Sunday, December 22, 2024

ਜੀਊਣਾ ਮੌੜ ਦੇ ਕਿਰਦਾਰ ‘ਚ ਦਰਸ਼ਕਾਂ ਦੀ ਪਸੰਦ ਬਣਿਆ ਐਮੀ ਵਿਰਕ

 ਪੰਜਾਬੀ ਸਿਨੇਮਾ ਵਿੱਚ ਐਮੀ ਵਿਰਕ ਦੀ ਪਹਿਚਾਣ ਇੰਨੀ ਵੱਡੀ ਬਣ ਗਈ ਹੈ ਕਿ ਉਸ ਬਾਰੇ ਕਿਸੇ ਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ, ਕਿਉਂਕਿ ਉਸਦਾ ਕੰਮ ਖੁਦ-ਬ-ਖੁਦ ਬੋਲ ਦਿੰਦਾ ਹੈ ਕਿ ਉਹ ਇੱਕ ਵਧੀਆ ਅਦਾਕਾਰ ਤੇ ਗਇਕ ਹੈ।ਹਾਲ ਹੀ ਵਿੱਚ ਰਲੀਜ਼ ਹੋਈ ਫ਼ਿਲਮ ਜੀਊਣਾ ਮੌੜ ਐਮੀ ਵਿਰਕ ਦੇ ਹੁਣ ਤੱਕ ਦੇ ਕਰੀਅਰ ਵਿੱਚ ਤਾਂ ਮੀਲ ਦਾ ਪੱਥਰ ਸਾਬਿਤ ਹੋਈ ਹੀ, ਸਗੋਂ ਪੰਜਾਬੀ ਸਿਨੇਮਾ ਵਿੱਚ ਵੀ ਉਸ ਨੇ ਆਪਣੀ ਅਲੱਗ ਛਾਪ ਛੱਡੀ ਹੈ।ਫ਼ਿਲਮ ਦੇ ਪ੍ਰੋਡੀਊਸਰ ਕਾਰਜ ਗਿੱਲ ਦੀ ਅੱਖ ਨੇ ਪਹਿਚਾਣਿਆ ਕਿ ਐਮੀ ਵਿਰਕ ਜੀਊਣਾ ਮੌੜ ਦੇ ਕਿਰਦਾਰ ਨੂੰ ਬਾਖੂਬੀ ਨਿਭਾਅ ਸਕਦਾ ਹੈ।ਸਾਨੂੰ ਫ਼ਿਲਮ ਵਿੱਚ ਦੇਖਣ ਨੂੰ ਮਿਲਿਆ ਵੀ ਕਿ ਐਮੀ ਨੇ ਆਪਣੀ ਅਦਾਕਾਰੀ ਨਾਲ ਸਾਰਿਆਂ ਦੇ ਦਿਲਾਂ ਨੂੰ ਛੂਹਿਆ ਤੇ ਜੀਊਣਾ ਮੌੜ ਦੇ ਕਿਰਦਾਰ ਨਾਲ ਇਨਸਾਫ਼ , ਜਿਸ ਨੇ ਉਸ ਦਾ ਕੱਦ ਪੰਜਾਬੀ ਸਿਨੇਮਾ ਵਿੱਚ ਹੋਰ ਵੱਡਾ ਕੀਤਾ।
ਗਿੱਲ ਦੀ ਸੁਚੱਜੀ ਟੀਮ ਨੇ ਸਾਹਿਤ ਦੇ ਇਤਿਹਾਸ ਵਿੱਚ ਡੂੰਘਾਈ ਨਾਲ ਖੋਜ਼ ਕੀਤੀ ਤੇ ਸੰਨ 1910 ਦੀਆਂ ਹੱਥ-ਲਿਖਤਾਂ ਦਾ ਪਤਾ ਲਗਾਇਆ, ਜਿਸ ਤੋਂ ਬਾਅਦ ਜੀਊਣਾ ਮੌੜ ਦੀ ਸ਼ਖਸੀਅਤ ਨਾਲ ਮੇਲ ਖਾਂਦੇ ਐਮੀ ਵਿਰਕ ਨੂੰ ਇਸ ਕਿਰਦਾਰ ਦਾ ਪੱਲਾ ਫੜਾਇਆ।ਜੀਊਣਾ ਮੌੜ ਦੀ ਸਿਹਤ ਤੇ ਵਤੀਰੇ ਪੱਖੋਂ ਐਮੀ ਵਿਰਕ ਇਸ ਭੂਮਿਕਾ ਲਈ ਬਿਲਕੁੱਲ ਸਟੀਕ ਬੈਠਿਆ ਤੇ ਆਖਿਰਕਾਰ ਫ਼ਿਲਮ ਦੇਖਣ ਤੋਂ ਬਾਅਦ ਦਰਸ਼ਕਾਂ ਨੇ ਉਸ ਦੇ ਕੰਮ ਦੀ ਸਿਫ਼ਤ ਕਰਕੇ ਇਸ ਗੱਲ ਦਾ ਸਬੂਤ ਵੀ ਦਿੱਤਾ।ਨਿਰਦੇਸ਼ਕ ਜਤਿੰਦਰ ਮੌਹਰ ਨੇ ਇੱਕ ਇੰਟਰਵਿਊ ਵਿੱਚ ਜੀਊਣਾ ਮੌੜ ਦੇ ਕਿਰਦਾਰ ਨੂੰ ਨਿਭਾਉਣ ਲਈ ਐਮੀ ਵਿਰਕ ਦੇ ਸਮਰਪਣ ਤੇ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਰਕ ਨੇ ਇਸ ਭੂਮਿਕਾ ਨੂੰ ਨਿਭਾਉਣ ਲਈ ਆਪਣੀ ਪੂਰੀ ਜ਼ਿੰਦ-ਜਾਨ ਲਾ ਦਿੱਤੀ ਤੇ ਉਸ ਦਾ ਨਤੀਜਾ ਤੁਹਾਨੂੰ ਪਰਦੇ ‘ਤੇ ਸਾਫ਼-ਸਾਫ਼ ਦਿਖਾਈ ਦਿੱਤਾ ਹੋਵੇਗਾ ਕਿ ਕਿਸ ਤਰ੍ਹਾਂ ਐਮੀ ਵਿਰਕ ਨੇ ਜੀਊਣਾ ਮੌੜ ਦੇ ਕਿਰਦਾਰ ਨਾਲ ਇਨਸਾਫ ਕੀਤਾ ਹੈ। ਫ਼ਿਲਮ ਦੇ ਅਖੀਰਲੇ ਦ੍ਰਿਸ਼ਾਂ ਵਿੱਚ, ਐਮੀ ਨੂੰ ਅਣਗਿਣਤ ਭਾਵਨਾਵਾਂ ਸਿਰਫ਼ ਆਪਣੀਆਂ ਭਾਵਪੂਰਤ ਅੱਖਾਂ ਰਾਹੀਂ ਸੰਚਾਰ ਕਰਨ ਦੀ ਡੂੰਘੀ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿਸ ਨੂੰ ਸਿਲਵਰ ਸਕਰੀਨ `ਤੇ ਸ਼ਾਇਦ ਹੀ ਪਹਿਲਾਂ ਕਦੇ ਦੇਖਿਆ ਗਿਆ ਹੋਵੇ।ਫ਼ਿਲਮ ਦਾ ਅੰਤ ਐਮੀ ਵਿਰਕ ਦੀ ਕਲਾ ਨੂੰ ਹੋਰ ਸੋਹਣੀ ਤਰ੍ਹਾਂ ਦਰਸਾਉਂਦਾ ਹੈ ਤੇ ਉਸ ਦੀ ਮਿਹਨਤ ਕੀਤੀ ਦਾ ਪਤਾ ਲੱਗਦਾ ਹੈ।ਦੁਨੀਆਂ ਭਰ ਦੇ ਦਰਸ਼ਕਾਂ ਨੇ ਇਸ ਗੱਲ ਦੀ ਤਰੀਫ਼ ਕੀਤੀ ਕਿ ਫ਼ਿਲਮ ਵਿੱਚ ਜੀਊਣਾ ਮੌੜ ਦੇ ਕਿਰਦਾਰ ਨੂੰ ਐਮੀ ਵਿਰਕ ਨੇ ਹਰ ਪੱਖੋਂ ਬਾਖੂਬੀ ਨਿਭਾਇਆ ਹੈ।
ਇਸ ਫ਼ਿਲਮ ਤੋਂ ਪਹਿਲਾਂ ਐਮੀ ਵਿਰਕ ਰਾਸ਼ਟਰੀ ਪੁਰਸਕਾਰ ਜੇਤੂ ਫ਼ਿਲਮ ‘ਹਰਜੀਤਾ’ ਵਿੱਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕਿਆ ਹੈ, ਜੋ ਕਿ ਪੰਜਾਬ ਦੇ ਹਾਕੀ ਖਿਡਾਰੀ ਦੀ ਜ਼ਿੰਦਗੀ ‘ਤੇ ਆਧਾਰਿਤ ਸੀ।ਜਿਸ ਵਿੱਚ ਐਮੀ ਦੀ ਦਿੱਖ ਨੇ ਇਹ ਸਾਬਿਤ ਕੀਤਾ ਕਿ ਉਹ ਫ਼ਿਲਮ ਵਿੱਚ ਚੰਗਾ ਕਿਰਦਾਰ ਨਿਭਾਉਣ ਵਿੱਚ ਹਰ ਤਰ੍ਹਾਂ ਦੀ ਮਿਹਨਤ ਕਰਨ ਲਈ ਤਿਆਰ-ਬਰ-ਤਿਆਰ ਰਹਿੰਦਾ ਹੈ।ਉਸ ਤੋਂ ਬਾਅਦ ਐਮੀ ਦੀ ਝੋਲੀ ਸੁਫ਼ਨਾ, ਸੌਂਕਣ-ਸੌਂਕਣੇ, ਅੰਗ੍ਰੇਜ਼, ਬੰਬੂਕਾਟ ਤੇ ਨਿੱਕਾ ਜ਼ੈਲਦਾਰ ਵਰਗੀਆਂ ਸ਼ਾਨਦਾਰ ਫ਼ਿਲਮਾਂ ਪਈਆਂ।ਜਿਸ ਨਾਲ ਉਸ ਨੇ ਪੰਜਾਬੀ ਦਰਸ਼ਕਾਂ ਦੇ ਦਿਲਾਂ ਵਿੱਚ ਤਾਂ ਜਗ੍ਹਾ ਬਣਾਈ ਹੀ, ਸਗੋਂ ਬਾਲੀਵੁੱਡ ‘ਚ ਸੰਨ 1983 ਵਿੱਚ ਭਾਰਤੀ ਕ੍ਰਿਕਟ ਟੀਮ ਵਲੋਂ ਜਿੱਤੇ ਵਿਸ਼ਵ ਕੱਪ ‘ਤੇ ਬਣੀ ਫ਼ਿਲਮ 83 ਵਿੱਚ ਕ੍ਰਿਕਟਰ ਬਲਵਿੰਦਰ ਸਿੰਘ ਦਾ ਕਿਰਦਾਰ ਨਿਭਾਅ ਕੇ ਉਥੇ ਵੀ ਆਪਣੀ ਸ਼ਾਨਦਾਰ ਅਦਾਕਾਰੀ ਦੀ ਛਾਪ ਛੱਡੀ।
ਐਮੀ ਅਦਾਕਾਰ ਤੋਂ ਪਹਿਲਾਂ ਇੱਕ ਮੰਝਿਆ ਹੋਇਆ ਗਾਇਕ ਹੈ, ਜਿਸ ਦੀ ਆਵਾਜ਼ ਨੇ ਸਭ ਤੋਂ ਪਹਿਲਾਂ ਪੰਜਾਬੀ ਦਰਸ਼ਕਾਂ ਦੇ ਦਿਲਾਂ ਵਿੱਚ ਥਾਂ ਬਣਾਈ ਸੀ ਤੇ ਉਸ ਤੋਂ ਬਾਅਦ ਉਸ ਦੀ ਸ਼ਾਨਦਾਰ ਅਦਾਕਾਰੀ ਨੇ ਲੋਕਾਂ ਦੇ ਦਿਲ ਜਿੱਤੇ।ਜੀਊਣਾ ਮੌੜ ਦੇ ਕਿਰਦਾਰ ਨੂੰ ਨਿਭਾਅ ਕੇ ਐਮੀ ਵਿਰਕ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਅੱਗੇ ਚੱਲ ਕੇ ਹਮੇਸ਼ਾਂ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣਿਆ ਜਾਂਦਾ ਰਹੇਗਾ।ਉਸ ਦੀ ਮਿਹਨਤ ਇਹ ਦੱਸਦੀ ਹੈ ਕਿ ਜੇਕਰ ਤੁਸੀਂ ਆਪਣੇ ਕੰਮ ਨਾਲ ਵਫ਼ਾਦਾਰੀ ਕਰੋ ਤਾਂ ਯਕੀਨਨ ਦਰਸ਼ਕ ਤੁਹਾਨੂੰ ਆਪਣੇ ਦਿਲਾਂ ਵਿੱਚ ਜਗ੍ਹਾ ਦਿੰਦੇ ਹਨ ਤੇ ਇਹੀ ਵਜ੍ਹਾ ਹੈ ਕਿ ਐਮੀ ਵਿਰਕ ਹਰ ਪੰਜਾਬੀ ਦੇ ਦਿਲ ‘ਤੇ ਰਾਜ ਕਰਦਾ ਹੈ ਤੇ ਅੱਗੇ ਵੀ ਕਰਦਾ ਰਹੇਗਾ। 0207202301

ਹਰਜਿੰਦਰ ਸਿੰਘ ਜਵੰਦਾ
ਮੋ – 9463828000

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …