ਸ੍ਰੀ ਅਨੰਦਪੁਰ ਸਾਹਿਬ, 19 ਦਸੰਬਰ (ਪੰਜਾਬ ਪੋਸਟ ਬਿਊਰੋ) – ਸਿੱਖ ਕੌਮ ਇੱਕ ਐਸੀ ਕੌਮ ਹੈ ਜੋ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਲੈ ਕੇ ਦੂਸਰਿਆਂ ਧਰਮਾਂ ਦੀ ਰੱਖਿਆ ਅਤੇ ਆਣ ਇੱਜਤ ਲਈ ਕੁਰਬਾਨੀਆਂ ਕਰਦੀ ਆਈ ਹੈ। ਪਰ ਸਿੱਖ ਜਦ ਆਪਣੇ ਗੁਰੂ ਦੇ ਸਤਿਕਾਰ ਜਾਂ ਧਾਰਮਿਕ ਅਸਥਾਨਾਂ ਤੇ ਸ਼ਹੀਦਾਂ ਦੇ ਸਤਿਕਾਰ ਦੀ ਕੋਈ ਗੱਲ ਕਰਦਾ ਹੈ ਤਾਂ ਉਸ ਨੂੰ ਅਤਿਵਾਦੀ, ਵੱਖਵਾਦੀ ਨਾਮ ਨਾਲ ਵੱਖਰੇ ਕਾਲ਼ੇ ਕਾਨੂੰਨ ਰਾਹੀਂ ਜੇਲ੍ਹਾਂ ਵਿੱਚ ਸੁੱਟਿਆ ਜਾਂਦਾ ਹੈ।ਪਰ ਗੁਰਸਿੱਖ ਗੁਰਬਾਣੀ ਆਸਰੇ ਜੇਲ੍ਹਾਂ ਵਿੱਚ ਉਨ੍ਹਾਂ ਸਜਾਵਾਂ ਨੂੰ ਵੀ ਭੋਗ ਚੁੱਕੇ ਹਨ ਫਿਰ ਵੀ ਉਨ੍ਹਾਂ ਨੂੰ ਛੱਡਿਆ ਨਹੀਂ ਜਾ ਰਿਹਾ।ਸਾਨੂੰ ਅਫਸੋਸ ਹੈ ਕਿ ਹੁਣ ਤੱਕ ਵੀ ਸਿੱਖਾਂ ਦੀ ਰਿਹਾਈ ਲਈ ਮਰਨ ਵਰਤ ਰੱਖਣੇ ਪੈ ਰਹੇ ਹਨ। ਸਿੱਖਾਂ ਦੀਆਂ ਕੁਰਬਾਨੀਆਂ ਦੇਸ਼ ਕੌਮ ਲਈ ਹੁਣ ਤੱਕ ਸਭ ਤੋਂ ਵੱਧ ਹਨ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਵੱਖ ਵੱਖ ਸੂਬੇ ਸਰਕਾਰਾਂ ਜਿੱਥੇ ਜੇਲ੍ਹਾਂ ਅੰਦਰ ਸਿੱਖ ਬੰਦ ਹਨ ਅਤੇ ਸੈਂਟਰ ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖਾਂ ਲਈ ਬਣਾਏ ਵੱਖਰੇ ਕਾਲ਼ੇ ਕਾਨੂੰਨ ਵਾਪਿਸ ਲੈ ਕੇ ਵੱਖ ਵੱਖ ਜੋ ਸਿੱਖ ਜੇਲ੍ਹਾਂ ਵਿੱਚ ਬੰਦ ਹਨ ਅਤੇ ਜਿੰਨ੍ਹਾਂ ਦਾ ਸਮਾਂ ਪੂਰਾ ਹੋ ਚੁੱਕਾ ਹੈ, ਉਨ੍ਹਾਂ ਨੂੰ ਤੁਰੰਤ ਰਿਹਾਅ ਕਰ ਦਿੱਤਾ ਜਾਵੇ।
ਹੁਣ ਸਿੱਖ ਕੌਮ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ। ਸ਼ਹੀਦ ਕੌਮ ਦਾ ਸਰਮਾਇਆ ਹਨ। ਗੁਰੂ ਕਾਲ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਗੁਰਧਾਮਾਂ ਦੀ ਪਵਿੱਤਰਤਾ ਕਾਇਮ ਰੱਖਣ ਲਈ ਬੇਹੱਦ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਹਨ। ਪਰ ਅਫਸੋਸ ਹੈ ਕਿ ਜਿੰਨ੍ਹਾਂ ਲੋਕਾਂ ਦੀ 84 ਵੇਲੇ ਸੈਂਟਰ ਸਰਕਾਰ ਸੀ, ਉਨ੍ਹਾਂ ਨੇ ਜਿੱਥੇ ਉਦੋਂ ਘੱਟ ਨਹੀਂ ਗੁਜਾਰੀ ਉੱਥੇ ਉਹ ਲੋਕ ਅੱਜ ਵੀ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਵਿੱਤਰਤਾ ਰੱਖਣ ਵਾਲੇ ਸ਼ਹੀਦਾਂ ਦੇ ਉਲਟ ਕੂੜ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਨੂੰ ਐਸੇ ਸ਼ਹੀਦਾਂ ਪ੍ਰਤੀ ਗਲਤ ਸ਼ਬਦ ਨਹੀਂ ਵਰਤਣੇ ਚਾਹੀਦੇ। ਐਸੇ ਲੋਕਾਂ ਨੂੰ ਸਿੱਖ ਕੌਮ ਕਦੇ ਵੀ ਮੁਆਫ ਨਹੀਂ ਕਰੇਗੀ।