ਵਿਕਾਸ ਕੰਮਾਂ ਨਾਲ ਸਰਹੱਦੀ ਖੇਤਰ ਦੇ ਵਿਕਾਸ ਨੂੰ ਵੱਡਾ ਮਿਲੇਗਾ ਹੁਲਾਰਾ

ਫਾਜ਼ਿਲਕਾ, 22 ਦਸੰਬਰ (ਵਿਨੀਤ ਅਰੋੜਾ) – ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਦੇ ਵਿਸ਼ੇਸ਼ ਯਤਨਾਂ ਸਦਕਾ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਵਿਚ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨ ਲਈ ਵੱਖ-ਵੱਖ ਵਿਕਾਸ ਕਾਰਜਾਂ ਤੇ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੀਤੇ ਜਾਣਗੇ, ਤੇ ਇਨ੍ਹਾਂ ਕੰਮਾਂ ਲਈ ਮੁੱਖ ਮੰਤਰੀ ਵੱਲੋਂ ਲੋੜੀਂਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਫਾਜ਼ਿਲਕਾ ਜ਼ਿਲ੍ਹੇ ਵਿਚ ਚਾਲੂ ਸਾਲ ਦੌਰਾਨ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ (ਬੀ.ਏ.ਡੀ.ਪੀ) ਅਧੀਨ 11 ਕਰੋੜ 75 ਲੱਖ ਰੁਪਏ ਖਰਚ ਕੀਤੇ ਜਾਣਗੇ, ਜਿਸ ਨਾਲ ਸਰਹੱਦੀ ਖੇਤਰ ਦੇ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਨੇ ਦਿੱਤੀ।
ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ ਅਧੀਨ ਫਾਜ਼ਿਲਕਾ ਬਲਾਕ ਵਿਚ 3 ਕਰੋੜ 32 ਲੱਖ ਰੁਪਏ, ਬਲਾਕ ਜਲਾਲਾਬਾਦ ਵਿਚ 5 ਕਰੋੜ 13 ਲੱਖ ਰੁਪਏ ਅਤੇ ਖੂਈਆਂ ਸਰਵਰ ਬਲਾਕ ਵਿਚ 3 ਕਰੋੜ 30 ਲੱਖ ਰੁਪਏ ਸਰਹੱਦੀ ਖੇਤਰ ਦੇ ਵਿਕਾਸ ਤੇ ਖਰਚੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਪਿੰਡਾ ਵਿਚ 24 ਘੰਟੇ ਬਿਜਲੀ ਸਪਲਾਈ ਦੇਣ ਲਈ 65 ਕੰਮਾਂ ਲਈ 70 ਲੱਖ, ਜਨ ਸਿਹਤ ਦੇ ਖੇਤਰ ਵਿਚ ਸਿਵਲ ਹਸਪਤਾਲ ਅਤੇ ਪਸ਼ੂ ਹਸਪਤਾਲਾਂ ਦੀ ਮੁਰੰਮਤ ਅਤੇ ਨਵੇਂ 34 ਕੰਮਾਂ ਲਈ 4 ਕਰੋੜ 46 ਲੱਖ ਰੁਪਏ, ਮੁੱਢਲੇ ਢਾਂਚੇ ਦੇ ਵਿਸਥਾਰ, ਸੜਕਾਂ ਆਦਿ ਦੇ ਨਿਰਮਾਣ ਅਤੇ ਮੁਰੰਮਤ ਦੇ 37 ਕੰਮਾਂ ਲਈ 5 ਕਰੋੜ 88 ਲੱਖ ਰੁਪਏ ਅਤੇ 15 ਪਿੰਡਾਂ ਨੂੰ ਸੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ 71 ਲੱਖ ਰੁਪਏ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਕਾਸ ਕੰਮਾਂ ਨਾਲ ਸਰਹੱਦੀ ਜ਼ਿਲ੍ਹੇ ਦੇ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ ਤੇ ਲੋਕਾਂ ਦੀਆਂ ਸਹੂਲਤਾਂ ਵਿਚ ਹੋਰ ਵਾਧਾ ਹੋਵੇਗਾ।
Punjab Post Daily Online Newspaper & Print Media