
ਅੰਮ੍ਰਿਤਸਰ, 22 ਦਸੰਬਰ (ਗੁਰਪ੍ਰੀਤ ਸਿੰੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਅਤੇ ਹੋਰ ਸਿੰਘ ਜੋ ਚਮਕੌਰ ਦੀ ਜੰਗ ਦੌਰਾਨ ਸ਼ਹੀਦ ਹੋਏ ਉਨ੍ਹਾਂ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਦਿਹਾੜਾ ਸਥਾਨਕ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਜਸਪਿੰਦਰ ਸਿੰਘ ਦੇ ਜਥੇ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਅਰਦਾਸ ਭਾਈ ਰਾਜਦੀਪ ਸਿੰਘ ਨੇ ਕੀਤੀ।
ਇਸ ਮੌਕੇ ਭਾਈ ਰਾਜਦੀਪ ਸਿੰਘ ਅਰਦਾਸੀਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਸਮੇਤ ਤਕਰੀਬਨ 40 ਸਿੰਘਾਂ ਵੱਲੋਂ ਦਸ ਲੱਖ ਦੁਸ਼ਮਣ ਫੌਜ ਦਾ ਟਾਕਰਾ ਕਰਦਿਆਂ ਚਮਕੌਰ ਦੀ ਕੱਚੀ ਗੜ੍ਹੀ ਵਿਖੇ ਘਮਸਾਨ ਦੇ ਯੁੱਧ ਦੌਰਾਨ ਦਿੱਤੀਆਂ ਅਦੁੱਤੀ ਸ਼ਹਾਦਤਾਂ ਬਾਰੇ ਸੰਗਤਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਇਨ੍ਹਾਂ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਕਿਹਾ।ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਸਾਹਿਬਾਨ, ਸ਼ਹੀਦਾਂ ਤੇ ਭਗਤਾਂ ਦੇ ਦਿਨ-ਦਿਹਾੜੇ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ।ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਪੁਰਾਤਨ ਇਤਿਹਾਸ ਨੂੰ ਯਾਦ ਰੱਖਦੀਆਂ ਹਨ ਉਹ ਸਦਾ ਜਿਊਂਦੀਆਂ ਰਹਿੰਦੀਆਂ ਹਨ।ਉਨ੍ਹਾਂ ਕਿਹਾ ਕਿ ਅੱਜ ਪੂਰੀ ਸਿੱਖ ਕੌਮ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਅਤੇ ਹੋਰ ਸਿੰਘਾਂ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ-ਭਾਵਨਾ ਨਾਲ ਮਨਾ ਰਹੀ ਹੈ।
ਇਸ ਮੌਕੇ ਸ. ਮਨਜੀਤ ਸਿੰਘ ਸਕੱਤਰ, ਸ. ਹਰਭਜਨ ਸਿੰਘ ਮਨਾਵਾਂ ਵਧੀਕ ਸਕੱਤਰ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਸਕੱਤਰ ਸਿੰਘ, ਸ. ਬਿਜੈ ਸਿੰਘ ਤੇ ਸ. ਹਰਮਿੰਦਰ ਸਿੰਘ ਮੂਧਲ ਮੀਤ ਸਕੱਤਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਪ੍ਰਤਾਪ ਸਿੰਘ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ. ਹਰਿੰਦਰਪਾਲ ਸਿੰਘ ਚੀਫ ਅਕਾਊਟੈਂੇਟ ਸ. ਬਿਅੰਤ ਸਿੰਘ, ਸ. ਸੁਖਰਾਜ ਸਿੰਘ ਤੇ ਸ. ਹਰਜਿੰਦਰ ਸਿੰਘ ਐਡੀ. ਮੈਨੇਜਰ, ਸ. ਸਤਨਾਮ ਸਿੰਘ, ਸ. ਸੁਖਬੀਰ ਸਿੰਘ ਇੰਚਾਰਜ, ਸ. ਅਰਵਿੰਦਰ ਸਿੰਘ ਸਾਸਨ ਏ ਪੀ ਆਰ ਓ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Punjab Post Daily Online Newspaper & Print Media