਪ੍ਰਾਈਵੇਟ ਸਕੂਲਾਂ ਦੀ ਲੁੱਟ ‘ਤੇ ਕਾਬੂ ਪਾਇਆ ਜਾਵੇ।ਜੇਕਰ ਪ੍ਰਸਾਸ਼ਨ ਨੇ ਜਲਦ ਕੋਈ ਫੈਸਲਾ ਨਾ ਲਿਆ ਤਾਂ ਯੂਨੀਅਨ ਖੁਦ ਸੰਘਰਸ਼ ਦਾ ਝੰਡਾ ਬੁਲੰਦ ਕਰੇਗੀ।
ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਗੁਰਪ੍ਰੀਤ ਸਿੰਘ ਮੱਲ ਮਾਜ਼ਰਾ ਜ਼ਿਲ੍ਹਾ ਮੀਤ ਪ੍ਰਧਾਨ, ਜਰਨੈਲ ਸਿੰਘ ਜਨਰਲ ਸਕੱਤਰ, ਬਲਜੀਤ ਸਿੰਘ ਮੱਲ ਮਾਜ਼ਰਾ ਬਲਾਕ ਪ੍ਰਧਾਨ ਸਮਰਾਲਾ, ਦਰਸ਼ਨ ਸਿੰਘ ਮੁਸ਼ਕਾਬਾਦ, ਬਿੱਕਰ ਸਿੰਘ ਮਾਨ ਕੋਟਲਾ ਸਮਸ਼ਪੁਰ ਪ੍ਰਧਾਨ ਬਲਾਕ ਮਾਛੀਵਾੜਾ, ਭੂਰਾ ਸਿੰਘ ਮੁਸ਼ਕਾਬਾਦ, ਹੁਸ਼ਿਆਰ ਸਿੰਘ ਬੰਬਾਂ, ਬਲਜਿੰਦਰ ਸਿੰਘ ਘੁਲਾਲ, ਤੇਜਿੰਦਰ ਸਿੰਘ ਗੋਗੀ ਘੁਲਾਲ, ਮਨਜੀਤ ਸਿੰਘ ਘੁਲਾਲ, ਦਲਜੀਤ ਸਿੰਘ ਘੁਲਾਲ, ਕਰਨੈਲ ਸਿੰਘ ਮੱਲ ਮਾਜ਼ਰਾ, ਜੀਵਨ ਸਿੰਘ ਮੱਲ ਮਾਜ਼ਰਾ, ਰਣਜੀਤ ਸਿੰਘ ਮੱਲ ਮਾਜ਼ਰਾ, ਮਲਜੀਤ ਸਿੰਘ, ਜਸਵੀਰ ਸਿੰਘ ਸੇਖੋਂ, ਰਣਜੀਤ ਸਿੰਘ ਮਾਨ, ਜਸਮੇਰ ਸਿੰਘ ਹੇਡੋਂ, ਜਸਵੰਤ ਸਿੰਘ, ਵਰਿੰਦਰ ਕੁਮਾਰ, ਗੁਰਮੇਲ ਸਿੰਘ, ਮਲਕੀਤ ਸਿੰਘ, ਹਰਜੀਤ ਸਿੰਘ, ਗੁਰਦੇਵ ਸਿੰਘ ਆਦਿ ਸ਼ਾਮਿਲ ਸਨ।
Punjab Post Daily Online Newspaper & Print Media