ਵਿਕਾਸ ਸ਼ੁਰੂ ਹੋਣ ਤੋਂ ਪਹਿਲਾਂ ਟ੍ਰੈਫਿਕ ਪੁਲਿਸ ਦੇ ਧਿਆਨ ‘ਚ ਲਿਆਉਣਾ ਜਰੂਰੀ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ) – ਸਮਾਰਟ ਸਿਟੀ ਤਹਿਤ ਸ਼ਹਿਰ ਵਿੱਚ ਕਈ ਤਰ੍ਹਾਂ ਦੇ ਵਿਕਾਸ ਕਾਰਜ਼ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਇਨ੍ਹਾਂ ਵਿਕਾਸ
ਕਾਰਜ਼ਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵੱਲੋਂ ਪ੍ਰਸਾਸ਼ਨਿਕ ਅਤੇ ਪੁਲਿਸ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ।
ਡਿਪਟੀ ਕਮਿਸ਼ਨਰ ਤਲਵਾੜ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਵਿੱਚ ਕਿਸੇ ਵੀ ਜਗ੍ਹਾ ‘ਤੇ ਵਿਕਾਸ ਕਾਰਜ਼ ਸ਼ੁਰੂ ਹੋਣ ਤੋਂ ਪਹਿਲਾਂ ਟ੍ਰੈਫਿਕ ਪੁਲਿਸ ਨੂੰ ਪਹਿਲਾਂ ਜਰੂਰ ਸੂਚਿਤ ਕੀਤਾ ਜਾਵੇ ਤਾਂ ਜੋ ਆਵਾਜਾਈ ਵਿੱਚ ਵਿਘਨ ਨਾ ਪਵੇ।ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਸਕੀਮ ਤਹਿਤ 30 ਜੂਨ ਤੱਕ ਸਾਰੇ ਚੌਂਕਾਂ ਵਿੱਚ ਕੈਮਰੇ ਲਗਾ ਦਿੱਤੇ ਜਾਣਗੇ।ਉਨ੍ਹਾਂ ਦੱਸਿਆ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਆਟੋਮੈਟਿਕ ਸਿਸਟਮ ਲਗਾਇਆ ਜਾ ਰਿਹਾ ਹੈ, ਜੋ ਕਿ ਲੋਕਾਂ ’ਤੇ ਨਿਗਰਾਨੀ ਰੱਖੇਗਾ ਅਤੇ ਰੈਡ ਲਾਈਨ ਜੰਪ ਕਰਨ ਵਾਲੇ ਵਿਅਕਤੀਆਂ ਦੇ ਘਰ ਹੀ ਟ੍ਰੈਫਿਕ ਪੁਲਿਸ ਵੱਲੋਂ ਚਲਾਨ ਭੇਜਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੀ.ਟੀ.ਰੋਡ ‘ਤੇ ਸਾਇਨ ਬੋਰਡ ਲਗਾਉਣੇ ਯਕੀਨੀ ਬਣਾਏ ਜਾਣ ਅਤੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਉਨ੍ਹਾਂ ਬੋਰਡਾਂ ‘ਤੇ ਕਿਲੋਮੀਟਰ ਵੀ ਜਰੂਰ ਲਿਖੇ ਹੋਣ ਤਾਂ ਜੋ ਬਾਹਰੋ ਆਉਣ ਵਾਲੇ ਯਾਤਰੂਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਕਿਹਾ ਕਿ ਜਿੰਨਾਂ ਸੜਕਾਂ ‘ਤੇ ਯੂ ਟਰਨ ਆਉਂਦਾ ਹੈ ਉਥੇ ਖਾਸ ਕਰਕੇ ਸਾਈਨ ਬੋਰਡ ਲੱਗੇ ਹੋਣੇ ਚਾਹੀਦੇ ਹਨ ਤਾਂ ਜੋ ਕਿਸੇ ਕਿਸਮ ਦੀ ਦੁਰਘਟਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਪੁਰਾਣੀ ਸਬਜ਼ੀ ਮੰਡੀ ਦੀ ਜ਼ਮੀਨ ਨੂੰ ਪੱਧਰਾ ਕਰਕੇ ਇਸ ਨੂੰ ਵਰਤੋਂ ਵਿੱਚ ਲਿਆਂਦਾ ਜਾਵੇ ਅਤੇ ਬੀ.ਆਰ.ਟੀ.ਐਸ ਦੀਆਂ ਜੋ ਗਰਿਲਾਂ ਟੁੱਟੀਆਂ ਹੋਈਆਂ ਨੂੰ ਤੁਰੰਤ ਲਗਾਇਆ ਜਾਵੇ।ਟ੍ਰੈਫਿਕ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਸੜਕਾਂ ‘ਤੇ ਜੈਬਰਾ ਲਾਈਨ ਲਗਾਉਣਾ ਯਕੀਨੀ ਬਣਾਉਣ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਬੰਧਤ ਵਿਭਾਗ ਵੱਲੋਂ ਮਾਰਗਦਰਸ਼ਨ ਵੀ ਲਿਆ ਜਾਵੇ।ਉਨਾਂ ਕਿਹਾ ਕਿ ਦੁਬਰਜੀ ਤੋਂ ਲੈ ਕੇ ਇੰਡੀਆ ਗੇਟ ਤੱਕ ਸਾਰੇ ਚੌਂਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ਼੍ਰੀਮਤੀ ਅਮਨਦੀਪ ਕੌਰ, ਡੀ.ਸੀ.ਪੀ ਪਰਮਿੰਦਰ ਸਿੰਘ ਭੰਡਾਲ, ਮੈਡਮ ਅਮਨਦੀਪ ਕੌਰ, ਐਸ.ਈ ਸੰਦੀਪ ਸਿੰਘ, ਰਾਜੀਵ ਸ਼ਰਦ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media