ਹੁਸ਼ਿਆਰ ਵਿਦਿਆਰਥੀਆਂ ਨੂੰ ਮਾਣ ਦੇਣ ਵਾਲਾ ਪੰਜਾਬ ਦਾ ਪਲੇਠਾ ਹਲਕਾ ਬਣਿਆ ਜੰਡਿਆਲਾ ਗੁਰੂ
ਅੰਮ੍ਰਿਤਸਰ, 31 ਮਈ (ਸੁਖਬੀਰ ਸਿੰਘ) – ਜੰਡਿਆਲਾ ਗੁਰੂ ਵਿਧਾਨ ਸਭਾ ਹਲਕੇ ਦੇ ਉਹ ਬੱਚੇ, ਜਿੰਨਾਂ ਨੇ ਹਾਲ ਹੀ ਵਿੱਚ ਆਏ ਵੱਖ-ਵੱਖ ਬੋਰਡਾਂ ਦੇ ਦੱਸਵੀਂ ਅਤੇ
ਬਾਰਵੀਂ ਦੀ ਪ੍ਰੀਖਿਆ ਦੇ ਨਤੀਜਿਆਂ ਵਿਚੋਂ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਉਨਾਂ ਦਾ ਵਿਸ਼ੇਸ਼ ਸਨਮਾਨ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਕੀਤਾ ਗਿਆ।ਪ੍ਰੋਗਰਾਮ ਵਿੱਚ ਸ਼ਾਮਿਲ ਹੋਏ 40 ਤੋਂ ਵੱਧ ਸਕੂਲਾਂ ਦੇ ਕਰੀਬ 250 ਬੱਚਿਆਂ ਤੇ ਉਨਾਂ ਦੇ ਮਾਪਿਆਂ ਨੂੰ ਸੰਬੋਧਨ ਕਰਦੇ ਹਰਭਜਨ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਦੀ ਪਹਿਲੀ ਤਰਜ਼ੀਹ ਸਿੱਖਿਆ ਦੇ ਪੱਧਰ ਨੂੰ ਉਚਾ ਚੁੱਕਣਾ ਹੈ।ਉਨਾਂ ਪਿੱਛਲੇ ਸਾਲ ਦੇ ਨਤੀਜੇ ਯਾਦ ਕਰਦੇ ਕਿਹਾ ਕਿ ਜਦੋਂ ਪਿਛਲੇ ਸਾਲ ਸਰਕਾਰ ਬਣੀ ਤਾਂ ਮੈਂ ਉਸ ਵਕਤ ਦੇ ਜਿਲ੍ਹਾ ਸਿੱਖਿਆ ਅਧਿਕਾਰੀ ਕੋਲੋਂ ਜੰਡਿਆਲਾ ਗੁਰੂ ਹਲਕੇ ਦੇ 90 ਫੀਸਦੀ ਤੋਂ ਵੱਧ ਅੰਕ ਲੈਣ ਵਾਲੇ ਬੱਚਿਆਂ ਦੇ ਨਾਮ ਮੰਗੇ ਤਾਂ ਪਤਾ ਲੱਗਾ ਕਿ ਅਜਿਹਾ ਇਕ ਵੀ ਬੱਚਾ ਨਹੀਂ ਹੈ।ਉਨਾਂ ਕਿਹਾ ਕਿ ਮੈਂ ਇਸ ਕਮਜ਼ੋਰੀ ਨੂੰ ਦੂਰ ਕਰਨ ਲਈ ਆਪਣੇ ਹਲਕੇ ਦੇ ਹਰੇਕ ਸਕੂਲ ਦਾ ਦੌਰਾ ਕੀਤਾ, ਬੱਚਿਆਂ ਨੂੰ ਉਤਸ਼ਾਹਿਤ ਕੀਤਾ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਕੇ ਸਕੂਲਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ, ਜਿਸ ਦਾ ਸਿੱਟਾ ਹੈ ਕਿ ਅੱਜ ਸਾਡੇ ਹਲਕੇ ਦੇ ਕਰੀਬ 250 ਤੋਂ ਵੱਧ ਬੱਚਿਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਦੀ ਇਸ ਨਿਵੇਕਲੀ ਸ਼ੁਰੂਆਤ ਨਾਲ ਹੁਸ਼ਿਆਰ ਬੱਚਿਆਂ ਦਾ ਇੰਨਾ ਵੱਡਾ ਸਨਮਾਨ ਸਮਾਰੋਹ ਕਰਨ ਵਾਲਾ ਜੰਡਿਆਲਾ ਗੁਰੂ ਹਲਕਾ ਰਾਜ ਦਾ ਪਹਿਲਾ ਹਲਕਾ ਬਣ ਗਿਆ ਹੈ।
ਸਮਾਗਮ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਦਿਲ ਲਗਾ ਕੇ ਪੜਨ ਤੇ ਆਪਣਾ ਭਵਿੱਖ ਚੁਣਨ।ਉਨਾਂ ਕਿਹਾ ਕਿ ਅਨੁਸਾਸ਼ਨ, ਮਿਹਨਤ, ਇਮਾਨਦਾਰੀ ਤੇ ਜਨੂੰਨ ਅੱਗੇ ਕੋਈ ਮੰਜਿਲ ਔਖੀ ਨਹੀਂ।ਜਿਲ੍ਹਾ ਪੁਲਿਸ ਅਧਿਕਾਰੀ ਸਤਿੰਦਰ ਸਿੰਘ ਨੇ ਬੱਚਿਆਂ ਨੂੰ ਮੁਬਾਰਕ ਦਿੰਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਨੌਜਵਾਨ ਅਧਿਕਾਰੀ ਐਸ.ਡੀ.ਐਮ ਸਿਮਰਦੀਪ ਸਿੰਘ ਆਈ.ਏ.ਐਸ ਨੇ ਵੀ ਬੱਚਿਆਂ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ।ਪ੍ਰਿੰਸੀਪਲ ਸੁਰੇਸ਼ ਕੁਮਾਰ, ਨਰੇਸ਼ ਪਾਠਕ, ਸੂਬੇਦਾਰ ਛਨਾਕ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਾਤਾ ਸੁਰਿੰਦਰ ਕੌਰ, ਸ੍ਰੀਮਤੀ ਸੁਹਿੰਦਰ ਕੌਰ, ਪੁਲਿਸ ਅਧਿਕਾਰੀ. ਸੁੱਚਾ ਸਿੰਘ ਡੀ.ਐਸ.ਪੀ ਕੁਲਦੀਪ ਸਿੰਘ, ਡੀ.ਈ.ਓ ਸੁਸ਼ੀਲ ਤੁਲੀ, ਡੀ.ਈ.ਓ ਰਾਜੇਸ਼, ਪ੍ਰਿੰਸੀਪਲ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਬੰਡਾਲਾ ਦੀਪ ਇੰਦਰਪਾਲ ਸਿੰਘ, ਜਸਬੀਰ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media