Wednesday, March 11, 2026

36ਵੀਆਂ ਨੈਸ਼ਨਲ ਗੇਮਜ਼ ਵਿੱਚ ਜਿਲ੍ਹੇ ਦੇ 20 ਖਿਡਾਰੀਆਂ ਨੇ ਪੰਜਾਬ ਦਾ ਨਾਂ ਕੀਤਾ ਰੌਸ਼ਨ

ਜਿੱਤੇ 6 ਗੋਲਡ, 11 ਸਿਲਵਰ ਅਤੇ 4 ਕਾਂਸੇ ਦੇ ਮੈਡਲ

ਅੰਮ੍ਰਿਤਸਰ, 24 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਵਿੱਚ ਖੇਡਾਂ ਨੂੰ ਮੋਹਰੀ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਦੇਸ਼ ’ਚ ਸਭ ਤੋਂ ਪਹਿਲਾਂ ਕੌਮੀ ਖੇਡਾਂ ਦੇ ਜੇਤੂਆਂ ਨੂੰ ਸਨਮਾਨਿਤ ਕਰਨ ਦੀ ਪਹਿਲ ਕੀਤੀ ਗਈ ਹੈ।ਇਸ ਤਹਿਤ ਅੰਮ੍ਰਿਤਸਰ ਜਿਲ੍ਹੇ ਦੇ 20 ਖਿਡਾਰੀਆਂ ਨੂੰ 71 ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੌਮੀ ਖੇਡਾਂ ਦੇ ਸੋਨ ਤਗਮਾ ਜੇਤੂਆਂ ਨੂੰ 5-5 ਲੱਖ ਰੁਪਏ, ਚਾਂਦੀ ਦੇ ਤਗਮਾ ਜੇਤੂਆਂ ਨੂੰ 3-3 ਲੱਖ ਰੁਪਏ ਅਤੇ ਕਾਂਸੇ ਦਾ ਤਗਮਾ ਜੇਤੂਆਂ ਨੂੰ 2-2 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਗੁਜਰਾਤ ਵਿਖੇ 36ਵੀਂ ਨੈਸ਼ਨਲ ਗੇਮਜ਼ 2022 ਦੀਆਂ ਖੇਡਾਂ ਦੌਰਾਨ ਜਿਲ੍ਹੇ ਦੇ 20 ਖਿਡਾਰੀਆਂ ਨੇ 6 ਗੋਲਡ, 11 ਸਿਲਵਰ ਅਤੇ 4 ਕਾਂਸੇ ਦੇ ਮੈਡਲ ਜਿੱਤੇ ਸਨ।ਇਹਨਾਂ ਖਿਡਾਰੀਆਂ ਨੂੰ ਪੰਜਾਬ ਸਰਕਾਰ ਵਲੋਂ 71 ਲੱਖ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਗਈ ਹੈ।ਉਨਾਂ ਦੱਸਿਆ ਕਿ ਵੇਟ ਲਿਫਟਿੰਗ ਵਿੱਚ 109 ਕਿਲੋਗ੍ਰਾਮ ਭਾਰ ਦੇ ਮੁਕਾਬਲਿਆਂ ਵਿੱਚ ਲਵਪ੍ਰੀਤ ਸਿੰਘ ਨੇ ਗੋਲਡ, ਸਾਫਟ ਬਾਲ ਵਿੱਚ ਸਿਮਰਨਜੀਤ ਕੌਰ, ਸੋਨੀਆ ਕੁਮਾਰ, ਹਰਦਿਸ਼ ਕੌਰ, ਮਨਪ੍ਰੀਤ ਕੌਰ ਅਤੇ ਕੰਵਲਜੀਤ ਕੌਰ ਨੇ ਗੋਲਡ ਮੈਡਲ ਹਾਸਲ ਕੀਤਾ ਹੈ ਅਤੇ ਆਰਚਰੀ ਵਿੱਚ ਸੁਖਵਿੰਦਰ ਸਿੰਘ, ਬਾਸਕਿਟ ਬਾਲ ਵਿੱਚ ਅੰਮ੍ਰਿਤਪਾਲ ਸਿੰਘ, ਜੂਡੋ ਵਿੱਚ ਨਵਰੂਪ ਕੌਰ, ਸ਼ੂਟਿੰਗ ਵਿੱਚ ਜੋਰਾਵਰ ਸਿੰਘ ਸੰਧੂ, 67 ਕਿਲੋਗ੍ਰਾਮ ਵਾਲੇ ਰੈਸਲਿੰਗ ਦੇ ਮੁਕਾਬਲਿਆਂ ਵਿੱਚ ਕਰਨਜੀਤ ਸਿੰਘ, ਰੋਵਿੰਗ ਵਿੱਚ ਹਰਿੰਦਰ ਸਿੰਘ, ਵੁਸ਼ੂ ਗੇਮ ਵਿੱਚ ਮਯੰਕ ਮਹਾਜਨ, ਹਾਕੀ ਵਿੱਚ ਯੋਗਤਾ ਬਾਲੀ, ਗੁਰਜੀਤ ਕੌਰ, ਮਨਮੀਤ ਕੌਰ, ਕੰਵਲਪ੍ਰੀਤ ਸਿੰਘ ਨੇ ਸਿਲਵਰ ਮੈਡਲ ਪ੍ਰਾਪਤ ਕਰਕੇ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਅਥਲੈਟਿਕਸ ਵਿੱਚ ਅਰਪਿੰਦਰਪਾਲ ਸਿੰਘ, ਬਾਕਸਿੰਗ ਵਿੱਚ ਕਮਲਪ੍ਰੀਤ ਕੌਰ ਨੇ ਕਾਂਸੇ ਮੈਡਲ ਅਤੇ ਸਾਇਕਲਿੰਗ ਵਿੱਚ ਅਮਰਜੀਤ ਸਿੰਘ ਨੇ 2 ਕਾਂਸੇ ਮੈਡਲ ਜਿੱਤੇ ਸਨ ਅਤੇ ਪੰਜਾਬ ਸਰਕਾਰ ਵਲੋਂ ਅਮਰਜੀਤ ਸਿੰਘ ਨੂੰ 4 ਲੱਖ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਗਈ ਸੀ।
ਸੂਦਨ ਨੇ ਦੱਸਿਆ ਕਿ ਇਹ ਮਾਣ ਖਿਡਾਰੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰੇਗਾ ਅਤੇ ਉਹ ਜ਼ਿਲ੍ਹੇ, ਸੂਬੇ ਅਤੇ ਦੇਸ਼ ਦਾ ਨਾਮ ਕੌਮਾਂਤਰੀ ਪੱਧਰ ’ਤੇ ਰੌਸ਼ਨ ਕਰਨਗੇ। ਉਨਾਂ ਕਿਹਾ ਕਿ ਖੇਡਾਂ ਜਿੱਥੇ ਵਿਅਕਤੀ ਦੇ ਮਾਨਸਿਕ ਪੱਧਰ ਨੂੰ ਉਚਾ ਚੁੱਕਦੀਆਂ ਹਨ ਉਥੇ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰਹਿੰਦਾ ਹੈ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …