Sunday, June 15, 2025
Breaking News

ਲੇਖਕ ਮੰਚ (ਰਜਿ:) ਸਮਰਾਲਾ ਦੀ ਮਾਸਿਕ ਇਕੱਤਤਰਾ ਹੋਈ

ਸਮਰਾਲਾ, 17 ਮਈ (ਇੰਦਰਜੀਤ ਸਿੰਘ ਕੰਗ) – ਬੀਤੇ ਦਿਨੀਂ ਲੇਖਕ ਮੰਚ (ਰਜਿ.) ਸਮਰਾਲਾ ਦੀ ਮਹੀਨਾਵਾਰ ਇਕੱਤਰਤਾ ਕਿੰਡਰ ਗਾਰਟਨ ਸੀਨੀਅਰ ਸੈਕੰਡਰੀ ਸਕੂਲ ਖੰਨਾ ਰੋਡ ਸਮਰਾਲਾ ਵਿਖੇ ਹੋਈ।ਮੰਚ ਦੇ ਪ੍ਰਧਾਨ ਕਹਾਣੀਕਾਰ ਦਲਜੀਤ ਸਿੰਘ ਸ਼ਾਹੀ ਦੀ ਪ੍ਰਧਾਨਗੀ ਹੇਠ ਹੋਈ ਇਹ ਇਕੱਤਰਤਾ ਜਗਤ ਪ੍ਰਸਿੱਧ ਅਫਸਾਨਾ ਨਿਗਾਰ ਸਾਅਦਤ ਹਸਨ ਮੰਟੋ ਅਤੇ ਪ੍ਰਸਿੱਧ ਗੀਤਕਾਰ ਜਨਾਬ ਨੰਦ ਲਾਲ ਨੂਰਪੁਰੀ ਨੂੰ ਸਮਰਪਿਤ ਕੀਤੀ ਗਈ।ਪ੍ਰਿੰਸੀਪਲ (ਡਾ.) ਪਰਮਿੰਦਰ ਸਿੰਘ ਬੈਨੀਪਾਲ ਨੇ ਨੰਦ ਲਾਲ ਨੂਰਪੁਰੀ ਦੇ ਜਨਮ, ਪਰਿਵਾਰ, ਜੀਵਨ, ਫਿਲਮੀ ਅਤੇ ਸਾਹਿਤਕ ਗੀਤਕਾਰੀ ਬਾਰੇ ਵਿਸਥਾਰਿਤ ਜਾਣਕਾਰੀ ਦਿੱਤੀ।ਨੂਰਪੁਰੀ ਜੀ ਬਾਰੇ ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਮਾਸਟਰ ਤਰਲੋਚਨ ਸਿੰਘ, ਗੁਰਭਗਤ ਸਿੰਘ ਗਿੱਲ, ਜਵਾਲਾ ਸਿੰਘ ਥਿੰਦ, ਪਰਮਜੀਤ ਸਿੰਘ ਖੜਕ ਅਤੇ ਕਰਮਜੀਤ ਬਾਸੀ ਨੇ ਵਿਚਾਰ ਸਾਂਝੇ ਕੀਤੇ।
ਦਲਜੀਤ ਸਿੰਘ ਸ਼ਾਹੀ ਨੇ ਚਰਚਾ ਨੂੰ ਸਮੇਟਦਿਆਂ ਨੂਰਪੁਰੀ ਜੀ ਦੀਆਂ ਰਚਨਾਵਾਂ ‘ਏਥੋਂ ਉਡ ਜਾ ਭੋਲਿਆ ਪੰਛੀਆ’, ਅਤੇ ‘ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ,’ ਅਤੇ ਹੋਰ ਗੀਤਾਂ ਦੇ ਹਵਾਲਿਆਂ ਨਾਲ ਨੂਰਪੁਰੀ ਦੇ, ਪੰਜਾਬੀ ਸਾਹਿਤ ਨੂੰ ਦਿੱਤੇ ਸਾਹਿਤਕ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੇਖਕ ਮੰਚ ਨੇੜ ਭਵਿੱਖ ਵਿੱਚ ਨੂਰਪੁਰੀ ਬਾਰੇ ਇਕ ਸਾਹਿਤਕ ਸਮਾਗਮ ਜਾਂ ਵਿਸ਼ੇਸ਼ ਮੀਟਿੰਗ ਕਰਵਾਏਗਾ।
ਮਾਹੌਲ ਦੀ ਗੀਤਾਮਕਤਾ ਦਾ ਲਾਹਾ ਲੈਂਦਿਆਂ, ਭਾਵੁਕ ਗੀਤਕਾਰ ਅਤੇ ਗਾਇਕ ਪਰਮਿੰਦਰ ਸਿੰਘ ਸੇਖੋਂ ਨੇ ‘ਤੁਰ ਚਲੇ ਨੇ ਕਾਮੇ ਲੈ ਕੇ, ਆਸਾਂ ਘਰ ਨੂੰ ਜਾਣ ਦੀਆਂ’ ਅਤੇ ‘ਇਕ ਮਾਰ ਲਿਆ ਸਰਕਾਰਾਂ ਨੇ’ ਰਾਹੀਂ ਕਰੋਨਾ ਕਾਲ ਅਤੇ ਕਿਸਾਨੀ ਦਰਦ ਨੂੰ ਸਾਹਿਤਕ ਰੰਗ ਦਿੱਤਾ।ਇਸ ਉਪਰੰਤ ਦਲਜੀਤ ਸਿੰਘ ਸ਼ਾਹੀ ਨੇ ਸਆਦਤ ਹਸਨ ਮੰਟੋ ਬਾਰੇ ਲਿਖਿਆ ਪੇਪਰ ਪੜ੍ਹਿਆ।ਜਿਸ ‘ਤੇ ਗੁਰਭਗਤ ਸਿੰਘ ਗਿੱਲ, ਮਾਸਟਰ ਤਰਲੋਚਨ ਸਿੰਘ ਅਤੇ ਦੀਪ ਦਿਲਬਰ ਨੇ ਵਿਚਾਰ ਪੇਸ਼ ਕੀਤੇ ਅਤੇ ਇਹ ਫੈਸਲਾ ਵੀ ਕੀਤਾ ਗਿਆ ਕਿ ਭਵਿੱਖ ਵਿੱਚ ਜਲਦੀ ਹੀ ਸ਼ਹੀਦ ਸੁਖਦੇਵ ਅਤੇ ਸ਼ਹੀਦ ਬਾਬੂ ਸੰਤਾ ਸਿੰਘ ਹਰਿਉਂ ਕਲਾਂ ਬਾਬਤ ਸਮਾਗਮ ਕਰਵਾਇਆ ਜਾਵੇਗਾ।ਕਾਰਜਕਾਰਨੀ ਮੈਂਬਰ ਲਖਬੀਰ ਸਿੰਘ ਬਲਾਲਾ ਦੇ ਸੁਝਾਅ ਤੇ ਨੇੜ ਭਵਿੱਖ ਵਿੱਚ ਕਰਤਾਰਪੁਰ ਸਾਹਿਬ ਵਿਖੇ, ਦੋਹਾਂ ਪੰਜਾਬਾਂ ਦੇ ਸਿਰਜਕਾਂ ਦੇ ਮਿਲਣ ਦਾ ਸਬੱਬ ਬਣਾਉਣ ਦਾ ਫੈਸਲਾ ਕੀਤਾ ਗਿਆ।
ਰਚਨਾਵਾਂ ਦੇ ਦੌਰ ਵਿੱਚ ਅਵਤਾਰ ਸਿੰਘ ਉਟਾਲ ਨੇ ਵਿਅੰਗ ਗੀਤ, ‘ਜਨਮ ਬਹੱਤਰਾਂ ਦਾ’ ਪੇਸ਼ ਕੀਤਾ ਬਹਿਰਾਮਪੁਰ ਤੋਂ ਉਚੇਚੇ ਤੌਰ ’ਤੇ ਪਹੁੰਚੇ ਗ਼ਜ਼ਲਗੋ ਅਤੇ ਗੀਤਕਾਰ ਹਰਨਾਮ ਸਿੰਘ ਡੱਲਾ ਨੇ ਗ਼ਜ਼ਲ ‘ਫਸਲਾਂ ਪੱਕੀਆਂ ਪੱਕੀਆਂ ’ਤੇ ਕਿਸਨੂੰ ਚਾਅ ਨਹੀਂ ਹੁੰਦਾ’ ਸੁਣਾਈ ਤੇ ਭਰਪੂਰ ਦਾਦ ਖੱਟੀ। ਰਾਜਦੀਪ ਦਿੱਗਪਾਲ ਨੇ ਕਵਿਤਾ ‘ਅੱਖ ਦਾ ਬਰੂਦ’, ਨਾਇਬ ਸਿੰਘ ਬਘੌਰ ਨੇ ਮਿੰਨੀ ਕਹਾਣੀ ‘ਲਿੰਮੋਜ਼ਿਨ ਦੀ ਕਹਾਣੀ’, ਪਰਮਜੀਤ ਸਿੰਘ ਖੜਕ ਨੇ ਮਿੰਨੀ ਕਹਾਣੀ ‘ਧੰਨਵਾਦ, ਫਿਰ ਆਉਣਾ ਜੀ’ ਅਤੇ ਗੀਤ ‘ਮੇਰੇ ਹਾਲ ਦਾ ਮਹਿਰਮ ਤੂੰ ਸੱਜਣਾ’ ਤਰਨੰਮ ਵਿੱਚ ਪੇਸ਼ ਕੀਤਾ।ਅਖੀਰ ਵਿੱਚ ਗੀਤਕਾਰ ਦੀਪ ਦਿਲਬਰ ਨੇ ਮਾਂ ਦਿਵਸ ਨੂੰ ਸਮਰਪਿਤ ਗੀਤ ‘ਸਭ ਨਾਲੋਂ ਪਹਿਲਾਂ ਮਾਂ ਕਹਿਣਾ ਸਿੱਖਿਆ’ ਮਮਤਾਮਈ ਅੰਦਾਜ਼ ਵਿੱਚ ਪੇਸ਼ ਕਰਕੇ ਮਾਹੌਲ ਨੂੰ ਸੰਜ਼ੀਦਾ ਬਣਾਇਆ।ਪਰਮਿੰਦਰ ਸਿੰਘ ਸੇਖੋਂ ਨੇ ਬੁਲੰਦ ਆਵਾਜ਼ ਵਿੱਚ, ‘ਮੈਨੂੰ ਨੇਤਾ ਵਾਲੇ, ਵਾਅਦਿਆਂ ਦੇ ਵਾਂਗ ਨੀ’ ਪੇਸ਼ ਕੀਤਾ।
ਪੜ੍ਹੀਆਂ ਸੁਣਾਈਆਂ ਗਈਆਂ ਰਚਨਾਵਾਂ ਤੇ ਉਸਾਰੂ ਬਹਿਸ ਵਿੱਚ ਗੁਰਭਗਤ ਸਿੰਘ ਗਿੱਲ, ਡਾ. ਪਰਮਿੰਦਰ ਸਿੰਘ ਬੈਨੀਪਾਲ, ਦਲਜੀਤ ਸਿੰਘ ਸ਼ਾਹੀ, ਮਾਸਟਰ ਤਰਲੋਚਨ ਸਿੰਘ, ਦੀਪ ਦਿਲਬਰ, ਲਖਬੀਰ ਬਲਾਲਾ, ਜੁਆਲਾ ਸਿੰਘ ਥਿੰਦ, ਕਰਮਜੀਤ ਸਿੰਘ ਬਾਸੀ, ਪਰਮਜੀਤ ਸਿੰਘ ਖੜਕ ਅਤੇ ਹਰਨਾਮ ਸਿੰਘ ਡੱਲਾ ਨੇ ਹਿੱਸਾ ਲਿਆ।
ਅੰਤ ‘ਚ ਮੰਚ ਦੇ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਨੇ ਸ਼ਾਮਲ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਇਸ ਇਕੱਤਰਤਾ ਨੂੰ ਸਫਲ ਕਰਾਰ ਦਿੱਤਾ।

 

 

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …