Monday, June 2, 2025
Breaking News

ਗਲੋਬਲ ਪੰਜਾਬੀ ਐਸੋਸੀਏਸ਼ਨ ਵਲੋਂ ਆਨੰਦ ਕਾਰਜ਼ ਮੈਰਿਜ਼ ਐਕਟ ਪੰਜਾਬ ‘ਚ ਤੁਰੰਤ ਲਾਗੂ ਕਰਨ ਦੀ ਮੰਗ

ਅੰਮ੍ਰਿਤਸਰ 3 ਜੁਲਾਈ (ਸੁਖਬੀਰ ਸਿੰਘ) – ਗਲੋਬਲ ਪੰਜਾਬੀ ਐਸੋਸੀਏਸ਼ਨ ਨੇ ਆਨੰਦ ਕਾਰਜ ਮੈਰਿਜ ਐਕਟ ਨੂੰ ਪੰਜਾਬ ਵਿਚ ਲਾਗੂ ਨਾ ਕਰਨ ’ਤੇ ਸਖ਼ਤ ਨਰਾਜ਼ਗੀ ਜਤਾਉਂਦਿਆਂ ਇਸ ਨੂੰ ਤੁਰੰਤ ਲਾਗੂ ਕਰਨ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ।ਐਸੋਸੀਏਸ਼ਨ ਦੇ ਚੇਅਰਮੈਨ ਡਾ. ਕੁਲਵੰਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ’ਚ ਡਾ. ਜਸਵਿੰਦਰ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਹੋਈ ਇਕ ਜਰੂਰੀ ਮੀਟਿੰਗ ਦੌਰਾਨ ਮਤਾ ਪਾਸ ਕਰਦਿਆਂ ਇਹ ਫ਼ੈਸਲਾ ਲਿਆ ਗਿਆ ਕਿ ਆਨੰਦ ਕਾਰਜ਼ ਮੈਰਿਜ ਐਕਟ ਨੂੰ ਪੰਜਾਬ ਵਿਚ ਤੁਰੰਤ ਲਾਗੂ ਕਰਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਿਆ ਜਾਵੇਗਾ।
ਪ੍ਰੋ. ਸਰਚਾਂਦ ਸਿੰਘ ਖਿਆਲਾ ਵਲੋਂ ਦਿੱਤੀ ਜਾਣਕਾਰੀ ’ਚ ਐਸੋਸੀਏਸ਼ਨ ਚੇਅਰਮੈਨ ਡਾ. ਕੁਲਵੰਤ ਸਿੰਘ ਧਾਲੀਵਾਲ ਜੋ ਕਿ ਵਰਲਡ ਕੈਂਸਰ ਕੇਅਰ ਦੇ ਵੀ ਚੇਅਰਮੈਨ ਹਨ, ਨੇ ਕਿਹਾ ਕਿ ਜੇਕਰ ਹੁਣ ਵੀ ਗੱਲ ਨਾ ਬਣੀ ਤਾਂ ਪੰਜਾਬ ਦੇ ਰਾਜਪਾਲ ਬਨ੍ਹਵਾਰੀ ਲਾਲ ਪੁਰੋਹਿਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚ ਕੀਤੀ ਜਾਵੇਗੀ।ਇਸ ਦੇ ਨਾਲ ਹੀ ਯੂਨੀਫ਼ਾਰਮ ਸਿਵਲ ਕੋਡ ਬਾਰੇ ਲੋਕ ਰਾਏ ਬਣਾਉਣ ਲਈ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਹੁਣ ਤੱਕ ਦੇਸ਼ ਦੇ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਹ ਐਕਟ ਲਾਗੂ ਹੋ ਚੁੱਕਿਆ ਹੈ।ਪਰ ਅਫ਼ਸੋਸ ਕਿ ਸਿੱਖ ਕੌਮ ਵਲੋਂ ਕੀਤੀ ਜਾ ਰਹੀ ਮੰਗ ਦੇ ਬਾਵਜ਼ੂਦ ਸਿੱਖ ਬਹੁਗਿਣਤੀ ਸੂਬਾ ਪੰਜਾਬ ਨੇ ਹਾਲੇ ਤਕ ਵੀ ਇਸ ਨੂੰ ਲਾਗੂ ਨਹੀਂ ਕੀਤਾ ਹੈ।ਇਹ ਐਕਟ ਸੰਨ 1909 ਵਿੱਚ ਅੰਗਰੇਜ਼ ਹਕੂਮਤ ਨੇ ਮਹਾਰਾਜਾ ਨਾਭਾ ਦੀ ਪਹਿਲ ਕਦਮੀ ਨਾਲ ਪਾਸ ਕੀਤਾ।ਜਿਸ ਨਾਲ ਅਨੰਦ ਕਾਰਜ ਵਿਧੀ ਨਾਲ ਹੋਏ ਵਿਆਹ ਨੂੰ ਕਾਨੂੰਨੀ ਮਾਨਤਾ ਮਿਲੀ। ਇਸ ਐਕਟ ’ਚ ਸਾਲ 2012 ਵਿੱਚ ਸ਼ਬਦ ’ਕਾਰਜ’ ਜੋੜ ਦਿੱਤਾ ਗਿਆ ਅਤੇ ਇਹ ਆਨੰਦ ਕਾਰਜ ਮੈਰਿਜ ਐਕਟ ਬਣਿਆ।ਪਰ ਇਸ ਨੂੰ ਵੀ ਲਾਗੂ ਕਰਨ ਲਈ ਨਿਯਮ ਬਣਾਉਣ ਵੱਲ ਕੋਈ ਉਦਮ ਨਹੀਂ ਹੋਇਆ ।
ਮਾਨਯੋਗ ਸੁਪਰੀਮ ਕੋਰਟ ਵਿੱਚ ਵੀ ਅਨੰਦ ਕਾਰਜ ਮੈਰਿਜ ਲਾਗੂ ਕਰਵਾਉਣ ਲਈ ਕੇਸ ਲੰਬਿਤ ਹੈ।ਉਨ੍ਹਾਂ ਕਿਹਾ ਕਿ ਮੌਜ਼ੂਦਾ ਅਨੰਦ ਕਾਰਜ ਮੈਰਿਜ ਐਕਟ ਕੇਵਲ ਲਾਵਾਂ ਰਾਹੀ ਹੋਏ ਅਨੰਦ ਕਾਰਜ ਵਿਆਹ ਨੂੰ ਮਾਨਤਾ ਦੇ ਸਰਟੀਫਿਕੇਟ ਤੱਕ ਹੀ ਸੀਮਤ ਹੈ।ਉਨ੍ਹਾਂ ਅਫ਼ਸੋਸ ਨਾਲ ਕਿਹਾ ਕਿ ਸਿੱਖ ਕੌਮ ਦੇ ਵੱਡੇ ਆਗੂਆਂ ਅਤੇ ਪੰਜਾਬ ਦੇ ਲੋਕ ਸਭਾ ਮੈਂਬਰ ਅਤੇ ਰਾਜ ਸਭਾ ਦੇ ਮੈਂਬਰਾਂ ਨੇ ਪਾਰਲੀਮੈਂਟ ਜਾਂ ਕਿਸੇ ਵਿਧਾਨ ਸਭਾ ਵਿੱਚ ਇਸ ਬਾਰੇ ਵਿਚਾਰ ਤੱਕ ਪੇਸ਼ ਨਹੀਂ ਕੀਤਾ।
ਇਸ ਮੌਕੇ ਡਾ. ਜਸਵਿੰਦਰ ਸਿੰਘ ਢਿੱਲੋਂ, ਡਾ. ਰਮਨ ਗੁਪਤਾ, ਪ੍ਰੋ. ਸਰਚਾਂਦ ਸਿੰਘ, ਡਾ. ਜਸਵਿੰਦਰ ਕੌਰ ਸੋਹਲ, ਰਜਿੰਦਰ ਸਿੰਘ ਮਰਵਾਹਾ ਪ੍ਰਧਾਨ ਵਪਾਰ ਅਤੇ ਇੰਡਸਟਰੀ, ਡਾ. ਸਰਬਜੀਤ ਸਿੰਘ ਸਠਿਆਲਾ, ਦਲਜੀਤ ਸਿੰਘ ਕੋਹਲੀ, ਡਾ. ਨੇਹਾ ਤੇਜਪਾਲ, ਡਾ. ਸੁਰਿੰਦਰ ਕੌਰ ਢਿੱਲੋਂ, ਸੂਰਯ ਪ੍ਰਕਾਸ਼ ਅਨੰਦ, ਕੁਲਦੀਪ ਸਿੰਘ ਕਾਹਲੋਂ, ਪ੍ਰੋ. ਹਰੀ ਸਿੰਘ ਸੰਧੂ, ਅਮਰਜੀਤ ਸਿੰਘ ਭਾਟੀਆ, ਅਵਤਾਰ ਸਿੰਘ, ਰਾਜਨ ਕਪੂਰ ਵੀ ਮੌਜ਼ੂਦ ਸਨ।

 

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …