Tuesday, April 28, 2026

ਖਾਲਸਾ ਫਿਜ਼ੀਕਲ ਐਜੂਕੇਸ਼ਨ ਵਿਖੇ ‘ਵਾਤਾਵਰਣ ਤੇ ਸਿਹਤ’ ਵਿਸ਼ੇ ’ਤੇ ਦੋ ਰੋਜ਼ਾ ਸੈਮੀਨਾਰ

ਅੰਮ੍ਰਿਤਸਰ, 27 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਵਿਖੇ ‘ਗਲੋਬਲ ਹੈਲਥ ਅਤੇ ਵਾਤਾਵਰਣ’ ਵਿਸ਼ੇ ’ਤੇ ਦੋ-ਰੋਜ਼ਾ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੌਰਾਨ ਇਕੱਤਰ ਹੋਏ ਮਾਹਿਰਾਂ ਨੇ ਕਿਹਾ ਕਿ ਹੁਣ ਸਮਾਂ ਨਹੀਂ ਬਚਿਆ ਹੈ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਹਰ ਯਤਨ ਤੇ ਹੀਲਾ ਤੇਜ਼ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦਾ ਨਿਘਾਰ ਆਪਣੀ ਚਰਮ ਸੀਮਾ ’ਤੇ ਪਹੁੰਚ ਗਿਆ ਹੈ ਅਤੇ ਸਮਾਜ, ਸਰਕਾਰ ਤੇ ਹਰੇਕ ਵਿਅਕਤੀ ਨੂੰ ਘਟਦੇ ਪਾਣੀ, ਮਿੱਟੀ ਅਤੇ ਹਵਾ ਦੇ ਪ੍ਰਦੂਸ਼ਣ ਨੂੰ ਬਚਾਉਣ ਲਈ ਸਮੂਹਿਕ ਯਤਨ ਕਰਨ ਦੀ ਜ਼ਰੂਰਤ ਹੈ।
ਆਪਣੇ ਮੁੱਖ ਭਾਸ਼ਣ ’ਚ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਸੇਵਾਮੁਕਤ ਲੈਫ਼. ਜਨਰਲ ਡਾ. ਜੇ.ਐਸ ਚੀਮਾ ਨੇ ਕਿਹਾ ਕਿ ਵਾਤਾਵਰਣ ਅਤੇ ਸਿਹਤ ਇਕ ਸਿੱਕੇ ਦੇ ਦੋ ਪਹਿਲੂ ਹਨ।ਪਰ ਤ੍ਰਾਸਦੀ ਇਹ ਹੈ ਕਿ ਅਸੀਂ ਵਾਤਾਵਰਣ ਨਾਲ ਖਿਲਵਾੜ ਕਰ ਰਹੇ ਹਾਂ ਤੇ ਚੰਗੀ ਸਿਹਤ ਦੀ ਆਸ ਰੱਖਦੇ ਹਾਂ।ਇਹ ਸੰਭਵ ਨਹੀਂ ਅਤੇ ਕਾਰਬਨ ਨਿਕਾਸ ਨੂੰ ਹਰ ਪੱਧਰ ’ਤੇ ਰੋਕਣਾ ਹੋਵੇਗਾ।ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੇਤਾਂ ’ਚ ਪਰਾਲੀ ਨੂੰ ਅੱਗ ਨਾ ਲਗਾਉਣ।
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸੰਯੁਕਤ ਸਕੱਤਰ (ਵਿੱਤ) ਗੁਨਬੀਰ ਸਿੰਘ ਨੇ ਕਿਹਾ ਕਿ ਸੈਮੀਨਾਰ ਜੋ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ) ਪਟਿਆਲਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਹੈ, ਦਾ ਉਦੇਸ਼ ਵਧ ਰਹੇ ਪ੍ਰਦੂਸ਼ਣ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਇਸ ਦੇ ਹੱਲ ਲੱਭਣਾ ਸੀ।ਪੀ.ਪੀ.ਸੀ.ਬੀ ਦੇ ਚੇਅਰਮੈਨ ਡਾ. ਆਦਰਸ਼ ਪਾਲ ਵਿਗ ਨੇ ਹਵਾ, ਪਾਣੀ ਅਤੇ ਜਲਵਾਯੂ ਦੇ ਵਿਗਾੜ ਸਮੇਤ ਵਾਤਾਵਰਣ ਦੇ ਖਤਰਿਆਂ ਨਾਲ ਨਜਿੱਠਣ ਲਈ ਲੋੜੀਂਦੇ ਯਤਨਾਂ ’ਤੇ ਵੀ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਇਕ ਦੂਜੇ ’ਤੇ ਦੋਸ਼ ਲਗਾਉਣ ਨਾਲ ਮੁਸ਼ਕਿਲਾਂ ਹੋਰ ਵਧਣਗੀਆਂ। ਕਿਸਾਨ, ਉਦਯੋਗ ਜਾਂ ਕਾਰਪੋਰੇਟ, ਸਭ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਕਿਸ ਮੁਕਾਮ ’ਤੇ ਪਹੁੰਚ ਗਏ ਹਾਂ।
ਪੀ.ਪੀ.ਸੀ.ਬੀ ਮੈਂਬਰ ਜੀ.ਐਸ ਮਜੀਠੀਆ ਨੇ ਉਦਾਹਰਣ ਦਿੰਦਿਆਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਆਲੇ ਦੁਆਲੇ ਵਾਹਨਾਂ, ਪਰਾਲੀ ਅਤੇ ਕੂੜੇ ਨੂੰ ਸਾੜਨ ਕਾਰਨ ਪਿਛਲੇ ਸਾਲਾਂ ਦੌਰਾਨ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਦੀ ਸੋਨੇ ਦੀ ਪਰਤ ਆਪਣੀ ਚਮਕ ਗੁਆ ਰਹੀ ਸੀ, ਜਿਸ ਨੂੰ ਬਚਾਉਣ ਦੇ ਉਪਰਾਲੇ ਕੀਤੇ ਗਏ ਹਨ।
ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ ਨੇ ਬੁਲਾਰਿਆਂ ਅਤੇ ਆਏ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਹਰੇ ਪੌਦੇ ਦੇ ਕੇ ਸਨਮਾਨਿਤ ਕੀਤਾ।

Check Also

ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ

ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …