Sunday, February 22, 2026

ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜਿਲ੍ਹਾ ਪ੍ਰਸ਼ਾਸ਼ਨ ਨੇ ਕਿਸਾਨਾਂ ਨਾਲ ਕੀਤੀ ਮੀਟਿੰਗ

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜਨਰਲ)

File Photo

ਅੰਮ੍ਰਿਤਸਰ ਹਰਪ੍ਰੀਤ ਸਿੰਘ ਵਲੋਂ ਝੋਨੇ ਦੀ ਅਗੇਤੀ ਕਟਾਈ ਕਰਨ ਵਾਲੇ ਬਲਾਕ ਰਈਆ, ਤਰਸਿੱਕਾ, ਜੰਡਿਆਲਾ ਗੁਰੂ, ਵੇਰਕਾ, ਮਜੀਠਾ ਅਤੇ ਅਟਾਰੀ ਦੇ ਕਿਸਾਨਾਂ ਅਤੇ ਬੇਲਰ ਅਪਰੇਟਰਾਂ ਨਾਲ ਮੀਟਿੰਗ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਅੰਦਰ 71 ਅਜਿਹੇ ਪਿੰਡਾਂ ਦੀ ਸ਼ਨਾਖਤ ਕੀਤੀ ਹੈ, ਜਿੰਨਾਂ ਵਿੱਚ ਝੋਨੇ ਦੀ ਅਗੇਤੀ ਕਟਾਈ ਹੋਣ ਉਪਰੰਤ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਅਤੇ ਹੁਣ ਇੰਨਾਂ ਪਿੰਡਾਂ ਵਿੱਚ ਵਾਤਾਵਰਣ ਬਚਾੳ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ, ਜੋ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨਗੀਆਂ।ਇਸ ਕਮੇਟੀ ਵਿੱਚ ਪਿੰਡ ਦਾ ਸਰਪੰਚ, ਨੰਬਰਦਾਰ ਅਤੇ ਦੋ ਅਗਾਂਹਵਧੂ ਕਿਸਾਨ ਮੈਂਬਰ ਹੋਣਗੇ। ਉਹਨਾਂ ਮੀਟਿੰਗ ਦੌਰਾਨ ਹਾਜ਼ਰ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਬਲਾਕਾਂ ਵਿੱਚ ਝੋਨੇ ਦੀ ਅਗੇਤੀ ਕਟਾਈ ਸ਼ੁਰੂ ਹੋਣ ਤੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਸਮੇਂ ਸਿਰ ਬੇਲਰ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਪਰਾਲੀ ਸਾਂਭਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।ਉਹਨਾਂ ਦੱਸਿਆ ਕਿ ਪਰਾਲੀ ਤੋਂ ਕੋਲੇ ਦੇ ਪੈਲਟ ਤਿਆਰ ਕਰਕੇ ਇਸ ਨੂੰ ਭੱਠਿਆਂ ਵਿੱਚ ਬਾਲਣ ਦੇ ਤੌਰ ‘ਤੇ ਵਰਤਿਆ ਜਾਵੇਗਾ।ਉਹਨਾਂ ਕਿਹਾ ਕਿ ਸਰਕਾਰ ਵਲੋਂ ਸਬਸਿਡੀ ‘ਤੇ ਵੰਡੀ ਗਈ ਖੇਤੀ ਮਸ਼ੀਨਰੀ ਨੂੰ ਪਰਾਲੀ ਸੰਭਾਲ ਲਈ ਵਰਤੋਂ ਵਿੱਚ ਲਿਆਉਣ ਲਈ ਸਾਰੇ ਕਸਟਮ ਹਾਇਰਿੰਗ ਸੈਂਟਰਾਂ, ਗ੍ਰਾਮ ਪੰਚਾਇਤਾਂ, ਸਹਿਕਾਰੀ ਸਭਾਵਾਂ ਨੂੰ ਵੀ ਹੁਣ ਤੋਂ ਹੀ ਲਾਮਬੰਦ ਕੀਤਾ ਜਾ ਰਿਹਾ ਹੈ ਤਾਂ ਜੋ ਪਰਾਲੀ ਨੂੰ ਖੇਤਾਂ ਵਿੱਚ ਵਾਹ ਕੇ ਕਣਕ ਅਤੇ ਹੋਰ ਫਸਲਾਂ ਦੀ ਬਿਜ਼ਾਈ ਕੀਤੀ ਜਾ ਸਕੇ।ਇਸ ਦੌਰਾਨ ਕਿਸਾਨਾਂ ਨੇ ਵੀ ਜਿਲ੍ਹਾ ਪ੍ਰਸ਼ਾਸ਼ਨ ਨਾਲ ਇਸ ਮਸਲੇ ‘ਤੇ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਅਤੇ ਪਰਾਲੀ ਦੀ ਸੰਭਾਲ ਵਿੱਚ ਆਉਂਦੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ।
ਮੁੱਖ ਖੇਤਬਾੜੀ ਅਫਸਰ ਅੰਮ੍ਰਿਤਸਰ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਫਸਲੀ ਰਹਿੰਦ-ਖੂੰਹਦ/ਪਰਾਲੀ ਸਾੜਨ ਨਾਲ ਵੱਡੀ ਮਾਤਰਾ ਵਿੱਚ ਜ਼ਰੂਰੀ ਖ਼ੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਜ਼ਮੀਨ ਵਿਚਲੇ ਮਿੱਤਰ ਕੀੜੇ ਅਤੇ ਹੋਰ ਲਾਭਦਾਇਕ ਸੂਖਮ ਜੀਵ ਸੜ ਜਾਂਦੇ ਹਨ।ਮੁਨੱਖ ਦਮਾਂ, ਅਲਰਜ਼ੀ ਅਤੇ ਹੋਰ ਮਾਨਸਿਕ ਬੀਮਾਰੀਆਂ ਤੋਂ ਪੀੜਤ ਹੋ ਜਾਂਦੇ ਹਨ ਅਤੇ ਪਰਾਲੀ ਦਾ ਧੂੰਆਂ ਕਈ ਜਾਨਲੇਵਾ ਦੁਰਘਟਨਾਵਾਂ ਦਾ ਕਾਰਨ ਬਣਦਾ ਹੈ। ਜੇਕਰ ਫਸਲੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਹੀ ਦਬਾ ਦਿੱਤਾ ਜਾਵੇ ਤਾਂ ਇਸ ਨਾਲ ਧਰਤੀ ਵਿੱਚ ਪਾਣੀ ਜਜ਼ਬ ਕਰਨ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ, ਖਾਦਾਂ ਦੀ ਘੱਟ ਵਰਤੋਂ ਹੁੰਦੀ ਹੈ ਅਤੇ ਫਸਲਾਂ ਦਾ ਝਾੜ ਵੀ ਵਧਦਾ ਹੈ।
ਇਸ ਮੌਕੇ ਐਕਸੀਅਨ ਪ੍ਰਦੂਸ਼ਨ ਰੋਕਥਾਮ ਬੋਰਡ ਅਮ੍ਰਿਤਪਾਲ ਸਿੰਘ ਚਾਹਲ, ਖੇਤੀਬਾੜੀ ਵਿਕਾਸ ਅਫਸਰ ਪਰਜੀਤ ਸਿੰਘ ਔਲਖ, ਰਸ਼ਪਾਲ ਸਿੰਘ ਬੰਡਾਲਾ, ਕਿਸਾਨ ਹਰਜੀਤ ਸਿੰਘ ਝੀਤਾ ਕਲਾਂ, ਕੇਵਲ ਸਿੰਘ ਫਤਿਹਗੜ੍ਹ ਸ਼ੁੱਕਰਚੱਕ, ਜਸਪਾਲ ਸਿੰਘ ਨਬੀਪੁਰ, ਜਸਵਿੰਦਰ ਸਿੰਘ ਨਬੀਪੁਰ, ਸੋਹਣ ਸਿੰਘ ਗਦਲੀ, ਗੁਰਦੀਪ ਸਿੰਘ ਜੱਬੋਵਾਲ, ਸਕੱਤਰ ਸਿੰਘ ਮੰਡਿਆਲਾ, ਗੁਰਿੰਦਰ ਸਿੰਘ, ਹਰਜਿੰਦਰ ਸਿੰਘ, ਭੁਪਿੰਦਰ ਸਿੰਘ ਅਤੇ ਹੋਰ ਕਿਸਾਨ ਮੌਜ਼ੂਦ ਸਨ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …