ਮੀਟਿੰਗ ਵਿਚ ਹਾਜ਼ਰ ਨਾ ਹੋਣ ਵਾਲੀਆਂ ਬੈਂਕਾਂ ਦੇ ਜ਼ਿਲ੍ਹਾ ਮੁਖੀਆਂ ਖਿਲਾਫ਼ ਹੋਵੇਗੀ ਵਿਭਾਗੀ ਕਾਰਵਾਈ

ਜਲੰਧਰ, 20 ਦਸੰਬਰ (ਪਵਨਦੀਫ ਸਿੰਘ ਭੰਡਾਲ/ਪਰਮਿੰਦਰ ਸਿੰਘ ਧਾਰੀਵਾਲ) – ਜ਼ਿਲ੍ਹੇ ਦੀਆਂ ਬੈਂਕਾਂ ਨੇ ਪਿਛਲੇ 6 ਮਹੀਨਿਆਂ ਵਿਚ ਇਕ ਸਾਲ ਦੇ ਮਿੱਥੇ ਗਏ 4838.50 ਕਰੋੜ ਕਰਜ਼ੇ ਦੇਣ ਦੇ ਟੀਚਿਆਂ ਦੇ ਮੁਕਾਬਲੇ 3737 ਕਰੋੜ ਰੁਪਏ ਦੇ ਕਰਜ਼ੇ ਦੇ ਕੇ 77.23 ਫੀਸਦੀ ਟੀਚਿਆਂ ਨੂੰ ਪੂਰਾ ਕੀਤਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਬੈਂਕਾਂ ਦੀ ਜ਼ਿਲ੍ਹਾ ਸਲਾਹਕਾਰ ਅਤੇ ਰਿਵੀਊ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਖੇਤਰ ਵਿਚ 2119.64 ਕਰੋੜ ਦੇ ਕਰਜ਼ੇ ਦੇ ਕੇ 81 ਫੀਸਦੀ ਟੀਚਾ ਪੂਰਾ ਕੀਤਾ ਜਦਕਿ ਗੈਰ-ਖੇਤੀਬਾੜੀ ਖੇਤਰ ਵਿਚ 545 ਕਰੋੜ ਦੇ ਕਰਜ਼ੇ ਦੇ ਕੇ 62 ਫੀਸਦੀ ਟੀਚਾ ਪੂਰਾ ਕੀਤਾ ਗਿਆ ਹੈ। ਇਸੇ ਤਰ੍ਹਾਂ ਹੋਰ ਤਰਜੀਹੀ ਖੇਤਰਾਂ ਲਈ 419 ਕਰੋੜ ਦੇ ਕਰਜ਼ੇ ਦੇ ਕੇ 42.69 ਫੀਸਦੀ ਟੀਚਾ ਪੂਰਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁਲ ਤਰਜੀਹੀ ਖੇਤਰ ਲਈ 3083 ਕਰੋੜ (68 ਫੀਸਦੀ) ਅਤੇ ਗੈਰ ਤਰਜੀਹੀ ਖੇਤਰ ਲਈ 653 ਕਰੋੜ ਦੇ ਕਰਜ਼ੇ ਦੇ ਕੇ 282 ਫੀਸਦੀ ਦਾ ਟੀਚਾ ਪੂਰਾ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੈਂਕ ਸਪਾਂਸਰਡ ਸਕੀਮਾਂ ਲਈ ਦਿੱਤੇ ਜਾਣ ਵਾਲੇ ਕਰਜ਼ਿਆਂ ਦੇ ਕਿੱਤਿਆਂ ਸਬੰਧੀ ਰੂਡਸੈਟ ਸੰਸਥਾ ਪੂਰੇ ਜ਼ਿਲ੍ਹੇ ਵਿਚ ਇਕ ਨੋਡਲ ਟ੍ਰੇਨਿੰਗ ਏਜੰਸੀ ਦੇ ਤੌਰ ‘ਤੇ ਕੰਮ ਕਰੇਗੀ ਅਤੇ ਨੌਜਵਾਨਾਂ ਨੂੰ ਵੱਖ-ਵੱਖ ਸਕੀਮਾਂ ਲਈ ਕਰਜ਼ੇ ਪ੍ਰਾਪਤ ਕਰਨ ਲਈ ਦਿੱਤੀ ਜਾਣ ਵਾਲੀ ਟ੍ਰੇਨਿੰਗ ਬਿਲਕੁਲ ਮੁਫ਼ਤ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰੂਡਸੈਟ ਸੰਸਥਾ ਵੱਲੋਂ ਜ਼ਿਲ੍ਹੇ ਵਿਚ 211 ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕਰਕੇ ਕਰੀਬ 6000 ਨੌਜਵਾਨਾਂ ਨੂੰ ਟ੍ਰੇਨਿੰਗ ਦੇ ਕੇ 3621 ਨੌਜਵਾਨਾਂ ਨੂੰ ਬੈਂਕਾਂ ਰਾਹੀਂ ਕਰਜ਼ੇ ਦੇ ਕੇ ਆਪਣੇ ਪੈਰਾਂ ‘ਤੇ ਖੜ੍ਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੈਂਕਾਂ ਲੱਖਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਕਰਜ਼ਿਆਂ ਰਾਹੀਂ ਉਨ੍ਹਾਂ ਦੇ ਕਾਰੋਬਾਰ ਸ਼ੁਰੂ ਕਰਵਾਕੇ ਉਨ੍ਹਾਂ ਦੀ ਜ਼ਿੰਦਗੀ ਸਵਾਰਨ ਦਾ ਕੰਮ ਕਰ ਸਕਦੀਆਂ ਹਨ ਅਤੇ ਬੈਂਕਾਂ ਨੂੰ ਇਸ ਪਰਉਪਕਾਰੀ ਕੰਮ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਅਤੇ ਇਸ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਡੇਅਰੀ ਅਤੇ ਹੋਰ ਸਹਾਇਕ ਧੰਦਿਆਂ ਸਬੰਧੀ ਬੈਂਕਾਂ ਵੱਲੋਂ ਮਿੱਥੇ ਟੀਚਿਆਂ ਨੂੰ ਨਿਰਧਾਰਤ ਸਮੇਂ ਵਿਚ ਪੂਰਾ ਕਰਨਾ ਚਾਹੀਦਾ ਹੈ ਕਿਉਂਕਿ ਇਹ ਟੀਚੇ ਬੈਂਕਾਂ ਵੱਲੋਂ ਖੁਦ ਹੀ ਨਿਰਧਾਰਤ ਕੀਤੇ ਗਏ ਹੁੰਦੇ ਹਨ ਅਤੇ ਇਨ੍ਹਾਂ ਵਿਚ ਢਿੱਲ-ਮੱਠ ਨਹੀਂ ਵਰਤਣੀ ਚਾਹੀਦੀ। ਉਨ੍ਹਾਂ ਇਹ ਵੀ ਕਿਹਾ ਕਿ ਡੀ ਆਰ ਆਈ ਸਕੀਮ ਅਧੀਨ ਜ਼ਿਲ੍ਹੇ ਦੇ ਅਤਿ ਗਰੀਬ ਵਿਅਕਤੀਆਂ ਨੂੰ ਕਰੀਬ 4500 ਲਾਭਪਾਤਰੀਆਂ ਨੂੰ 15 ਤੋਂ 25 ਹਜ਼ਾਰ ਰੁਪਏ ਦੇ ਕਰਜ਼ੇ ਦੇ ਕੇ ਉਨ੍ਹਾਂ ਦੇ ਛੋਟੇ-ਮੋਟੇ ਕਾਰੋਬਾਰ ਸ਼ੁਰੂ ਕਰਵਾਉਣ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਇਕ ਸਾਲ ਵਿਚ ਹਰ ਬੈਂਕ ਦੇ ਹਿੱਸੇ ਸਿਰਫ 6 ਲਾਭਪਾਤਰੀ ਹੀ ਆਉਂਦੇ ਹਨ ਜਿਸ ਨੂੰ ਪੂਰਾ ਕੀਤਾ ਜਾਣਾ ਜ਼ਰੂਰੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਬੈਂਕਾਂ ਲੋਕਾਂ ਦੀ ਵਿੱਤੀ ਜਾਗਰੂਕਤਾ ਲਈ ਘੱਟੋ-ਘੱਟ ਇਕ ਕੈਂਪ ਆਪਣੇ ਖੇਤਰ ਵਿਚ ਜ਼ਰੂਰ ਲਗਾਉਣ ਤਾਂ ਜੋ ਲੋਕਾਂ ਨੂੰ ਲੰਬੇ ਅਤੇ ਛੋਟੇ ਸਮੇਂ ਦੇ ਕਰਜ਼ਿਆਂ ਸਬੰਧੀ ਜਾਣਕਾਰੀ ਪ੍ਰਾਪਤ ਹੋ ਸਕੇ। ਅਕਸਰ ਵੇਖਣ ਵਿਚ ਆਇਆ ਹੈ ਕਿ ਲੋਕ ਘੱਟ ਸਮੇਂ ਦੇ ਕਰਜ਼ੇ ਪ੍ਰਾਪਤ ਕਰਕੇ ਉਹ ਕਰਜ਼ੇ ਹੀ ਵਿਆਹਾਂ-ਸ਼ਾਦੀਆਂ ਅਤੇ ਪ੍ਰੋਗਰਾਮਾਂ ‘ਤੇ ਹੀ ਖ਼ਰਚ ਕਰ ਰਹੇ ਹਨ। ਉਨ੍ਹਾਂ ਬੈਂਕਾਂ ਅਤੇ ਏ ਟੀ ਐਮਜ਼ ਦੀ ਸੁਰੱਖਿਆ ਦੇ ਪ੍ਰਬੰਧਾਂ ਸਬੰਧੀ ਜਾਣਕਾਰੀ ਭੇਜਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਇਸ ਮੀਟਿੰਗ ਵਿਚ ਜਿਹੜੇ ਬੈਂਕਾਂ ਦੇ ਮੁਖੀ ਸ਼ਾਮਿਲ ਨਹੀਂ ਹੁੰਦੇ ਉਨ੍ਹਾਂ ਦੀ ਕਾਰਗੁਜ਼ਾਰੀ ਵਾਚਣ ਤੋਂ ਅਧੂਰੀ ਰਹਿ ਜਾਂਦੀ ਹੈ, ਇਸ ਲਈ ਉਨ੍ਹਾਂ ਬੈਂਕ ਮੁਖੀਆਂ ਦੇ ਖਿਲਾਫ਼ ਉਨ੍ਹਾਂ ਦੇ ਵਿਭਾਗ ਮੁਖੀਆਂ ਨੂੰ ਲਿਖਿਆ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਕੁਮਾਰ ਅਮਿਤ, ਯੂਕੋ ਬੈਂਕ ਦੇ ਡੀ ਜੀ ਐਮ ਸ੍ਰੀ ਰਸ਼ਪਾਲ ਸਿੰਘ, ਆਰ ਬੀ ਆਈ ਦੇ ਸ੍ਰੀਮਤੀ ਏ. ਜੀ. ਐਮ ਸ੍ਰੀਮਤੀ ਸੁਮਿੱਤਰਾ ਸੋਢੀ, ਨਾਬਾਰਡ ਦੇ ਡੀ. ਡੀ. ਐਮ ਸ੍ਰੀ ਨਰੇਸ਼ ਦੱਤਾ, ਯੂਕੋ ਬੈਂਕ ਦੇ ਏ. ਜੀ. ਐਮ ਸ੍ਰੀ ਐਸ. ਐਮ ਮੁਖਉਪਾਧਿਆਏ, ਜ਼ਿਲ੍ਹਾ ਲੀਡ ਬੈਂਕ ਮੈਨੇਜਰ ਸ੍ਰੀ ਬਲਵਾਨ ਸਿੰਘ, ਵੱਖ-ਵੱਖ ਬੈਂਕਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਅਤੇ ਲਾਭਪਾਤਰੀ ਸਕੀਮਾਂ ਨਾਲ ਸਬੰਧਤ ਵਿਭਾਗਾਂ ਦੇ ਜ਼ਿਲ੍ਹਾ ਮੁਖੀ ਹਾਜ਼ਰ ਸਨ।
Punjab Post Daily Online Newspaper & Print Media