Friday, July 4, 2025
Breaking News

ਜੰਮੂ ਕਸ਼ਮੀਰ ‘ਚ ਸ਼ਹੀਦ ਹੋਏ ਹੌਲਦਾਰ ਮਨਦੀਪ ਸਿੰਘ ਦੇ ਘਰ ਪੁੱਜੇ ਮੁੱਖ ਮੰਤਰੀ

ਪਰਿਵਾਰ ਨਾਲ ਨੇ ਕੀਤਾ ਦੁੱਖ ਸਾਂਝਾ

ਪਾਇਲ, 26 ਅਪ੍ਰੈਲ (ਬੈਨੀਪਾਲ) – ਨੇੜਲੇ ਪਿੰਡ ਚਣਕੋਈਆਂ ਕਲਾਂ ਵਿਖੇ ਜੰਮੂ ਕਸ਼ਮੀਰ ਦੇ ਪੁੰਛ ਖੇਤਰ ਵਿੱਚ ਦਹਿਸ਼ਤੀ ਹਮਲੇ ਦੌਰਾਨ ਸ਼ਹੀਦ ਹੋਏ ਹੌਲਦਾਰ ਮਨਦੀਪ ਸਿੰਘ ਦੇ ਘਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦ ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ, ਜਿਹਨਾਂ ਦੀ ਬਦੌਲਤ ਅਸੀਂ ਬੇਫਿਕਰ ਹੋ ਕੇ ਆਪਣੇ ਘਰਾਂ ਵਿੱਚ ਰਹਿੰਦੇ ਹਾਂ।ਸਾਡੇ ਫੌਜ ਦੇ ਜਵਾਨ ਦੇਸ਼ ਦੀ ਰੱਖਿਆ ਕਰਦੇ ਸ਼ਹਾਦਤਾਂ ਦੇ ਜਾਂਦੇ ਹਨ।ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਉਨਾਂ ਦੇ ਪਰਿਵਾਰਾਂ ਦੀ ਰੱਖਿਆ ਤੇ ਆਰਥਿਕ ਪਖੋਂ ਮਜ਼ਬੂਤ ਕਰੀਏ।ਖੇਤੀਬਾੜੀ ਸਬੰਧਿਤ ਕੀਤੇ ਸਵਾਲ ਦਾ ਜੁਆਬ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਆਪ ਸਰਕਾਰ ਖੇਤੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਸੁਹਿਰਦ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਲਈ ਪ੍ਰਸਾਸ਼ਨ ਹਰ ਪਖੋਂ ਮਦਦ ਕਰਨ ਲਈ ਹਾਜ਼ਰ ਹੈ।ਸ਼ਹੀਦ ਦੀ ਮਾਤਾ ਬਲਵਿੰਦਰ ਕੌਰ, ਪਤਨੀ ਜਗਦੀਪ ਕੌਰ, ਬੇਟਾ ਕਰਨਦੀਪ ਸਿੰਘ ਤੇ ਬੇਟੀ ਖੁਸਦੀਪ ਕੌਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਹੌਲਦਾਰ ਮਨਦੀਪ ਸਿੰਘ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ।ਉਹਨਾਂ ਸ਼ਹੀਦ ਹੌਲਦਾਰ ਮਨਦੀਪ ਸਿੰਘ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਰਾਸ਼ੀ ਦਾ ਚੈਕ ਭੇਟ ਕੀਤਾ ਅਤੇ ਸ਼ਹੀਦ ਦੇ ਨਾਂ ‘ਤੇ ਦੋਰਾਹਾ ਤੋਂ ਚਣਕੋਈਆਂ ਕਲਾਂ ਤੱਕ ਸੜਕ, ਸ਼ਹੀਦ ਦੇ ਨਾਂ ਸਰਕਾਰੀ ਪ੍ਰਾਇਮਰੀ ਸਕੂਲ, ਕਮਿਊਨਿਟੀ ਸੈਂਟਰ, ਆਦਮ ਕੱਦ ਬੁੱਤ ਅਤੇ ਤਿੰਨ ਪਿੰਡਾਂ ਦਾ ਸਾਂਝਾ ਖੇਡ ਸਟੇਡੀਅਮ ਬਣਾਉਣ ਦਾ ਵੀ ਐਲਾਨ ਕੀਤਾ।ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਵਲੋਂ ਮੁੱਖ ਮੰਤਰੀ ਦੇ ਆਉਣ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਵਿਧਾਇਕ ਤਰਨਪ੍ਰੀਤ ਸਿੰਘ ਸੌਂਦ ਖੰਨਾ, ਡਿਪਟੀ ਕਮਿਸਨਰ ਸੁਰਭੀ ਮਲਿਕ, ਆੜਤੀ ਏ.ਪੀ ਜੱਲਾ, ਐਸ.ਐਸ.ਪੀ ਖੰਨਾ ਅਮਨੀਤ ਕੌਂਡਲ, ਐਸ.ਡੀ.ਐਮ ਪਾਇਲ ਜਸਲੀਨ ਕੌਰ ਭੁੱਲਰ, ਬੂਟਾ ਸਿੰਘ ਰਾਣੋ, ਡੀ.ਐਸ.ਪੀ ਪਾਇਲ ਹਰਸਿਮਰਤ ਸਿੰਘ ਛੇਤਰਾ, ਸੂੂਬੇਦਾਰ ਜਗਵੀਰ ਸਿੰਘ ਵੀ ਹਾਜ਼ਰ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …