Sunday, December 22, 2024

ਯੂਨੀਵਰਸਿਟੀ ਵਿਖੇ ਜੀ-20 ਯੂਨੀਵਰਸਿਟੀ ਕਨੈਕਟ ਸੀਰੀਜ਼ ਦੇ ਪ੍ਰੀ-ਈਵੈਂਟ ਪ੍ਰੋਗਰਾਮ ਸ਼ੁਰੂ

ਜੀ-20 ਯੂਨੀਵਰਸਿਟੀ ਕਨੈਕਟ ਸੀਰੀਜ਼ ਤਹਿਤ ਕਰਵਾਏ ਪੋਸਟਰ ਮੇਕਿੰਗ ਮੁਕਾਬਲੇ
ਅੰਮ੍ਰਿਤਸਰ, 24 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਨੌਜਵਾਨਾਂ ਨੂੰ ਵਿਸ਼ਵ ਲੀਡਰਸ਼ਿਪ ਭਾਵਨਾ ਨਾਲ ਜੋੜਨ ਲਈ ਜੀ-20 ਯੂਨੀਵਰਸਿਟੀ ਕਨੈਕਟ ਲੜੀ ਤਹਿਤ `ਗਲੋਬਲ ਹਾਰਮਨੀ ਐਂਡ ਪੀਸ` ਵਿਸ਼ੇ `ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ।ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਅਤੇ ਡੀਨ ਅਕਾਦਮਿਕ ਮਾਮਲੇ ਅਤੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਦੇ ਸਾਂਝੇ ਉੱਦਮ ਵਜੋਂ, ਇਸ ਪੋਸਟਰ ਮੇਕਿੰਗ ਮੁਕਾਬਲੇ ਨੇ ਉਭਰਦੇ ਕਲਾਕਾਰਾਂ ਲਈ ਅੰਤਰਰਾਸ਼ਟਰੀ ਪੱਧਰ `ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਵਿਸ਼ੇਸ਼ ਮੌਕਾ ਪ੍ਰਦਾਨ ਕੀਤਾ ਹੈ।
ਇਹ ਮੁਕਾਬਲਾ ਯੂਨੀਵਰਸਿਟੀ ਦੇ ਆਰਕੀਟੈਕਚਰ ਵਿਭਾਗ ਵਿਖੇ ਆਯੋਜਿਤ ਕੀਤਾ ਗਿਆ ਜਿਸ ਦਾ ਦਾ ਸੰਚਾਲਨ ਡਾ. ਸ਼ਾਲਿਨੀ ਬਹਿਲ, ਏ.ਆਰ. ਅਸ਼ਵਿੰਦ ਅਤੇ ਡਾ. ਦੀਪਿਕਾ ਦੁਆਰਾ ਕੀਤਾ ਗਿਆ।ਇਸ ਵਿਚ ਅੰਮ੍ਰਿਤਸਰ, ਜਲੰਧਰ, ਪਠਾਨਕੋਟ, ਗੁਰਦਾਸਪੁਰ ਅਤੇ ਹੋਰ ਖੇਤਰੀ ਕੈਂਪਸਾਂ ਦੇ ਵੱਖ-ਵੱਖ ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਕੋਰਸਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।40 ਤੋਂ ਵੱਧ ਵਿਦਿਆਰਥੀਆਂ ਨੇ ਮੁਕਾਬਲੇ ਵਿੱਚ ਆਪਣਾ ਨਾਮ ਦਰਜ਼ ਕਰਵਾਇਆ ਅਤੇ ਬਹੁ-ਰਾਸ਼ਟਰੀ ਸਮਾਜ ਵਿੱਚ ਸਦਭਾਵਨਾ ਅਤੇ ਸ਼ਾਂਤੀ ਫੈਲਾਉਣ ਦੀ ਰੋਸ਼ਨੀ ਵਿੱਚ ਵਿਸ਼ੇ `ਤੇ ਆਪਣੇ ਵਿਚਾਰਾਂ ਨੂੰ ਪੋਸਟਰ ਦੇ ਜ਼ਰੀਏ ਪ੍ਰਦਰਸ਼ਿਤ ਕੀਤਾ।
ਡੀਨ ਵਿਦਿਆਰਥੀ ਭਲਾਈ ਅਤੇ ਪ੍ਰੋਗਰਾਮ ਦੇ ਨੋਡਲ ਅਫਸਰ, ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵੱਲੋਂ ਜੀ-20 ਯੂਨੀਵਰਸਿਟੀ ਕਨੈਕਟ ਪ੍ਰੋਗਰਾਮ ਦੇ ਆਯੋਜਨ ਲਈ ਚੁਣੇ 75 ਵਿਦਿਅਕ ਅਦਾਰਿਆਂ ਵਿੱਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਕ ਹੈ।ਉਨ੍ਹਾਂ ਦੱਸਿਆ ਕਿ 28 ਅਪ੍ਰੈਲ ਨੂੰ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਆਡੀਟੋਰੀਅਮ ਵਿਚ 12 ਵਜੇ ਹੋਣ ਵਾਲੇ ਮੁੱਖ ਸਮਾਗਮ ਵਿਚ ਪ੍ਰਮੁੱਖ ਬੁਲਾਰੇ ਦੇ ਤੌਰ `ਤੇ ਭਾਰਤ ਸਰਕਾਰ ਦੇ ਸਾਬਕਾ ਡਿਪਲੋਮੈਟ ਅੰਬੈਸਡਰ ਨਵਦੀਪ ਸਿੰਘ ਸੂਰੀ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸੈਂਟਰ ਫਾਰ ਯੂਰਪੀਅਨ ਸਟੱਡੀਜ਼ ਦੇ ਪ੍ਰੋ. ਡਾ. ਗੁਲਸ਼ਨ ਸਚਦੇਵਾ ਪੁੱਜ ਰਹੇ ਹਨ।ਉਨ੍ਹਾਂ ਦੱਸਿਆ ਕਿ ਇਸ ਮੁੱਖ ਸਮਾਗਮ ਤੋਂ ਪਹਿਲਾਂ ਅੱਜ ਪ੍ਰੀਈਵੈਂਟ ਪ੍ਰੋਗਰਾਮ ਸ਼ੁਰੂ ਹੋ ਗਏ ਹਨ ਜਿਸ ਵਿਚ ਅੱਜ ਪੋਸਟਰ ਮੇਕਿੰਗ ਮੁਕਾਬਲਿਆ ਕਰਵਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ 25 ਅਪ੍ਰੈਲ 2023 ਨੂੰ ਕਾਨਫਰੰਸ ਹਾਲ ਵਿਖੇ ਕੁਇਜ਼ ਮੁਕਾਬਲੇ 26 ਅਪ੍ਰੈਲ 2023 ਨੂੰ ਲੈਕਚਰ ਥੀਏਟਰ ਕੰਪਲੈਕਸ ਵਿਖੇ ਲੇਖ ਮੁਕਾਬਲੇ, 27 ਅਪ੍ਰੈਲ ਨੂੰ ਕਾਨਫਰੰਸ ਹਾਲ ਵਿਚ ਮਾਡਲ ਜੀ-20 (ਪੈਨਲ ਡਿਸਕਸ਼ਨ) ਆਯੋਜਿਤ ਕਰਵਾਉਣ ਉਪਰੰਤ 28 ਅਪ੍ਰੈਲ ਨੂੰ ਮੁੱਖ ਸਮਾਗਮ ਹੋਵੇਗਾ।ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ ਅਤੇ ਰੈਂਕ ਪ੍ਰਾਪਤ ਕਰਨ ਵਾਲਿਆਂ ਨੂੰ ਸਨਾਮਾਨਿਤ ਕੀਤਾ ਜਾਵੇਗਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …