Sunday, August 23, 2026

ਡੀ.ਟੀ.ਐਫ ਵਲੋਂ ਅਕਾਦਮਿਕ ਅਹੁੱਦਿਆਂ `ਤੇ ਪ੍ਰਸ਼ਾਸਨਿਕ ਅਧਿਕਾਰੀ ਲਗਾਉਣ ਦੀ ਨਿਖੇਧੀ

ਕਿਹਾ, ਸਿੱਖਿਆ ਕਾਡਰ ਵਿੱਚੋਂ ਭਰੇ ਜਾਣ ਸਿੱਖਿਆ ਡਾਇਰੈਕਟਰਾਂ ਦੇ ਸਾਰੇ ਅਹੁੱਦੇ

ਅੰਮ੍ਰਿਤਸਰ, 9 ਜੂਨ (ਸੁਖਬੀਰ ਸਿੰਘ) – ਡਾਇਰੈਕਟਰ ਪੰਜਾਬ ਰਾਜ ਸਿੱਖਿਆ ਖੋਜ਼ ਅਤੇ ਸਿਖਲਾਈ ਪ੍ਰੀਸ਼ਦ (ਐਸ.ਸੀ.ਈ.ਆਰ.ਟੀ) ਜਿਹੇ ਨਿਰੋਲ ਅਕਾਦਮਿਕ ਅਹੁਦੇ ਲਈ ਮੁੱਢ ਤੋਂ ਲੱਗਦੇ ਆ ਰਹੇ ਸਿੱਖਿਆ ਕਾਡਰ ਨਾਲ ਸਬੰਧਿਤ ਅਧਿਕਾਰੀ ਦੀ ਥਾਂ ਹੁਣ ਪੰਜਾਬ ਸਰਕਾਰ ਵਲੋਂ ਇਹ ਜਿੰਮੇਵਾਰੀ ਲਈ ਵੀ ਪ੍ਰਸ਼ਾਸਨਿਕ ਤਜ਼ਰਬਾ ਰੱਖਣ ਵਾਲੇ ਪੰਜਾਬ ਸਿਵਲ ਸੇਵਾਵਾਂ ਦੇ ਅਧਿਕਾਰੀ ਭਾਵ ਪੀ.ਸੀ.ਐਸ ਨੂੰ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ) ਪੰਜਾਬ ਨੇ ਸਰਕਾਰ ਦੇ ਇਸ ਕਦਮ ਦਾ ਸਖ਼ਤ ਵਿਰੋਧ ਕਰਦਿਆਂ ਡਾਇਰੈਕਟਰ ਐਸ.ਸੀ.ਈ.ਆਰ.ਟੀ ਦੇ ਨਾਲ-ਨਾਲ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਦੇ ਅਹੁੱਦੇ ਨੂੰ ਵੀ ਸਿੱਖਿਆ ਕਾਡਰ (ਪੀ.ਈ.ਐਸ) ਵਿੱਚੋਂ ਹੀ ਭਰਨ ਦੀ ਮੰਗ ਕੀਤੀ ਹੈ।
ਇਸ ਸਬੰਧੀ ਮੀਟਿੰਗ ਵਿੱਚ ਡੀ.ਟੀ.ਐਫ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਅਧਿਆਪਕ ਜਥੇਬੰਦੀਆਂ ਪਿੱਛਲੇ ਕਈ ਸਾਲਾਂ ਤੋਂ ਮੰਗ ਕਰਦੀਆਂ ਆ ਰਹੀਆਂ ਸਨ, ਕਿ ਡੀ.ਪੀ.ਆਈ (ਸੈਕੰਡਰੀ ਸਿੱਖਿਆ) ਹੁਣ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਦਾ ਅਹੁੱਦਾ, ਸਿੱਖਿਆ ਵਰਗੇ ਸੰਵੇਦਨਸ਼ੀਲ ਵਿਸ਼ੇ ਅਤੇ ਵਿਸ਼ੇਸ਼ ਮੁਹਾਰਤ ਨਾਲ ਸਬੰਧਿਤ ਹੋਣ ਕਾਰਨ ਸਿੱਖਿਆ ਵਿਭਾਗ ਦੇ ਸੀਨੀਅਰ ਸਿੱਖਿਆ ਅਧਿਕਾਰੀਆਂ ਵਿੱਚੋਂ ਹੀ ਭਰਿਆ ਜਾਣਾ ਚਾਹੀਦਾ ਹੈ।ਜ਼ਿਕਰਯੋਗ ਹੈ ਕੇ ਇਹ ਅਹੁੱਦਾ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਦੇ ਕਾਰਜ਼ਕਾਲ (ਸਾਲ 2007-2012) ਦੌਰਾਨ ਸਿੱਖਿਆ ਕਾਡਰ ਦੀ ਥਾਂ ਪੀ.ਸੀ.ਐਸ ਕਾਡਰ ਵਿੱਚੋਂ ਭਰਨ ਦੀ ਸ਼ੁਰੂਆਤ ਕੀਤੀ ਗਈ, ਜਿਸ ਨੂੰ ਕਾਂਗਰਸ ਸਰਕਾਰ ਨੇ ਵੀ ਜ਼ਾਰੀ ਰੱਖਿਆ ਅਤੇ ਹੁਣ ਸਿੱਖਿਆ ਨੂੰ ਤਰਜ਼ੀਹੀ ਖੇਤਰ ਦੱਸਣ ਵਾਲੀ `ਆਪ` ਸਰਕਾਰ ਨੇ ਵਿੱਦਿਅਕ ਮਨੋਵਿਗਿਆਨ ਦੀ ਚੰਗੀ ਸਮਝ ਹੋਣ ਦੀ ਮੰਗ ਕਰਦੇ ਡਾਇਰੈਕਟਰ ਐਸ.ਸੀ.ਈ.ਆਰ.ਟੀ ਵਰਗੇ ਅਹੁੱਦੇ `ਤੇ ਵੀ ਪ੍ਰਸ਼ਾਸਨਿਕ ਅਧਿਕਾਰੀ ਹੀ ਬਿਠਾ ਦਿੱਤਾ ਹੈ।
ਗੁਰਬਿੰਦਰ ਸਿੰਘ ਖਹਿਰਾ, ਜਰਮਨਜੀਤ ਸਿੰਘ, ਗੁਰਦੇਵ ਸਿੰਘ, ਹਰਜਾਪ ਸਿੰਘ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਰਾਜੇਸ਼ ਕੁਮਾਰ ਪਰਾਸ਼ਰ ਨੇ ਕਿਹਾ ਕਿ ਇਸ ਕੰਮ ਲਈ ਸਿੱਖਿਆ ਸ਼ਾਸਤਰੀ ਹੋਣ ਦੇ ਗੁਣਾਂ ਨਾਲ ਭਰਪੂਰ ਅਕਾਦਮਿਕ ਅਧਿਕਾਰੀ ਹੀ ਚਾਹੀਦਾ ਹੈ।ਕਿਉਂਕਿ ਇਸ ਸੰਸਥਾ ਦੀ ਅਹਿਮ ਜਿੰਮੇਵਾਰੀ ਰਾਜ ਦੀਆਂ ਲੋੜਾਂ ਅਨੁਸਾਰ ਪਾਠਕ੍ਰਮ ਢਾਂਚੇ ਦੀ ਉਸਾਰੀ ਕਰਨਾ, ਵਿਦਿਆਰਥੀਆਂ ਦੀ ਉਮਰ ਅਨੁਸਾਰ ਸਿਲੇਬਸ ਘੜਨਾ, ਪਾਠ ਪੁਸਤਕਾਂ ਵਿੱਚ ਸੋਧ, ਮੁਲਾਂਕਣ, ਵਿੱਦਿਅਕ ਖੋਜ਼ ਅਤੇ ਅਧਿਆਪਕਾਂ ਦੀ ਟ੍ਰੇਨਿੰਗ ਦਾ ਕੰਮ ਸੁਚਾਰੂ ਰੂਪ ਵਿੱਚ ਚਲਾਉਣਾ ਹੈ।ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਕੂਲੀ ਸਿੱਖਿਆ ਮਹਿਕਮੇ ਦੇ ਡਾਇਰੈਕਟਰਾਂ ਦੇ ਤਿੰਨੋ ਅਹੁੱਦੇ ਡਾਇਰੈਕਟਰ ਐਸ.ਸੀ.ਈ.ਆਰ.ਟੀ, ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਅਤੇ ਡਾਇਰੈਕਟਰ ਸਕੂਲ ਸਿੱਖਿਆ (ਪ੍ਰਾਇਮਰੀ), ਸੀਨੀਅਰ ਸਿੱਖਿਆ ਅਧਿਕਾਰੀਆਂ ਵਿੱਚੋਂ ਲਗਾਉਣੇ ਯਕੀਨੀ ਬਣਾਏ ਜਾਣ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ

ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …