ਸਮਰਾਲਾ, 15 ਮਈ (ਇੰਦਰਜੀਤ ਸਿੰਘ ਕੰਗ) – ਲੋਕ ਮੋਰਚਾ ਪੰਜਾਬ ਵਲੋਂ (ਤਰਕ ਭਵਨ ਲਾਇਬ੍ਰੇਰੀ) ਪਿੰਡ ਦੀਵਾਲਾ (ਨੇੜੇ ਸਮਰਾਲਾ) ਵਿਖੇ ‘ਫਿਰਕਾਪ੍ਰਸਤੀ
ਬਨਾਮ ਲੋਕ ਲਹਿਰ ਦੇ ਅਜੰਡੇ’ ਦੁਆਲ਼ੇ ਇੱਕ ਵੱਡੀ ਮੀਟਿੰਗ ਕੀਤੀ ਗਈ ਹੈ। ਜਿਸ ਦੇ ਪ੍ਰਬੰਧਕ ਸਥਾਨਕ ਆਗੂ ਕੁਲਵੰਤ ਸਿੰਘ ਤਰਕ ਨੇ ਮੀਡੀਆ ਨੂੰ ਭੇਜੇ ਲਿਖਤੀ ਬਿਆਨ ਵਿੱਚ ਲਿਖਿਆ ਹੈ ਕਿ ਇਸ ਮੀਟਿੰਗ ਵਿੱਚ ਲੋਕ ਲਹਿਰ ਨਾਲ ਸਰੋਕਾਰ ਰੱਖਣ ਵਾਲੇ ਵੱਖ-ਵੱਖ ਵਰਗਾਂ ਦੇ ਸਾਥੀਆਂ ਨੇ ਹਿੱਸਾ ਲਿਆ ਅਤੇ ਵਿਸ਼ੇਸ਼ ਤੌਰ ’ਤੇ ਬੁਲਾਏ ਮੋਰਚੇ ਦੇ ਸੂਬਾ ਸਕੱਤਰ ਜਗਮੇਲ ਸਿੰਘ ਬਠਿੰਡਾ ਵਲੋਂ ਵਿਸਥਾਰ ਵਿਚ ਵਿਚਾਰ ਪੇਸ਼ ਕੀਤੇ ਗਏ।
ਸੂਬਾ ਸਕੱਤਰ ਜਗਮੇਲ ਸਿੰਘ ਬਠਿੰਡਾ ਨੇ ਕਿਹਾ ਕਿ ਭਾਰਤ ਅੰਦਰ ਫਿਰਕਾਪ੍ਰਸਤੀ ਦੀ ਵਰਤੋਂ ਆਪ ਦੇ ਰਾਜ ਦੀ ਉਮਰ ਲੰਬੀ ਕਰਨ ਲਈ ਬਰਤਾਨਵੀ ਬਸਤੀਵਾਦੀਆਂ ਨੇ ਸਭਨਾਂ ਧਰਮਾਂ ਜਾਤਾਂ ਦੇ ਲੋਕਾਂ ਵਲੋਂ ਰਲ ਕੇ ਅੰਗਰੇਜ਼ੀ ਰਾਜ ਦੀਆਂ ਵਧੀਕੀਆਂ ਵਿਰੁੱਧ ਕੀਤੇ ਵਿਸ਼ਾਲ ਸਾਂਝੇ ਪ੍ਰਦਰਸ਼ਨਾਂ ਨੂੰ ਡਾਂਗ ਦੇ ਨਾਲ ਨਾਲ ਲੋਕਾਂ ਵਿੱਚਲਾ ਏਕਾ ਪਾੜਣ ਲਈ ਫਿਰਕਾਪ੍ਰਸਤੀ ਦੀ ਖੁੱਲ੍ਹ ਕੇ ਵਰਤੋਂ ਕਰਨੀ ਸ਼ੁਰੂ ਕੀਤੀ ਸੀ।ਸੱਤਾ ਬਦਲੀ ਸਮੇਂ ਮਿਲੀ ਬਸਤੀਵਾਦੀਆਂ ਦੀ ਵਿਰਾਸਤ ਨੂੰ ਭਾਰਤੀ ਹਾਕਮ ਆਏ ਰੋਜ਼ ਅੱਗੇ ਵਧਾ ਰਹੇ ਹਨ।ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਕਾਰਨ ਮੁਲਕ ਅੰਦਰ ਡੂੰਘੇ ਹੋ ਰਹੇ ਆਰਥਿਕ ਸੰਕਟ ਦਾ ਭਾਰ ਲੋਕਾਂ ਸਿਰ ਮੜ੍ਹਨ ਅਤੇ ਲੋਕਾਂ ਅੰਦਰ ਹਾਕਮਾਂ ਤੇ ਪ੍ਰਬੰਧ ਵਿਰੁੱਧ ਵਧ ਰਹੇ ਰੋਸ ਤੇ ਤੇਜ਼ ਹੋ ਰਹੇ ਸੰਘਰਸ਼ਾਂ ਨੂੰ ਰੋਕਣ ਲਈ ਹਾਕਮਾਂ ਵਲੋਂ ਫਿਰਕਾਪ੍ਰਸਤੀ ’ਤੇ ਟੇਕ ਵਧਾਈ ਹੋਈ ਹੈ।ਸੋ ਲੋਕ ਲਹਿਰ ਨੂੰ ਫਿਰਕੂ ਜ਼ਹਿਰ ਪਸਾਰੇ ਤੋਂ ਬਚਾਅ ਕੇ ਧਰਮ ਨਿਰਲੇਪ ਤੇ ਜਮਹੂਰੀ ਲੀਹਾਂ ’ਤੇ ਤਕੜਿਆਂ ਕਰਨ ਦੀ ਲੋੜ ਹੈ।ਫਿਰਕੂਆਂ ਨੂੰ ਨਿਖੇੜਣ ਅਤੇ ਜਮਾਤੀ ਮੁੱਦਿਆਂ ’ਤੇ ਸੰਘਰਸ਼ ਛੇੜਣ ਤੇ ਸੰਸਾਰੀਕਰਨ ਤੋਂ ਮੁਲਕ ਨੂੰ ਮੁਕਤ ਕਰਾਉਣ ਲਈ ਸਾਂਝੇ ਮੱਦਿਆਂ ’ਤੇ ਸਾਂਝੇ ਸੰਘਰਸ਼ ਵਧਾਉਣ ਦੀ ਲੋੜ ਹੈ।ਖੰਨੇ ਤੋਂ ਮਜ਼ਦੂਰ ਸਾਥੀ ਮਲਕੀਤ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਮੀਟਿੰਗ ਨੇ ਦਿੱਲੀ ਵਿੱਚ ਯੰਤਰ-ਮੰਤਰ ਵਿਖੇ ਸੰਘਰਸ਼ ਕਰ ਰਹੀਆਂ ਮਹਿਲਾ ਪਹਿਲਵਾਨਾਂ ਨੂੰ ਨਿਆਂ ਮਿਲੇ ਤੇ ਮੁਜ਼ਰਮ ਭਾਜਪਾ ਐਮ.ਪੀ ਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਸਜ਼ਾ ਦਿਵਾਉਣ ਲਈ ਵੀ ਮੀਟਿੰਗ ’ਚ ਮਤਾ ਪਾਸ ਕੀਤਾ ਗਿਆ।
ਆਖੀਰ ‘ਚ ਕੁਲਵੰਤ ਸਿੰਘ ਤਰਕ ਨੇ ਆਏ ਸਾਥੀਆਂ ਤੇ ਮੁੱਖ ਮਹਿਮਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਸਭਨਾਂ ਸਾਥੀਆਂ ਦਾ ਧੰਨਵਾਦ ਕੀਤਾ।
Check Also
ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ
ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …
Punjab Post Daily Online Newspaper & Print Media