Wednesday, June 18, 2025
Breaking News

ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਮਨਾਇਆ ਗਿਆ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੋਜ ਨਿਰਦੇਸ਼ਕ ਪ੍ਰੋ. ਰੇਣੂ ਭਾਰਦਵਾਜ ਨੇ ਜੈਵ ਵਿਭਿੰਨਤਾ ਦੀ ਮਹੱਤਤਾ, ਇਸ ਦੇ ਵਿਨਾਸ਼ ਦੇ ਖ਼ਤਰੇ ਵਾਲੇ ਨਤੀਜਿਆਂ ਅਤੇ ਵਾਤਾਵਰਣ ਦੀ ਬਹਾਲੀ ‘ਤੇ ਜੋਰ ਦੇਂਦਿਆਂ ਕਿਹਾ ਕਿ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਨੂੰ ਹੇਠਲੇ ਪੱਧਰ ਤੱਕ ਮਨਾਇਆ ਜਾਣਾ ਚਾਹੀਦਾ ਹੈ।ਉਹ ਅੱਜ ਬੋਟੈਨੀਕਲ ਐਂਡ ਇਨਵਾਇਰਮੈਂਟਲ ਸਾਇੰਸਜ਼ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਪੰਜਾਬ ਜੈਵਿਕ ਵਿਭਿੰਨਤਾ ਬੋਰਡ ਦੇ ਸਹਿਯੋਗ ਨਾਲ ਕਰਵਾਏ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਤੇ ਸੰਬੋਧਨ ਕਰ ਰਹੇ ਸਨ।
ਇਸ ਸਮਾਗਮ ਨੂੰ ਰਾਸ਼ਟਰੀ ਜੈਵ ਵਿਭਿੰਨਤਾ ਅਥਾਰਟੀ ਭਾਰਤ ਸਰਕਾਰ ਵੱਲੋਂ ਵੀ ਸਹਿਯੋਗ ਦਿੱਤਾ ਗਿਆ।ਸਮਾਗਮ ਦੇ ਉਦਘਾਟਨੀ ਸੈਸ਼ਨ ਦੋਰਾਨ ਪ੍ਰੋ: ਰੇਣੂ ਭਾਰਦਵਾਜ ਨੇ ਕਿਹਾ ਕਿ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੀ ਦੂਰਦ੍ਰਿਸ਼ਟੀ ਸਦਕਾ ਯੂਨੀਵਰਸਿਟੀ ਵੱਲੋਂ ਉਚੇਰੀ ਸਿੱਖਿਆ ਦੇ ਖੇਤਰ ਦੇ ਨਾਲ-ਨਾਲ ਵਾਤਾਵਰਨ ਪ੍ਰਤੀ ਵੀ ਆਪਣੀ ਜਿਮੇਵਾਰੀ ਨੂੰ ਭਲੀ-ਭਾਂਤ ਸਮਝਦਿਆ ਕਈ ਅਜਿਹੇ ਉਪਰਾਲੇ ਕੀਤੇ ਗਏ ਹਨ ਜਿਸ ਨਾਲ ਯੂਨੀਵਰਸਿਟੀ ਦਾ ਕੱਦ ਉਚੇਰੀ ਸਿੱਖਿਆ ਦੇ ਖੇਤਰ ਵਿਚ ਬਹੁਤ ਵੱਡਾ ਹੋ ਗਿਆ ਹੈ।ਇਸ ਤੋਂ ਪਹਿਲਾਂ ਪ੍ਰੋ: ਜਤਿੰਦਰ ਕੌਰ ਮੁਖੀ ਬੋਟੈਨੀਕਲ ਐਂਡ ਇਨਵਾਇਰਮੈਂਟਲ ਸਾਇੰਸਜ਼ ਵਿਭਾਗ ਨੇ ਆਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਸੁਆਗਤ ਕਰਦਿਆਂ ਜੈਵ ਵਿਭਿੰਨਤਾ ਦੀ ਸੰਭਾਲ ਲਈ ਟਿਕਾਊ ਰਣਨੀਤੀਆਂ ਅਪਣਾਉਣ ‘ਤੇ ਜ਼ੋਰ ਦੇਂਦਿਆਂ ਕਿਹਾ ਕਿ ਮਨੁੱਖੀ ਜੀਵਨ ਨੂੰ ਸਹਾਰਾ ਦੇਣ ਲਈ ਭਰਪੂਰ ਜੈਵ ਵਿਭਿੰਨਤਾ ਵਾਲਾ ਵਾਤਾਵਰਣ ਜ਼ਰੂਰੀ ਹੈ।ਸਮਾਗਮ ਦੀ ਕੋਆਰਡੀਨੇਟਰ ਡਾ. ਨੀਤਿਕਾ ਕਪੂਰ ਵੱਲੋਂ ਜੈਵਿਕ ਵਿਭਿੰਨਤਾ ਲਈ ਅੰਤਰਰਾਸ਼ਟਰੀ ਦਿਵਸ 2023 “ਸਮਝੌਤੇ ਤੋਂ ਐਕਸ਼ਨ: ਬਿਲਡ ਬੈਕ ਜੈਵ ਵਿਭਿੰਨਤਾ” ਦੇ ਥੀਮ ਬਾਰੇ ਵਿਸਥਾਰ ਪੂਰਵਕ ਦਸਦਿਆਂ ਉਹਨਾਂ ਨੇ ਵਚਨਬੱਧਤਾਵਾਂ ਤੋਂ ਅੱਗੇ ਵਧ ਕੇ ਅਤੇ ਜੈਵ ਵਿਭਿੰਨਤਾ ਨੂੰ ਮੁੜ ਬਹਾਲ ਕਰਨ ਲਈ ਜੈਵ ਵਿਭਿੰਨਤਾ ਦੀ ਸੰਭਾਲ ਦੀ ਤੁਰੰਤ ਲੋੜ ਨੂੰ ਸਮਝਣ ਵੱਲ ਇਸ਼ਾਰਾ ਕੀਤਾ ।
ਉਦਘਾਟਨੀ ਸੈਸ਼ਨ ਤੋਂ ਬਾਅਦ ਅਗਲੇ ਸੈਸ਼ਨ ਦੀ ਸ਼ੁਰੂਆਤ ਕਰਦਿਆਂ ਪ੍ਰੋ: ਅਵਿਨਾਸ਼ ਨਾਗਪਾਲ ਅਤੇ ਪ੍ਰੋ: ਸਤਵਿੰਦਰਜੀਤ ਕੌਰ ਬੋਟੈਨੀਕਲ ਐਂਡ ਇਨਵਾਇਰਮੈਂਟਲ ਸਾਇੰਸਜ਼ ਵਿਭਾਗ ਨੇ ਕਿਹਾ ਕਿ ਜੈਵ ਵਿੰਭਿਨਤਾ ਪ੍ਰਤੀ ਅਣਗਹਿਲੀ ਦਾ ਖਮਿਆਜ਼ਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਨਾ ਪਵੇਗਾ।ਕੁਦਰਤੀ ਸਰੋਤਾਂ ਨਾਲ ਨਿੱਜੀ ਸੁਆਰਥਾਂ ਲਈ ਹੋ ਰਹੀ ਛੇੜ-ਛਾੜ ਕੁਦਰਤ ਦੇ ਸੰਤੁਲਨ ਨੂੰ ਵਿਗਾੜ ਦੇਵੇਗੀ।ਪ੍ਰੋ: ਅਵਿਨਾਸ਼ ਨਾਗਪਾਲ ਨੇ ਬੋਟੈਨੀਕਲ ਐਂਡ ਇਨਵਾਇਰਮੈਂਟਲ ਸਾਇੰਸਜ਼ ਵਿਭਾਗ ਜੀ.ਐਨ.ਡੀ.ਯੂ ਅੰਮ੍ਰਿਤਸਰ ਵਿਖੇ ਖੋਜਕਰਤਾਵਾਂ ਦੀ ਟੀਮ ਦੁਆਰਾ ਵਿਕਸਤ ਕੀਤੇ ਗਏ ਪੌਦਿਆਂ ਦੇ ਇਲੈਕਟ੍ਰਾਨਿਕ ਡੇਟਾਬੇਸ ਬਾਰੇ ਜਾਗਰੂਕ ਕੀਤਾ।ਉਹਨਾਂ ਨੇ ਡਾਟਾ ਬੇਸ ਨੂੰ ਰੁੱਖਾਂ ਅਤੇ ਝਾੜੀਆਂ ਦਾ ਇਲੈਕਟ੍ਰਾਨਿਕ ਡੇਟਾਬੇਸ, ਜੜੀ ਬੂਟੀਆਂ ਦਾ ਇਲੈਕਟ੍ਰਾਨਿਕ ਡੇਟਾਬੇਸ ਅਤੇ ਇਲੈਕਟ੍ਰਾਨਿਕ ਯੂਨੀਵਰਸਿਟੀ ਹਰਬੇਰੀਅਮ ਵੱਚ ਵੰਡਦਿਆਂ ਦੱਸਿਆ ਕਿ ਇਹ ਡਾਟਾਬੇਸ ਜੈਵ ਵਿਭਿੰਨਤਾ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਣ ਵਿਚ ਸਹਾਈ ਹੋਵੇਗਾ।ਪ੍ਰੋ. ਸਤਵਿੰਦਰਜੀਤ ਕੌਰ ਨੇ ਚਿਕਿਤਸਕ ਪੌਦਿਆਂ ਦੇ ਵਿਸ਼ੇਸ਼ ਸੰਦਰਭ ਵਿੱਚ ਲੁਪਤ ਹੋ ਰਹੀਆਂ ਪੌਦਿਆਂ ਦੀਆਂ ਕਿਸਮਾਂ ਦੀ ਸੰਭਾਲ ਲਈ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ।ਮਾਹਿਰਾਂ ਦੇ ਲੈਕਚਰ ਤੋਂ ਬਾਅਦ ਵਿਦਿਆਰਥੀਆਂ ‘ਚ ਸਲੋਗਨ ਰਾਈਟਿੰਗ ਅਤੇ ਪੋਟਡ ਪਲਾਂਟ ਮੁਕਾਬਲੇ ਬੋਟੈਨੀਕਲ ਐਂਡ ਇਨਵਾਇਰਮੈਂਟਲ ਸਾਇੰਸਜ਼ ਵਿਭਾਗ ਦੇ ਡਾ: ਆਸਥਾ ਭਾਟੀਆ, ਡਾ: ਸੰਦੀਪ ਕੌਰ ਅਤੇ ਡਾ: ਕ੍ਰਿਤਿਕਾ ਪੰਡਿਤ ਦੀ ਦੇਖ-ਰੇਖ ਹੇਠ ਕਰਵਾਏ ਗਏ।ਜੇਤੂਆਂ ਨੂੰ ਇਸ ਮੌਕੇ ਨਕਦ ਇਨਾਮ ਵੀ ਦਿੱਤੇ ਗਏ ਅਤੇ ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ਬੋਟੈਨੀਕਲ ਗਾਰਡਨ ਅਤੇ ਮਿਊਜ਼ੀਅਮ ਦਾ ਦੋਰਾ ਵੀ ਕਰਵਾਇਆ ਗਿਆ।ਪ੍ਰੋ: ਮਨਪ੍ਰੀਤ ਸਿੰਘ ਭੱਟੀ ਨੇ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਦਿਵਸ ਮਨਾਉਣ ਨਾਲ ਜਿਥੇ ਸਾਡੀ ਜਿਮੇਵਾਰੀ ਹੋਰ ਵੱਧ ਜਾਂਦੀ ਹੈ ਕਿ ਸਾਨੂੰ ਸਮਾਜ ਪ੍ਰਤੀ ਆਪਣੀਆਂ ਜਿਮੇਵਾਰੀਆਂ ਨੂੰ ਬਖੂਬੀ ਸਮਝਣਾ ਚਾਹੀਦਾ ਹੈ ਉਥੇ ਇਸ ਨੂੰ ਆਪਣੇ ਜੀਵਨ ਵਿਚ ਅਮਲੀ ਰੂਪ ਵਿਚ ਵੀ ਲਾਗੂ ਕਰਨਾ ਚਾਹੀਦਾ ਹੈ।ਪ੍ਰੋ: ਸਰੋਜ ਅਰੋੜਾ ਬੋਟੈਨੀਕਲ ਐਂਡ ਇਨਵਾਇਰਮੈਂਟਲ ਸਾਇੰਸਜ਼ ਵਿਭਾਗ ਨੇ ਅੱਜ ਦਾ ਦਿਨ ਅੱਗੇ ਤੋਂ ਵੀ ਲਗਾਤਾਰ ਮਨਾਉਣ ਦੀ ਪ੍ਰੇਰਣਾ ਤੇ ਜੋਰ ਦਿੱਤਾ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …