
ਸੰਗਰੂਰ, 25 ਮਈ (ਜਗਸੀਰ ਲੌਂਗੋਵਾਲ) – ਜਿਲ੍ਹਾ ਪੁਲਿਸ ਸੰਗਰੂਰ ਦੇ ਕਰਮਚਾਰੀਆਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ, ਵਾਹਨਾਂ ਦੀ ਪਾਰਕਿੰਗ ਦੀ ਸਮੱਸਿਆ ਦੂਰ ਕਰਨ ਅਤੇ ਵਾਹਨਾਂ ਦੀ ਬਹੁਤਾਤ ਕਾਰਨ ਪੈਦਾ ਹੋ ਰਹੇ ਪ੍ਰਦੂਸ਼ਣ ਨੂੰ ਰੋਕਣ ਦੇ ਮੱਦੇਨਜ਼ਰ ਜਿਲ੍ਹਾ ਪੁਲਿਸ ਵਲੋ ਇੱਕ ਨਿਵੇਕਲੀ ਸ਼ੂਰੂਆਤ ਕੀਤੀ ਗਈ ਹੈ।ਜਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਹੈਡਕੁਆਰਟਰ ਵਿਖੇ ਵੱਖ-ਵੱਖ ਦਫ਼ਤਰਾਂ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਰੇਂਜਰ ਸਾਇਕਲ ਤਕਸੀਮ ਕੀਤੇ ਗਏ ਹਨ ਤਾਂ ਜੋ ਉਹ ਦਫ਼ਤਰ ਆਉਣ ਜਾਣ ਸਮੇਂ ਸਾਇਕਲ ਦੀ ਵਰਤੋਂ ਕਰਨ ਨੂੰ ਤਰਜ਼ੀਹ ਦੇਣ।
ਐਸ.ਐਸ.ਪੀ ਨੇ ਦੱਸਿਆ ਕਿ ਜਿਲ੍ਹਾ ਸੰਗਰੂਰ ਵਿਖੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਅਤੇ ਟ੍ਰੈਫਿਕ ਦੀ ਸਮੱਸਿਆ ਦਾ ਸਥਾਈ ਹੱਲ ਕਰਨ ਲਈ ਸ਼ਹਿਰੀ ਇਲਾਕੇ ਵਿੱਚ ਫੁੱਟ ਪੈਟਰੋਲਿੰਗ ਅਤੇ ਬੀਟ ਸਿਸਟਮ ਵਿੱਚ ਤਾਇਨਾਤ ਕਰਮਚਾਰੀਆਂ ਨੂੰ ਵੀ ਆਉਣ ਵਾਲੇ ਸਮੇਂ ‘ਚ ਸਾਇਕਲ ਤਕਸੀਮ ਕੀਤੇ ਜਾਣਗੇ ਤਾਂ ਜੋ ਉਹ ਭੀੜ ਭੜੱਕੇ ਵਾਲੇ ਇਲਾਕੇ ਵਿੱਚ ਸਾਇਕਲ ਰਾਹੀ ਗਸ਼ਤ ਕਰਕੇ ਵਧੇਰੇ ਚੌਕਸੀ ਨਾਲ ਨਿਗਰਾਨੀ ਕਰ ਸਕਣ।ਉਨ੍ਹਾਂ ਦੱਸਿਆ ਕਿ ਇਸ ਨਿਵੇਕਲੀ ਪਹਿਲ ਲਈ ਸੁਨੀਲ ਜੈਨ (ਬੀ.ਆਰ ਗਰੁੱਪ ਆਫ ਇੰਡਸਟਰੀਜ਼ ਸੁਨਾਮ) ਵਲੋਂ ਅਹਿਮ ਯੋਗਦਾਨ ਦਿੱਤਾ ਗਿਆ ਹੈ।
ਇਸ ਮੌਕੇ ਪਲਵਿੰਦਰ ਸਿੰਘ ਚੀਮਾ ਕਪਤਾਨ ਪੁਲਿਸ (ਇੰਨ), ਯੁਗੇਸ਼ ਕੁਮਾਰ ਕਪਤਾਨ ਪੁਲਿਸ ਧੂਰੀ-ਕਮ ਕਪਤਾਨ ਪੁਲਿਸ (ਸਥਾਨਕ) ਅਤੇ ਸੁਖਦੇਵ ਸਿੰਘ ਉਪ ਕਪਤਾਨ ਪੁਲਿਸ, ਟਰੈਫਿਕ ਸੰਗਰੂਰ ਅਤੇ ਦਫਤਰ ਸਟਾਫ ਵਲੋਂ ਪ੍ਰਿਤਪਾਲ ਸਿੰਘ ਹੈਡ ਕਲਰਕ ਮੌਜ਼ੂਦ ਸਨ।
Punjab Post Daily Online Newspaper & Print Media