Friday, April 17, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 9ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀ ਯੋਗ ਅਗਵਾਈ ਅਤੇ ਜ਼ਿਲ੍ਹਾ ਆਯੁਰਵੈਦਿਕ ਵਿਭਾਗ ਦੇ ਸਹਿਯੋਗ ਨਾਲ ਅੱਜ ਯੂਨੀਵਰਸਿਟੀ ਦੇ ਸਿਹਤ ਕੇਂਦਰ ਵਿਖੇ 9ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।ਵੱਖ-ਵੱਖ ਫੈਕਲਟੀ ਮੈਂਬਰਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਯੋਗਾ ਕੀਤਾ।ਡਾ. ਸੀਮਾ ਗਰੇਵਾਲ, ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
ਡਾ. ਪਵਨ ਸ਼ਰਮਾ (ਮੈਡੀਕਲ ਅਫ਼ਸਰ) ਨੇ ਕਿਹਾ ਕਿ ਯੋਗਾ ਭਾਰਤ ਵਿੱਚ ਸ਼ੁਰੂ ਹੋਇਆ ਇੱਕ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਅਭਿਆਸ ਹੈ।ਯੋਗਾ ਦਾ ਉਦੇਸ਼ ਦਿਮਾਗ ਅਤੇ ਸਰੀਰ ਦੋਵਾਂ ਵਿੱਚ ਤਾਕਤ, ਜਾਗਰੂਕਤਾ ਦੇ ਨਾਲ-ਨਾਲ ਇਕਸੁਰਤਾ ਪੈਦਾ ਕਰਨਾ ਹੈ।ਨਿਯਮਿਤ ਤੌਰ `ਤੇ ਯੋਗਾ ਦਾ ਅਭਿਆਸ ਸਾਡੇ ਦਿਮਾਗ ਨੂੰ ਤੇਜ਼ ਕਰਨ ਵਿੱਚ ਮਦਦ ਕਰਦਾ ਹੈ ਅਤੇ ਜੀਵਨ ਵਿੱਚ ਸ਼ਾਂਤੀ ਪੈਦਾ ਕਰਦਾ ਹੈ, ਜਿਸ ਨਾਲ ਹਰ ਕਾਰਜ ਵਿੱਚ ਇਕਾਗਰਤਾ ਵਧਦੀ ਹੈ।ਡਾ. ਅਮਨਦੀਪ ਸਿੰਘ ਮੁਖੀ ਸਰੀਰਕ ਸਿੱਖਿਆ ਵਿਭਾਗ ਨੇ ਕਿਹਾ ਕਿ ਯੋਗ ਅਭਿਆਸ ਜਿਥੇ ਵਡੇਰੀ ਉਮਰ ਦੇ ਲੋਕਾਂ ਲਈ ਵਰਦਾਨ ਤਾਂ ਹੈ ਹੀ ਉਥੇ ਨੌਜੁਆਨ ਅਤੇ ਖਾਸ ਕਰਕੇ ਜ਼ਿਆਦਾ ਦੇਰ ਤੱਕ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਇਹ ਬਹੁਤ ਲਾਭਦਾਇਕ ਹੈ।
ਡਾ. ਸੰਦੀਪ ਸ੍ਰੀਧਰ ਆਯੁਵਰਵੈਦਿਕ ਮੈਡੀਕਲ ਅਫ਼ਸਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਿਤ ਦੇ ਯੋਗ ਅਭਿਆਸ ਨਾਲ ਬਹੁਤ ਸਾਰੇ ਵੱਡੇ ਰੋਗ ਸਾਡੇ ਸਰੀਰ ਦੇ ਨੇੜੇ ਨਹੀਂ ਆਉਂਦੇ ਅਤੇ ਪੁਰਾਣੇ ਤੋਂ ਪੁਰਾਣੇ ਲੱਗੇ ਰੋਗ ਵੀ ਯੋਗ ਦਾ ਮਦਦ ਨਾਲ ਦੂਰ ਕੀਤੇ ਜਾ ਸਕਦੇ ਹਨ।ਉਨ੍ਹਾਂ ਕਿਹਾ ਕਿ ਭਾਰਤ ਦੀ ਗਿਆਨ ਪਰੰਪਰਾ ਬਹੁਤ ਅਮੀਰ ਹੈ ਅਤੇ ਇਸ ਅਮੀਰ ਪਰੰਪਰਾ ਨੂੰ ਮਾਣਦਿਆਂ ਸਾਨੂੰ ਸਾਰਿਆਂ ਨੂੰ ਫੁੱਲਾਂ ਵਾਂਗ ਮਹਿਕਾਂ ਵੰਡਦੇ ਰਹਿਣਾ ਚਾਹੀਦਾ ਹੈ।

 

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …