Sunday, February 22, 2026

ਰਾਵੀ ਅਤੇ ਸਤਲੁਜ ਦਰਿਆ ਦਾ ਪਾਣੀ ਆਮ ਵਾਂਗ ਹੋਇਆ-ਡਿਪਟੀ ਕਮਿਸ਼ਨਰ

ਆਉਣ ਵਾਲੀ ਬਰਸਾਤ ਨੂੰ ਧਿਆਨ ‘ਚ ਰੱਖਦੇ ਕੀਤੀ ਯੋਜਨਾਬੰਦੀ

ਅੰਮ੍ਰਿਤਸਰ, 13 ਜੁਲਾਈ (ਸੁਖਬੀਰ ਸਿੰਘ) – ਭਾਵੇਂ ਬੀਤੇ ਦਿਨਾਂ ਵਿਚ ਹੋਈ ਭਾਰੀ ਬਰਸਾਤ ਦੌਰਾਨ ਜਿਲ੍ਹਾ ਅੰਮ੍ਰਿਤਸਰ ਨੂੰ ਹੜ੍ਹਾਂ ਦਾ ਸਾਹਮਣਾ ਨਹੀਂ ਕਰਨਾ ਪਿਆ, ਪਰ ਆਉਣ ਵਾਲੇ ਦਿਨਾਂ ਵਿਚ ਹੋਣ ਵਾਲੀ ਬਰਸਾਤ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਜਿਲ੍ਹਾ ਅਧਿਕਾਰੀਆਂ ਨਾਲ ਕੀਤੀ ਗਈ ਯੋਜਨਾਬੰਦੀ ਦੇ ਵੇਰਵੇ ਸਾਂਝੇ ਕੀਤੇ।ਉਨਾਂ ਕਿਹਾ ਕਿ ਸਾਡੇ ਲਈ ਰਾਹਤ ਵਾਲੀ ਗੱਲ ਇਹ ਹੈ ਕਿ ਅੱਜ ਤੱਕ ਅੰਮ੍ਰਿਤਸਰ ਜਿਲ੍ਹੇ ਵਿੱਚ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ, ਪਰ ਆਉਣ ਵਾਲੇ ਦਿਨਾਂ ਵਿਚ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ।ਉਨਾਂ ਦੱਸਿਆ ਕਿ ਸਾਡੇ ਜਿਲ੍ਹੇ ਦੀਆਂ ਹੱਦਾਂ ਨਾਲ ਲੱਗਦੇ ਦੋਵੇਂ ਦਰਿਆ ਰਾਵੀ ਤੇ ਸੱਤਲੁਜ ਖ਼ਤਰੇ ਦੇ ਨਿਸ਼ਾਨ ਤੋਂ ਬਹੁਤ ਹੇਠਾਂ ਵਹਿ ਰਹੇ ਹਨ।ਰਾਵੀ ਵਿੱਚ ਇਸ ਵੇਲੇ 27000 ਕਿਊਸਿਕ ਤੇ ਬਿਆਸ ਵਿੱਚ ਕਰੀਬ 24000 ਕਿਊਸਿਕ ਪਾਣੀ ਹੀ ਵਹਿ ਰਿਹਾ ਹੈ, ਜਦਕਿ ਇਹ ਤਿੰਨ ਲੱਖ ਕਿਊਸਕ ਪਾਣੀ ਅਸਾਨੀ ਨਾਲ ਬਰਦਾਸ਼ਤ ਕਰਨ ਦੇ ਸਮਰੱਥ ਹਨ।ਅੱਜ ਦੀ ਮੀਟਿੰਗ ਵਿੱੱਚ ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਸਹਾਇਕ ਕਮਿਸ਼ਨਰ ਸ੍ਰੀਮਤੀ ਹਰਨੂਰ ਕੌਰ, ਐਸ.ਡੀ.ਐਮ ਮਨਕੰਵਲ ਸਿੰਘ ਚਾਹਲ, ਐਸ.ਡੀ.ਐਮ ਸ੍ਰੀਮਤੀ ਅਲਕਾ ਕਾਲੀਆ, ਸੈਕਟਰੀ ਆਰ.ਟੀ.ਏ ਅਰਸ਼ਦੀਪ ਸਿੰਘ ਅਤੇ ਵਿਭਾਗਾਂ ਦੇ ਮੁਖੀ ਹਾਜ਼ਰ ਸਨ।
ਉਨਾਂ ਕਿਹਾ ਕਿ ਸਾਰੇ ਐਸ.ਡੀ.ਐਮਜ਼ ਆਪਣੇ ਆਪਣੇ ਇਲਾਕੇ ਵਿੱਚ ਲਗਾਤਾਰ ਸਥਿਤੀ ’ਤੇ ਨਜ਼ਰ ਰੱਖਣ ਤੇ ਸਬੰਧਤ ਪੰਚਾਇਤ ਅਧਿਕਾਰੀਆਂ ਕੋਲ ਰਿਪੋਰਟ ਲੈਂਦੇ ਰਹਿਣ।ਉਨਾਂ ਕਿਹਾ ਕਿ ਜੇਕਰ ਕੋਈ ਹੜ੍ਹ ਦੀ ਸਥਿਤੀ ਬਣਦੀ ਹੈ ਤਾਂ ਸਾਨੂੰ ਘਬਰਾਉਣ ਦੀ ਲੋੜ ਨਹੀਂ, ਬਲਕਿ ਕੀਤੀ ਗਈ ਯੋਜਨਾਬੰਦੀ ਨਾਲ ਕੰਮ ਕਰਨ ਦੀ ਲੋੜ ਪਵੇਗੀ।ਉਨਾਂ ਕਿਹਾ ਕਿ ਫੌਜ, ਬੀ.ਐਸ.ਐਫ਼, ਐਨ.ਡੀ.ਆਰ.ਐਫ ਵੀ ਸਾਡਾ ਸੰਪਰਕ ਵਿੱਚ ਹਨ ਅਤੇ ਲੋੜ ਵੇਲੇ ਸਾਡੀ ਮਦਦ ’ਤੇ ਆ ਸਕਦੇ ਹਨ।ਉਨਾਂ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਾ ਆਪ ਛੁੱਟੀ ਲੈਣ ਅਤੇ ਨਾ ਹੀ ਆਪਣੇ ਕਰਮਚਾਰੀਆਂ ਨੂੰ ਬਿਨਾਂ ਅਤਿ ਜ਼ਰੂਰੀ ਲੋੜ ਤੋਂ ਛੁੱਟੀ ਦੇਣ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …