78 ਕਰੋੜ ਰੁਪਏ ਦੀ ਲਾਗਤ ਨਾਲ ਧੁੱਸੀ ਬੰਨ ਨੂੰ 18 ਫੁੱਟ ਕੀਤਾ ਜਾਵੇਗਾ ਚੌੜਾ
ਅੰਮ੍ਰਿਤਸਰ, 29 ਮਈ (ਸੁਖਬੀਰ ਸਿੰਘ) -ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਪਿੰਡਾਂ ਦਾ ਵਿਕਾਸ ਕਰ ਰਹੀ ਹੈ, ਤਾਂ ਜੋ ਪਿੰਡਾਂ ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਹਲਕਾ ਅਜਨਾਲਾ ਦੀ ਗ੍ਰਾਮ ਪੰਚਾਇਤ ਗੁਰਾਲਾ ਵਿਖੇ ਪੰਜਾਬ ਦਾ ਇਕ ਨਿਵੇਕਲੇ ਕੂੜਾ ਪ੍ਰਬੰਧਨ ਪ੍ਰਾਜੈਕਟ ਦਾ ਉਦਘਾਟਨ ਕੀਤਾ ਜਿਸ ਵਿੱਚ ਆਜੀਵਿਕਾ ਮਿਸ਼ਨ ਪ੍ਰਾਜੈਕਟ ਦੀਆਂ ਸੈਲਫ ਹੈਲਪ ਗਰੁੱਪਾਂ ਦੀਆਂ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਹੈ।ਧਾਲੀਵਾਲ ਨੇ ਦੱਸਿਆ ਕਿ ਇਸ ਪ੍ਰਾਜੈਕਟ ’ਤੇ 11.50 ਲੱਖ ਰੁਪਏ ਖਰਚ ਆਏ ਹਨ ਅਤੇ ਵੱਖ-ਵੱਖ ਸਕੀਮਾਂ ਜਿਵੇਂ 15ਵਾਂ ਵਿੱਤ ਕਮਿਸ਼ਨ, ਮਗਨਰੇਗਾ ਅਤੇ ਪੀ.ਐਸ.ਆਰ.ਐਲ.ਐਮ ਦੇ ਸੈਲਫ ਹੈਲਪ ਗਰੁੱਪ ਦੀ ਕਨਵਰਜੈਂਸ ਕਰਕੇ ਇਹ ਪ੍ਰਾਜੈਕਟ ਬਣਾਇਆ ਗਿਆ ਹੈ।ਇਸ ਪ੍ਰਾਜੈਕਟ ਤਹਿਤ ਪਿੰਡ ਦੀਆਂ ਸੈਲਫ ਗਰੁੱਪਾਂ ਦੀਆਂ ਔਰਤ ਮੈਂਬਰਾਂ ਨੂੰ ਪਿੰਡ ਵਿੱਚ ਰੁਜ਼ਗਾਰ ਮਿਲੇਗਾ ।
ਧਾਲੀਵਾਲ ਵੱਲੋਂ ਪਿੰਡ ਵਾਸੀਆਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਇਕੱਠਾ ਕਰਨ ਲਈ ਡਸਟਬਿਨਾਂ ਦੀ ਵੰਡ ਵੀ ਕੀਤੀ।ਗਿੱਲੇ ਕੂੜੇ ਤੋਂ ਖਾਦ ਬਣਾ ਕੇ ਉਸ ਦੀ ਵਿਕਰੀ ਕੀਤੀ ਜਾਵੇਗੀ।ਜਿਸ ਨਾਲ ਗਰਾਮ ਪੰਚਾਇਤ ਦੀ ਆਮਦਨ ਵਿੱਚ ਵਾਧਾ ਵੀ ਹੋਵੇਗਾ।ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਪੂਰੇ ਪੰਜਾਬ ਦੇ ਪਿੰਡਾਂ ਵਿੱਚ ਲਾਗੂ ਕੀਤਾ ਜਾਵੇਗਾ ਤਾਂ ਜੋ ਕੂੜੇ ਤੋਂ ਨਿਜ਼ਾਤ ਪਾਈ ਜਾ ਸਕੇ।
ਧਾਲੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 78 ਕਰੋੜ ਰੁਪਏ ਦੀ ਲਾਗਤ ਨਾਲ ਘੋਨੇਵਾਲ ਤੋਂ ਗੁਲਾਰਗੜ੍ਹ ਤੱਕ 42 ਕਿਲੋਮੀਟਰ ਧੁੱਸੀ ਬੰਨ ਨੂੰ 18 ਫੁੱਟ ਚੌੜਾ ਕੀਤਾ ਜਾਵੇਗਾ ਅਤੇ ਇਸ ਕੰਮ ਲਈ ਟੈਂਡਰ ਵੀ ਲੱਗ ਚੁੱਕੇ ਹਨ।52 ਕਰੋੜ ਰੁਪਏ ਦੀ ਲਾਗਤ ਨਾਲ ਅਜਨਾਲਾ ਤੋਂ ਫਤਿਹਗੜ੍ਹ ਚੂੜੀਆਂ-ਰਮਦਾਸ ਸੜਕ ਮੁਕੰਮਲ ਕੀਤੀ ਜਾਵੇਗੀ।ਪੰਚਾਇਤ ਮੰਤਰੀ ਨੇ ਸਿਖਿਆ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਲੜਵਾਲ ਦੇ ਸਕੂਲ ਦੀ ਇਮਾਰਤ ਨੂੰ ਨਵੀਂ ਦਿੱਖ ਪ੍ਰਦਾਨ ਕਰਨ ਲਈ 1 ਕਰੋੜ ਰੁਪਏ ਖਰਚੇ ਜਾਣਗੇ ਅਤੇ ਇਸੇ ਤਰ੍ਹਾਂ ਹੀ ਤੇੜਾਂ ਰਾਜਪੂਤਾਂ ਅਤੇ ਡੱਲਾ ਰਾਜਪੂਤਾਂ ਦੇ ਸਰਕਾਰੀ ਸਕੂਲਾਂ ਦੀ ਇਮਾਰਤ ਦੀ ਮੁਰੰਮਤ ਲਈ 40-40 ਲੱਖ ਰੁਪਏ ਖਰਚੇ ਜਾਣਗੇ।ਧਾਲੀਵਾਲ ਨੇ ਪਿੰਡ ਗੁਰਾਲਾ ਵਿਖੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਇਕ ਪੌਦਾ ਵੀ ਲਗਾਇਆ ਗਿਆ।
ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਬਲਾਕ ਅਜਨਾਲਾ ਦੇ 70 ਪਿੰਡਾਂ ਵਿੱਚ ਲਿਕਡ ਵੇਸਟ ਮੈਨੇਜਮੈਂਟ ਦੇ ਪ੍ਰਾਜੈਕਟ ਚੱਲ ਰਹੇ ਹਨ ਜਿਸ ਨਾਲ ਥਾਪਰ ਮਾਡਲ ਪ੍ਰਾਜੈਕਟ ਬਣਾਏ ਜਾਣਗੇ ਤਾਂ ਜੋ ਪਿੰਡਾਂ ਦੇ ਪਾਣੀ ਨੂੰ ਸਾਫ ਕਰਕੇ ਵਰਤਿਆ ਜਾ ਸਕੇ।ਅਵਾਜ ਰੰਗ ਮੰਚ ਦੀ ਟੋਲੀ ਵੱਲੋਂ ਪਿੰਡ ਦੇ ਲੋਕਾਂ ਨੂੰ ਕੂੜੇ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਗਰੂਕ ਕਰਨ ਲਈ ਇਕ ਨੁੱਕੜ ਨਾਟਕ ਵੀ ਖੇਡਿਆ ਗਿਆ ਅਤੇ ਪਿੰਡ ਦੀ ਗਰਾਮ ਪੰਚਾਇਤ ਵੱਲੋਂ ਧਾਲੀਵਾਲ, ਡਿਪਟੀ ਕਮਿਸ਼ਨਰ ਅਤੇ ਹੋਰ ਪੰਤਵੰਤਿਆਂ ਨੂੰ ਸਨਮਾਨਤ ਕੀਤਾ ਗਿਆ।
ਇਸ ਦੌਰਾਨ ਐਸ.ਡੀ.ਐਮ ਅਜਨਾਲਾ ਅਰਵਿੰਦਰਪਾਲ ਸਿੰਘ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਮੈਡਮ ਨਵਦੀਪ ਕੌਰ, ਤਹਿਸੀਲਦਾਰ ਮੈਡਮ ਰੋਬਿਨਜੀਤ ਕੌਰ, ਬੀ.ਡੀ.ਪੀ.ਓ ਸੁਰਜੀਤ ਸਿੰਘ ਬਾਜਵਾ, ਸ੍ਰੀਮਤੀ ਮੀਸ਼ਾ ਵਰਮਾ ਜਿਲ੍ਹਾ ਇੰਚਾਰਜ਼ ਆਜੀਵਿਕਾ ਮਿਸ਼ਨ ਤੇ ਵੱਡੀ ਗਿਣਤੀ ‘ਚ ਪਿੰਡ ਵਾਸੀ ਹਾਜ਼ਰ ਸਨ।