ਚੰਡੀਗੜ੍ਹ, 9 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਕੌਮੀ ਖੇਡ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ
(ਐਨ.ਜੀ.ਏ.ਆਈ) ਵਲੋਂ 21 ਤੋਂ 23 ਅਪ੍ਰੈਲ, 2023 ਤੱਕ ਡੀ.ਏ.ਵੀ.ਏਟ ਜਲੰਧਰ ਪੰਜਾਬ ਵਿਖੇ ਪਹਿਲਾ ਫੈਡਰੇਸ਼ਨ ਗੱਤਕਾ ਕੱਪ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ 22 ਸਾਲ ਤੋਂ ਘੱਟ ਉਮਰ ਵਰਗ ਵਿੱਚ 15 ਰਾਜਾਂ ਤੋਂ ਲਗਭਗ 300 ਲੜਕੇ ਅਤੇ ਲੜਕੀਆਂ ਮੈਡਲ ਤੇ ਚੈਂਪੀਅਨਸ਼ਿਪ ਜਿੱਤਣ ਲਈ ਕਿਸਮਤ ਅਜ਼ਮਾਉਣਗੀਆਂ।
ਇਹ ਪ੍ਰਗਟਾਵਾ ਕਰਦਿਆਂ ਐਨ.ਜੀ.ਏ.ਆਈ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਵਲੋਂ ਮੁਕਾਬਲਿਆਂ ਦੌਰਾਨ ਸਪੱਸ਼ਟਤਾ, ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਪਹਿਲੀ ਵਾਰ ਸਮਾਂ, ਅੰਕ ਤੇ ਨਤੀਜੇ (ਟੀ.ਐਸ.ਆਰ) ਦਰਸਾਉਣ ਲਈ ਕੰਪਿਊਟਰਾਈਜ਼ਡ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਦਰਸ਼ਕ ਡਿਜ਼ੀਟਲ ਸਕੋਰਕਾਰਡ ਰਾਹੀਂ ਸਾਰੀ ਕਾਰਵਾਈ ਦੇਖ ਸਕਣਗੇ। ਇਸ ਟੂਰਨਾਮੈਂਟ ਤੋਂ ਇੱਕ ਦਿਨ ਪਹਿਲਾਂ ਇੱਕ ਤਕਨੀਕੀ ਟੀਮ ਸਮੂਹ ਗੱਤਕਾ ਤਕਨੀਕੀ ਅਧਿਕਾਰੀਆਂ ਨੂੰ ਇਸ ਟੀ.ਐਸ.ਆਰ ਪ੍ਰਣਾਲੀ ਬਾਰੇ ਸਿਖਲਾਈ ਦੇਵੇਗੀ।
ਗਰੇਵਾਲ ਨੇ ਦੱਸਿਆ ਕਿ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਅਤੇ ਟੀਮ ਪ੍ਰਬੰਧਕਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ ਅਤੇ ਜੇਤੂਆਂ ਨੂੰ ਮੈਡਲ ਅਤੇ ਟਰਾਫੀਆਂ ਨਾਲ ਸਨਮਾਨਿਆ ਜਾਵੇਗਾ।ਐਨ.ਜੀ.ਏ.ਆਈ ਵਲੋਂ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਅਤੇ ਪ੍ਰਬੰਧਕਾਂ ਦੀਆਂ ਬੁਨਿਆਦੀ ਲੋੜਾਂ ਦੀ ਦੇਖਭਾਲ ਵਜੋਂ ਖੇਡ ਮੈਦਾਨ ਦੇ ਨੇੜੇ ਮੁਫਤ ਭੋਜਨ, ਪਾਣੀ ਅਤੇ ਆਰਾਮਦਾਇਕ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ।
ਟੂਰਨਾਮੈਂਟ ਪ੍ਰਬੰਧਕ ਕਮੇਟੀ ਨੇ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਆਪੋ-ਆਪਣੀਆਂ ਪ੍ਰਮਾਣਿਤ ਖੇਡ ਕਿੱਟਾਂ ਲਿਆਉਣ ਦੀ ਅਪੀਲ ਕੀਤੀ ਹੈ।ਇਸ ਤੋਂ ਇਲਾਵਾ ਹਰੇਕ ਰਾਜ ਨੂੰ ਅਲਾਟ ਕੀਤੀ ਗਈ ਅਧਿਕਾਰਤ ਡਰੈਸ ਕਿੱਟ, ਮੁਕਾਬਲੇ ਸਮੇਂ, ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਦੌਰਾਨ ਪਹਿਨੀ ਜਾਣੀ ਚਾਹੀਦੀ ਹੈ।
ਐਨ.ਜੀ.ਏ.ਆਈ ਦੇ ਪ੍ਰਧਾਨ ਨੇ ਭਰੋਸਾ ਦਿਵਾਇਆ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਸਾਰੇ ਖਿਡਾਰੀਆਂ ਤੇ ਖਿਡਾਰਨਾਂ ਲਈ ਨਿਰਪੱਖ ਅਤੇ ਪਾਰਦਰਸ਼ੀ ਮੁਕਾਬਲੇ ਪ੍ਰਦਾਨ ਕਰਨ ਲਈ ਵਚਨਬੱਧ ਹੈ।
Check Also
ਸੰਯੁਕਤ ਰਾਸ਼ਟਰ ਦੇ ਅੰਤਰ-ਧਰਮ ਸੰਵਾਦ ਵਿੱਚ ਗੂੰਜ਼ੀ ਸਿੱਖ ਸੋਚ
ਵਿਸ਼ਵ ਮੰਚ ’ਤੇ ਸਿੱਖ ਨੈਤਿਕ ਚਿੰਤਨ ਦੀ ਮਜ਼ਬੂਤ ਹਾਜ਼ਰੀ ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) …
Punjab Post Daily Online Newspaper & Print Media