124 ਪਰਿਵਾਰਾਂ ਨੂੰ ਕਰੀਬ 12.50 ਲੱਖ ਰੁਪਏ ਰਾਸ਼ੀ ਦੇ ਦਿੱਤੇ ਚੈਕ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋ ਹੜ੍ਹ ਪੀੜਤਾਂ ਦੀ ਅੋਖੀ ਘੜੀ ਵਿੱਚ ਬਾਂਹ ਫੜ੍ਹਦਿਆਂ ਉਨਾਂ ਨੂੰ ਮੁਆਵਜ਼ਜਾ ਦੇਣ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਅੱਜ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਪਿੰਡ ਮੁੱਛਲ ਵਿਖੇ ਮੀਂਹ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਮੁਆਵਜ਼ਾ ਰਾਸ਼ੀ ਦੇ ਚੈਕ ਵੰਡੇ।
ਈ.ਟੀ.ਓ ਨੇ ਦੱਸਿਆ ਕਿ 124 ਪਰਿਵਾਰਾਂ ਨੂੰ 12,56,020/- ਰੁਪਏ ਦੇ ਮੁਆਵਜ਼ਾ ਰਾਸ਼ੀ ਦੇ ਚੈਕ ਦਿੱਤੇ ਗਏ ਹਨ।ਮੁਆਵਜ਼ਾ ਰਾਸ਼ੀ ਦੇ ਚੈਕ ਤਕਸੀਮ ਕਰਨ ਮੌਕੇ ਈ. ਟੀ.ਓ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਮੀਂਹ ਤੋਂ ਪ੍ਰਭਾਵਿਤ ਪੀੜ੍ਹਤਾਂ ਦੇ ਨਾਲ ਖੜ੍ਹੀ ਹੈ ਅਤੇ ਸਰਕਾਰ ਵਲੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਮੁਆਵਜ਼ਾ ਰਾਸ਼ੀ ਵੰਡਣੀ ਸ਼ੁਰੂ ਕਰ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਜਿਨ੍ਹਾਂ ਰਜਿਸਟਰਡ ਪਸ਼ੂਆਂ ਦੀ ਹੜ੍ਹ ਦੌਰਾਨ ਮੌਤ ਹੋਈ ਸੀ, ਉਨਾਂ ਪਸ਼ੂ ਪਾਲਕਾਂ ਨੂੰ ਵੀ ਮੁਆਵਜ਼ਾ ਦਿੱਤਾ ਜਾ ਰਿਹਾ ਹੈ।ਈ.ਟੀ.ਓ ਨੇ ਕਿਹਾ ਕਿ ਰਾਜ ਸਰਕਾਰ ਵਲੋਂ ਜਲਦੀ ਹੀ ਫਸਲਾਂ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁਆਵਜਾ ਵੰਡਣ ਦੀ ਪ੍ਰਕਿਰਿਆ ‘ਤੇ ਨਿਰੰਤਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਸ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਲਈ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਉਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਜਿਸਦਾ ਨੁਕਸਾਨ ਹੋਇਆ ਹੈ ਨੂੰ ਮੁਆਵਜ਼ਾ ਨਹੀਂ ਮਿਲਿਆ ਤਾਂ ਉਹ ਸਬੰਧਤ ਅਧਿਕਾਰੀਆਂ ਨੂੰ ਧਿਆਨ ਵਿੱਚ ਲਿਆਵੇ ਤਾਂ ਜੋ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ।
ਇਸ ਮੌਕੇ ਚੇਅਰਮੈਨ ਛਨਾਖ ਸਿੰਘ ਗਹਿਰੀ ਮੰਡੀ ਜੰਡਿਆਲਾ, ਚੇਅਰਮੈਨ ਗੁਰਵਿੰਦਰ ਸਿੰਘ, ਮਾਰਕੀਟ ਕਮੇਟੀ ਮਹਿਤਾ, ਅਕਵਿੰਦਰ ਕੌਰ ਨਾਇਬ ਤਹਿਸੀਲਦਾਰ, ਸਰਬਜੀਤ ਸਿੰਘ ਡਿੰਪੀ, ਸਤਿੰਦਰ ਸਿੰਘ, ਸੁਖਵਿੰਦਰ ਸਿੰਘ, ਨਰੇਸ਼ ਪਾਠਕ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।