Wednesday, February 25, 2026

ਗੁਰਮਤਿ ਸਿੱਖਿਆ ਸੈਂਟਰ ਵਿਖੇ ਵਿਦਿਆਰਥੀਆਂ ਦੁਆਰਾ ਉਰਦੂ ’ਚ ਅਨੁਵਾਦ ਕੀਤਾ ‘ਸਾਕਾ ਸਰਹਿੰਦ’ ਲੋਕ ਅਰਪਣ

ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਲੋਂ ਗੁਰਮਤਿ ਵਿੱਦਿਆ ਅਤੇ ਸਿੱਖ ਧਰਮ ਦੇ ਪ੍ਰਚਾਰ, ਪ੍ਰਸਾਰ ਲਈ ਖ਼ਾਲਸਾ ਕਾਲਜ ਕੈਂਪਸ ਵਿਖੇ ਸਥਾਪਿਤ ਗੁਰਮਤਿ ਸਟੱਡੀ ਸੈਂਟਰ ਵਿਖੇ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਅਤੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਪ੍ਰੋਗਰਾਮ ਦਾ ਅਗਾਜ਼ ਵਿਦਿਆਰਥੀਆਂ ਨੇ ਸ਼ਬਦ ਗਾਇਨ ਨਾਲ ਕੀਤਾ।
ਇਸ ਮੌਕੇ ਪਿ੍ਰੰ: ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਮਤਿ ਸਿੱਖਿਆ ਸੈਂਟਰ ਦੀ ਆਰੰਭਤਾ ਦਾ ਮੁੱਖ ਮਕਸਦ ਸਿੱਖ ਧਰਮ ਦੇ ਪ੍ਰਚਾਰ ਤੇ ਪਾਸਾਰ ਲਈ ਉਤਮ ਕਥਾਵਾਚਕ, ਪ੍ਰਚਾਰਕ ਤੇ ਕੀਰਤਨ ਦੀ ਸਿਖਲਾਈ ਦੇਣੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਇਥੇ 25 ਲੜਕੇ-ਲੜਕੀਆਂ ਜੋ +2 ਪਾਸ ਤੇ ਅੰਮਿ੍ਰਤਧਾਰੀ ਹਨ, ਨੂੰ 3 ਸਾਲ ਲਈ ਧਰਮ, ਵਿੱਦਿਆ ਦੇ ਨਾਲ ਬੀ. ਏ. ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਉਰਦੂ, ਫ਼ਾਰਸੀ, ਫਰੈਂਚ, ਕੰਪਿਊਟਰ, ਇੰਗਲਿਸ਼ ਸਪੀਕਿੰਗ ਦੀ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਵਿਦਿਆਰਥੀਆਂ ਇਨ੍ਹਾਂ ਭਾਸ਼ਾਵਾਂ ਦਾ ਗਿਆਨ ਹਾਸਲ ਕਰ ਕੇ ਵਿਦਿਆਰਥੀ ਆਪਣੇ ਧਰਮ ਸਬੰਧੀ ਦੇਸ਼ ਦੇ ਹਰੇਕ ਕੋਨੇ ’ਚ ਹੋਰਨਾਂ ਲੋਕਾਂ ਨੂੰ ਸੱਭਿਅਤਾ, ਵਿਰਸੇ ਅਤੇ ਸੁਨਿਹਰੇ ਇਤਿਹਾਸ ਬਾਰੇ ਜਾਣੂ ਕਰਵਾ ਸਕਣ। ਉਨ੍ਹਾਂ ਕਿਹਾ ਕਿ ਉਕਤ ਵਿੱਦਿਆ ਸਬੰਧੀ ਵਿਦਿਆਰਥੀਆਂ ਦਾ ਸਾਰਾ ਖਰਚਾ ਕੌਂਸਲ ਵੱਲੋਂ ਕੀਤਾ ਜਾਂਦਾ ਹੈ।
ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਨੂੰ ਨਿਮਰਤਾ ਅਤੇ ਸ਼ਹਿਨਸ਼ੀਲਤਾ ਦੇ ਧਾਰਨੀ ਬਣਨ ਲਈ ਪ੍ਰੇਰਿਤ ਕੀਤਾ।ਡਾ. ਗੋਗੋਆਣੀ ਨੇ ਵਿਦਿਆਰਥੀਆਂ ਨੂੰ ਧਰਮ ਦੇ ਪ੍ਰੱਪਕ ਧਾਰਨੀ ਬਣਨ ਬਾਰੇ ਚਾਨਣਾ ਪਾਉਂਦਿਆਂ ਬਾਣੀ ਕੰਠ ਕਰਨ ਲਈ ਕਿਹਾ।ਡਾ. ਗੋਗੋਆਣੀ ਨੇ ਕਿਹਾ ਕਿ ਗੁਰਮਤਿ ਸਿੱਖਿਆ ਸੈਂਟਰ ਵਿਖੇ ਸਿੱਖ ਇਤਿਹਾਸ ਖੋਜ਼ ਕੇਂਦਰ ਦੇ ਮੁਖੀ ਡਾ. ਹਰਦੇਵ ਸਿੰਘ ਉਰਦੂ ਫਾਰਸੀ ਦੀ ਸਿਖਲਾਈ ਦੇ ਰਹੇ ਹਨ।ਸੈਂਟਰ ਦੇ ਦੋ ਵਿਦਿਆਰਥੀ ਹਰਪਾਲ ਸਿੰਘ ਤੇ ਲਵਪ੍ਰੀਤ ਸਿੰਘ ਬੈਂਕਾ ਨੇ ਬਾਕੀ ਵਿਦਿਆਰਥੀਆਂ ਵਾਂਗ ਇਕ ਸਾਲ ’ਚ ਉਰਦੂ ਦੀ ਚੰਗੀ ਮੁਹਾਰਤ ਹਾਸਲ ਕਰਕੇ ਛੋਟੇ ਸਾਹਿਬਜ਼ਾਦਿਆਂ ਦੇ ਸਾਕੇ ਦਾ ਉਰਦੂ ’ਚ ਅਨੁਵਾਦ ਕੀਤਾ ਹੈ।
ਛੋਟੇ ਸਾਹਿਬਜ਼ਾਦਿਆਂ ਦੇ ‘ਸ਼ਾਨਦਾਰ ਮੁਖ਼ਤਸਰ ਤਾਰੀਫ਼-ਸਾਕਾ ਸਰਹਿੰਦ’ ਸਿਰਲੇਖ ਹੇਠ 36 ਪੰਨਿਆਂ ਦੇ ਉਰਦੂ ’ਚ ਅਨੁਵਾਦ ਕੀਤੇ ਟਰੈਕਟ ਨੂੰ ਲੋਕ ਅਰਪਿਤ ਕਰਨ ਮੌਕੇ ਕਿਹਾ ਕਿ ਇਹ ਟਰੈਕਟ ਪਹਿਲਾਂ ਭਾਈ ਦਿਲਬਾਗ ਸਿੰਘ ਵਲੋਂ ਪੰਜਾਬੀ ’ਚ ਸਚਿੱਤਰ ਰੂਪ ’ਚ ਸ੍ਰੀ ਸਹਿਜ ਪਾਠ ਸੇਵਾ ਸੁਸਾਇਟੀ ਨੇ ਪ੍ਰਕਾਸ਼ਿਤ ਕੀਤਾ ਸੀ।ਹੁਣ ਇਹ ਉਰਦੂ ’ਚ ਕਾਲਜ ਵਿਖੇ ਲੋਕ ਅਰਪਣ ਕੀਤਾ ਗਿਆ।
ਇਸ ਮੌਕੇ ਡਾ. ਸੁਖਪਾਲ ਸਿੰਘ, ਡਾ. ਜਸਵਿੰਦਰ ਕੌਰ, ਅਮਰਜੀਤ ਸਿੰਘ ਰੰਧਾਵਾ, ਹਰਪਾਲ ਸਿੰਘ ਤੇ ਲਵਪ੍ਰੀਤ ਸਿੰਘ ਤੋਂ ਇਲਾਵਾ ਸਿੱਖਿਆ ਸੈਂਟਰ ਦੇ ਵਿਦਿਆਰਥੀ ਹਾਜ਼ਰ ਹਨ।

 

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …