ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਵੀ ਹਮਾਇਤ ਦਾ ਭਰੋਸਾ ਕੰਵਰਬੀਰ ਸਿੰਘ
ਅੰਮ੍ਰਿਤਸਰ, 22 ਦਸੰਬਰ (ਗੁਰਪ੍ਰੀਤ ਸਿੰਘ) – ਬੰਦੀ ਸਿੰਘਾਂ ਦੀ ਪੱਕੀ ਰਿਹਾਈ ਅਤੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਹੱਕ ਵਿੱਚ ਅੱਜ ਸਮੂੰਹ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਦਿਆਂ ਮੰਗ ਕੀਤੀ ਕਿ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਜਲਦ ਉਚਿਤ ਉਪਰਾਲੇ ਕੀਤੇ ਜਾਣ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ.ਐਸ.ਓ. ਦੇ ਸੂਬਾ ਪ੍ਰਧਾਨ ਤੇ ਜੇਲ੍ਹ ਵਿਭਾਗ ਮੈਂਬਰ ਕੰਵਰਬੀਰ ਸਿੰਘ (ਅੰਮ੍ਰਿਤਸਰ), ਸਿੱਖ ਕਤਲੇਆਮ ਦੀ ਮੁੱਖ ਗਵਾਹ ਬੀਬੀ ਜਗਦੀਸ਼ ਕੌਰ, ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਅੰਮ੍ਰਿਤਪਾਲ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਵੱਲੋਂ ਲਗਾਤਾਰ ਸਿੰਘਾਂ ਦੀ ਪੱਕੀ ਰਿਹਾਈ ਲਈ ਸਰਕਾਰਾਂ ਨਾਲ ਰਾਬਤਾ ਚੱਲ ਰਿਹਾ ਹੈ ਅਤੇ ਉਹ ਆਪ ਵੀ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਸਿਹਤ ਪ੍ਰਤੀ ਚਿੰਤਤ ਹਨ। ਉਥੇ ਉਨ੍ਹਾਂ ਵੱਲੋਂ ਚੱਲ ਰਹੇ ਸ਼ਾਂਤਮਈ ਸੰਘਰਸ਼ ਦਾ ਵੀ ਉਹ ਪੂਰਨ ਸਮਰਥਨ ਕਰਦੇ ਹਨ। ਆਗੂਆਂ ਨੇ ਜਦੋਂ ਜਥੇਦਾਰ ਸਾਹਿਬ ਕੋਲੋਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਗਈ ਕਿ ਕੀ ਉਹ ਗੁਰਦੁਆਰਾ ਲਖਨੌਰ ਸਾਹਿਬ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਮਿਲਣ ਜਾਣਗੇ ਤਾਂ ਉਨ੍ਹਾਂ ਨੇ ਜਵਾਬ ਵਿੱਚ ਕਿਹਾ ਕਿ ਉਹ ਪੰਜ ਸਿੰਘ ਸਾਹਿਬਾਨਾਂ ਨਾਲ ਵਿਚਾਰ ਕਰਨ ਉਪਰੰਤ ਆਪਣਾ ਅਗਲਾ ਫੈਸਲਾ ਲੈਣਗੇ। ਕੰਵਰਬੀਰ ਸਿੰਘ, ਅੰਮ੍ਰਿਤਪਾਲ ਸਿੰਘ ਤੇ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵਿਚਾਰ ਕਰਦਿਆਂ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਸਿੱਧੇ ਤੌਰ ਤੇ ਹਦਾਇਤ ਕੀਤੀ ਹੈ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਹਾਲਤ ਨੂੰ ਦੇਖਦੇ ਹੋਏ ਸਰਕਾਰਾਂ ਤੁਰੰਤ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਨ। ਉਨ੍ਹਾਂ ਕਿਹਾ ਕਿ ਨਿੱਜੀ ਤੌਰ ਤੇ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਦੇ ਨੇੜਲੇ ਹੱਲ ਲਈ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਗੱਲਬਾਤ ਲਈ ਸਮਾਂ ਲੈ ਰਹੇ ਹਨ ਤਾਂ ਜੋ ਸਿੰਘਾਂ ਦੀ ਰਿਹਾਈ ਦੀ ਮੰਗ ਪੂਰੀ ਹੋ ਸਕੇ।ਉਨ੍ਹਾਂ ਕਿਹਾ ਕਿ ਕਾਨੂੰਨੀ ਪੱਖ ਨੂੰ ਵੀ ਮਜ਼ਬੂਤ ਕਰਨ ਲਈ ਜਲਦ ਹੀ ਸੀਨੀਅਰ ਵਕੀਲਾਂ ਨਾਲ ਉਹ ਗੱਲਬਾਤ ਵੀ ਕਰਨਗੇ।ਇਸ ਮੌਕੇ ਪ੍ਰਧਾਨ ਕੰਵਰਬੀਰ ਸਿੰਘ ਅੰਮ੍ਰਿਤਸਰ ਨੇ ਕਿਹਾ ਕਿ ਦਮਦਮੀ ਟਕਸਾਲ ਤੇ ਸੰਤ ਸਮਾਜ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਵੀ ਉਨ੍ਹਾਂ ਨਾਲ ਨਿੱਜੀ ਤੌਰ ਤੇ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਕੀਤੇ ਸੰਘਰਸ਼ ਦੀ ਉਹ ਪੂਰੀ ਤੌਰ ਤੇ ਹਮਾਇਤ ਕਰਦੇ ਹਨ ਅਤੇ ਅੱਜ ਜੋ ਸੰਤ ਸਮਾਜ ਦਾ ਵਫਦ ਪੰਥਕ ਮਸਲਿਆਂ ਦੇ ਹੱਲ ਲਈ ਜਥੇਦਾਰ ਨੂੰ ਮਿਲ ਕੇ ਜੋ ਮੰਗ ਪੱਤਰ ਸੌਂਪਿਆ ਹੈ ਉਸ ਵਿੱਚ ਵੀ ਸੰਤ ਸਮਾਜ ਵੱਲੋਂ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਮੰਗ ਕੀਤੀ ਗਈ ਹੈ।
ਇਸ ਮੌਕੇ ਸੀਨੀ: ਅਕਾਲੀ ਆਗੂ ਮਹਾਂਬੀਰ ਸਿੰਘ ਸੁਲਤਾਨਵਿੰਡ, ਮੁਖਤਿਆਰ ਸਿੰਘ, ਬਾਬਾ ਰਸਾਲ ਸਿੰਘ ਆਪਣੇ ਸਾਥੀਆਂ ਸਮੇਤ ਅਤੇ ਆਈ.ਐਸ.ਓ. ਦੇ ਆਗੂ ਗੁਰਮਨਜੀਤ ਸਿੰਘ ਅੰਮ੍ਰਿਤਸਰ, ਗੁਰਦੀਪ ਸਿੰਘ ਗੋਲਡੀ, ਬਿਕਰਮਜੀਤ ਸਿੰਘ, ਕੁਲਜੀਤ ਸਿੰਘ, ਮਨਦੀਪ ਸਿੰਘ, ਕੁਲਜੀਤ ਸਿੰਘ, ਸੰਦੀਪ ਸਿੰਘ ਖਾਲਸਾ, ਮਨਜੀਤ ਸਿੰਘ ਪੰਛੀ, ਸੁਖਦੇਵ ਸਿੰਘ ਸੁੱਖ, ਸਰਬਜੀਤ ਸਿੰਘ, ਹੀਰਾ ਸਿੰਘ ਸਮੇਤ ਅਨੇਕਾਂ ਸੰਗਤਾਂ ਹਾਜ਼ਰ ਸਨ।