ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਸਰਕਾਰ ਈ-ਵਾਹਣ ਨੂੰ ਵਧਾਵਾ ਦੇਣ ਲਈ ਹਰ ਰੋਜ਼ ਨਵੀਂ ਪਾਲਿਸੀਆਂ ਲਿਆ ਰਹੀ ਹੈ।ਜਿਸ ਨਾਲ ਲੋਕ ਡੀਜ਼ਲ ਅਤੇ
ਪੈਟਰੋਲ ਵਹੀਕਲ ਦੀ ਥਾਂ ਇਲੈਕਟ੍ਰਿਕ ਵਾਹਣ ਦੀ ਵਰਤੋਂ ਕਰਨ ਕਈ ਉਤਸ਼ਾਹਿਤ ਹੋਣ।ਇਸ ਵਾਸਤੇ ਸਰਕਾਰ ਵਲੋਂ ਕਈ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਨਵੀਂ ਪਾਲਿਸੀ ਅਧੀਨ ਸ਼ਹਿਰਾਂ ਵਿਚ ਈ-ਚਾਰਜ਼ਿੰਗ ਸਟੇਸ਼ਨ ਸਥਾਪਿਤ ਕਰਨ ਲਈ ਪ੍ਰੋਗਰਾਮ ਉਲੀਕੇ ਜਾ ਰਹੇ ਹਨ।
ਸੀ.ਈ.ਓ ਅੰਮ੍ਰਿਤਸਰ ਸਮਾਰਟ ਸਿਟੀ ਲਿਮ.-ਕਮ- ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਸੰਦੀਪ ਰਿਸ਼ੀ ਨੇ ਦੱਸਿਆ ਕਿ “ਰਾਹੀ ਈ-ਆਟੋ ਪ੍ਰੋਜੈਕਟ ਹਰ ਹਾਲ ਵਿੱਚ ਲਾਗੂ ਕੀਤਾ ਜਾਵੇਗਾ ਅਤੇ ਨਿਗਮ ਹਦੂਦ ਅੰਦਰ 15 ਸਾਲ ਪੁਰਾਣੇ ਡੀਜ਼ਲ ਆਟੋ/ਅਣ-ਰਜਿਸਟਰਡ ਅਤੇ ਅਣ-ਅਧਿਕਾਰਤ ਈ-ਰਿਕਸ਼ਾ ‘ਤੇ ਨਕੇਲ ਪਾਉਣ ਲਈ ਜਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਲਈ ਜਲਦ ਹੀ ਮੀਟਿੰਗ ਕੀਤੀ ਜਾਵੇਗੀ ਅਤੇ ਦੋਨਾਂ ਵਿਭਾਗਾਂ ਦੀ ਸੰਯੁਕਤ ਕਾਰਵਾਈ ਲਈ ਤਾਗੀਦ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਇਸ ਸਮੇਂ ਸ਼ਹਿਰ ਵਿਚ ਟ੍ਰੈਫਿਕ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ ਜਿਸ ਦਾ ਪ੍ਰਮੁੱਖ ਕਾਰਨ ਅਣ-ਅਧਿਕਾਰਤ ਅਤੇ ਅਣ-ਰਜਿਸਟਰਡ ਬਿਨ੍ਹਾਂ ਨੰਬਰ ਪਲੇਟਾਂ ਦੇ ਚੱਲ ਰਹੇ ਈ-ਰਿਕਸ਼ਾ ਹਨ ਜੋਕਿ ਸ਼ਹਿਰ ਵਾਸੀਆਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਲਈ ਬਹੁਤ ਖਤਰਨਾਕ ਹਨ, ਕਿਉਂਕਿ ਇਹ ਕਿਸੇ ਵੀ ਅਥਾਰਟੀ ਕੋਲ ਰਜਿਸਟਰਡ ਨਹੀਂ ਹੁੰਦੇ ਅਤੇ ਕਿਸੇ ਵਾਰਦਾਤ ਦੀ ਸੂਰਤ ਵਿਚ ਇਹਨਾਂ ਦੀ ਭਾਲ ਕਰਨੀ ਮੁਸ਼ਕਿਲ ਹੁੰਦੀ ਹੈ।
ਕਮਿਸ਼ਨਰ ਰਿਸ਼ੀ ਨੇ ਅੰਮ੍ਰਿਤਸਰ ਸ਼ਹਿਰ ਦੇ ਵੱਧ ਰਹੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਜਿਲ੍ਹਾ ਪੁਲਿਸ ਪ੍ਰਸ਼ਾਸਨ ਦੀ ਭਰਪੂਰ ਸ਼ਲਾਘਾ ਕੀਤੀ. ਪਰ ਉਥੇ ਹੀ ਉਹਨਾਂ ਕਿਹਾ ਕਿ ਜੇਕਰ ਜਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਮਿਲ ਕੇ ਸਾਂਝੀ ਕਾਰਵਾਈ ਰਾਹੀਂ ਇਹਨਾਂ ਅਣ-ਅਧਿਕਾਰਤ ਅਤੇ ਅਣ-ਰਜਿਸਟਰਡ ਬਿਨ੍ਹਾਂ ਨੰਬਰ ਪਲੇਟਾਂ ਦੇ ਚੱਲ ਰਹੇ ਈ-ਰਿਕਸ਼ਿਆਂ ‘ਤੇ ਨਕੇਲ ਪਾਉਣ ਤਾਂ ਜਿਥੇ ਟ੍ਰੈਫਿਕ ਕੰਟਰੋਲ ਹੋਵੇਗਾ ਉਥੇ ਸ਼ਹਿਰ ਵਾਸੀਆਂ ਦੀ ਜਾਨ ਮਾਲ ਦੀ ਰੱਖਿਆ ਵੀ ਹੋਵੇਗੀ ਅਤੇ ਸਭ ਤੋਂ ਵਡੀ ਗੱਲ ਸਰਕਾਰ ਦੀ ਈ-ਵਹੀਕਲ ਪਾਲਿਸੀ ਨੂੰ ਉਤਸ਼ਾਹਿਤ ਕਰਨ ਲਈ ਈ-ਆਟੋ ਦੀ ਵਰਤੋਂ ਵਧੇਗੀ।ਕਮਿਸ਼ਨਰ ਰਿਸ਼ੀ ਨੇ ਕਿਹਾ ਕਿ ਈ-ਆਟੋ ਲਈ ਜਲਦ ਤੋਂ ਜਲਦ ਰਜਿਸਟ੍ਰੇਸ਼ਨ ਕਰਵਾ ਲਈ ਜਾਵੇ ਤਾਂ ਜੋ ਵਿਭਾਗਾਂ ਵਲੋਂ ਕੀਤੀਆਂ ਜਾਣਵਾਲੀਆਂ ਸਖ਼ਤ ਕਾਰਵਾਈਆਂ ਤੋਂ ਬਚਿਆ ਜਾ ਸਕੇ।
Punjab Post Daily Online Newspaper & Print Media