Tuesday, December 5, 2023

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬੀ ਜ਼ੋਨ ਜ਼ੋਨਲ ਯੁਵਕ ਮੇਲਾ ਸ਼ੁਰੂ

ਅੰਮ੍ਰਿਤਸਰ, 1 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਢੋਲ ਦੀ ਥਾਪ ਨਾਲ ਭੰਗੜੇ ਦੇ ਮੁਕਾਬਲਿਆਂ ਨਾਲ ਬੀੱ ਜ਼ੋਨ ਜ਼ੋਨਲ ਯੁਵਕ ਮੇਲਾ ਸ਼ੁਰੂ ਹੋ ਗਿਆ।ਵੱਡੀ ਗਿਣਤੀ ‘ਚ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਅਤੇ ਵਿਭਾਗਾਂ ਦੇ ਵਿਦਿਆਰਥੀ ਮੌਜ਼ੂਦ ਸਨ।ਪਹਿਲੇ ਦਿਨ ਦੇ ਮੁਕਾਬਲਿਆਂ ਵਿੱਚ ਭੰਗੜੇ ਵਿੱਚ ਪਹਿਲਾ ਸਥਾਨ ਗੁਰੂ ਨਾਨਕ ਕਾਲਜ, ਬਟਾਲਾ ਨੇ ਹਾਸਲ ਕੀਤਾ।ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਨੇ ਦੂਜਾ ਅਤੇ ਬਾਬਾ ਅਜੈ ਸਿੰਘ ਖਾਲਸਾ ਕਾਲਜ, ਗੁਰਦਾਸਨੰਗਲ ਨੇ ਤੀਜ਼ਾ ਹਾਸਲ ਕੀਤਾ।ਭੰਗੜੇ ਵਿੱਚ ਪਹਿਲਾ ਬੈਸਟ ਓਂਕਾਰ ਸਿੰਘ ਅਤੇ ਦੂਜਾ ਬੈਸਟ ਜੈ ਸ਼ਰਮਾ ਨੂੰ ਐਲਾਨਿਆ ਗਿਆ।
ਇਸ 3-ਦਿਨਾਂ ਮੇਲੇ ਵਿਚ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਵਿਦਿਆਰਥੀ-ਕਲਾਕਾਰ ਵੱਖ-ਵੱਖ ਕਲਾ/ਸਭਿਆਚਾਰਕ ਆਈਟਮਾਂ ਵਿਚ ਭਾਗ ਲੈ ਰਹੇ ਹਨ।3 ਅਕਤੂਬਰ ਤੱਕ ਚੱਲਣ ਵਾਲੇ ਇਸ ਯੁਵਕ ਮੇਲੇ ਦੇ ਅਲੱਗ-ਅਲੱਗ ਮੁਕਾਬਲੇ ਦਸਮੇਸ਼ ਆਡੀਟੋਰੀਅਮ ਤੋਂ ਇਲਾਵਾ ਯੂਨੀਵਰਸਿਟੀ ਵਿਖੇ ਵੱਖ-ਵੱਖ ਸਟੇਜਾਂ ਜਿਵੇਂ ਗੁਰੂ ਨਾਨਕ ਭਵਨ, ਕਾਨਫਰੰਸ ਹਾਲ ਅਤੇ ਆਰਕੀਟੈਕਚਰ ਵਿਭਾਗ ਵਿਖੇ ਆਯੋਜਤ ਕੀਤੇ ਜਾ ਰਹੇ ਹਨ।
ਮੇਲੇ ਦਾ ਰਸਮੀ ਉਦਘਾਟਨ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ, ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ। ਇਸ ਸਮੇਂ ਉਨ੍ਹਾਂ ਨਾਲ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਅਮਨਦੀਪ ਸਿੰਘ ਵੀ ਸ਼ਾਮਿਲ ਸਨ। ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਇਸ ਦਸਮੇਸ਼ ਆਡੀਟੋਰੀਅਮ ਦੀ ਸਟੇਜ਼ ਉਹ ਸਥਾਨ ਹੈ, ਜਿਸ ਤੋਂ ਵੱਡੇ ਵੱਡੇ ਫਨਕਾਰ ਪੈਦਾ ਹੋਏ ਹਨ। ਪ੍ਰਸਿੱਧ ਕਮੇਡੀਅਨ ਕਪਿਲ ਸ਼ਰਮਾ ਅਤੇ ਹੋਰ ਕਲਾਕਾਰਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਸਟੇਜ਼ ‘ਤੇ ਆਉਣਾ ਹੀ ਆਪਣੇ ਆਪ ਵਿਚ ਇੱਕ ਪ੍ਰਾਪਤੀ ਹੈ ਅਤੇ ਸਖਤ ਮਿਹਨਤ ਅਤੇ ਲਗਨ ਨਾਲ ਕੀਤੀ ਗਈ ਮਿਹਨਤ ਨੂੰ ਇਹ ਸਟੇਜ਼ ਜਰੂਰ ਫਲ ਲਾਉਂਦਾ ਹੈ।ਉਨ੍ਹਾਂ ਕਿਹਾ ਕਿ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜਿਉਣਾ ਚਾਹੀਦਾ ਹੈ।ਇਕ ਕਹਾਣੀ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਜ਼ਿੰਦਗੀ ਨੂੰ ਆਮ ਰਵਾਨਗੀ ਨਾਲ ਜਿਉਣਾ ਜਾਂ ਜ਼ਿੰਦਗੀ ਨੂੰ ਵਿਸ਼ੇਸ਼ ਰੂਪ ਵਿਚ ਜਿਉਣਾ, ਇਹ ਸਾਡੀ ਸੋਚ ‘ਤੇ ਨਿਰਭਰ ਕਰਦਾ ਹੈ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਯੋਗ ਅਗਵਾਈ ਨਾਲ ਯੂਨੀਵਰਸਿਟੀ ਦਿਨੋਂ ਦਿਨ ਤਰੱਕੀ ਕਰ ਰਹੀ ਹੈ ਅਤੇ ਨਿਤ ਨਵੇਂ ਮਆਰਕੇ ਮਾਰ ਰਹੀ ਹੈ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਸਾਡੇ ਦੇਸ਼ ਦਾ ਭਵਿੱਖ ਹੈ ਅਤੇ ਅਸੀਂ ਆਸਵੰਦ ਹਾਂ ਕਿ ਇਹ ਨੌਜੁਆਨ ਪੀੜ੍ਹੀ ਸਮਾਜ ਨੂੰ ਹੋਰ ਬਿਹਤਰ ਬਣਾਉਣ ਵਿਚ ਆਪਣਾ ਰੋਲ ਅਦਾ ਕਰੇਗੀ।
ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਦਸਮੇਸ਼ ਆਡੀਟੋਰੀਅਮ ਵਿਚ ਭੰਗੜੇ ਤੋਂ ਇਲਾਵਾ ਅੱਜ ਹੋਏ ਮੁਕਾਬਲਿਆਂ ਵਿਚ ਸਮੂਹ ਸ਼ਬਦ/ਭਜਨ, ਸਮੂਹ ਗਾਇਨ (ਭਾਰਤੀ) ਅਤੇ ਲੋਕ ਸਾਜ਼ ਦੇ ਮੁਕਾਬਲੇ ਹੋਏ। ਗੁਰੂ ਨਾਨਕ ਭਵਨ ਦੀ ਸਟੇਜ ‘ਤੇ ਕਲਾਸੀਕਲ ਇੰਸ. (ਪਰਕਸ਼ਨ), ਕਲਾਸੀਕਲ ਇੰਸ. (ਨਾਨ-ਪਰਕਸ਼ਨ) ਅਤੇ ਕਲਾਸੀਕਲ ਵੋਕਲ ਦੇ ਮੁਕਾਬਲੇ ਹੋਏ। ਇਸ ਤੋਂ ਇਲਾਵਾ ਆਰਕੀਟੈਕਚਰ ਸਟੇਜ ੱਤੇ ਪੇਂਟਿੰਗ ਆਨ ਦ ਸਪਾਟ, ਕਾਰਟੂਨਿੰਗ, ਕੋਲਾਜ਼, ਪੋਸਟਰ ਮੇਕਿੰਗ, ਕਲੇਅ ਮਾਡਲਿੰਗ, ਆਨ ਦ ਸਪਾਟ ਫੋਟੋਗਰਾਫੀ, ਇੰਸਟਾਲੇਸ਼ਨ ਦੇ ਮੁਕਾਬਲੇ ਹੋਏ। ਕੁਇਜ਼ ਦੇ ਮੁਕਾਬਲਿਆਂ ਦਾ ਆਯੋਜਨ ਕਾਨਫਰੰਸ ਹਾਲ ਦੀ ਸਟੇਜ ‘ਤੇ ਕੀਤਾ ਗਿਆ
ਉਨ੍ਹਾਂ ਕਿਹਾ ਕਿ 2 ਅਕਤੂਬਰ ਨੂੰ ਦਸਮੇਸ਼ ਆਡੀਟੋਰੀਅਮ ਵਿੱਚ ਕਾਸਟਿਊਮ ਪਰੇਡ, ਮਾਈਮ, ਮਿਮਕਰੀ, ਸਕਿਟ, ਵਨ ਐਕਟ ਪਲੇਅ ਅਤੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਵਾਰ ਗਾਇਨ, ਕਵਿਸ਼ਰੀ, ਗੀਤ/ਗਜ਼ਲ, ਲੋਕ ਗੀਤ ਦੇ ਮੁਕਾਬਲੇ ਹੋਣਗੇ।ਆਰਕੀਟੈਕਚਰ ਵਿਭਾਗ ਦੀ ਸਟੇਜ ੱਤੇ ਰੰਗੋਲੀ, ਫੁਲਕਾਰੀ, ਮਹਿੰਦੀ ਅਤੇ ਕਾਨਫਰੰਸ ਹਾਲ ਵਿਚ ਪੋਇਟੀਕਲ ਸਿੰਪੋਜ਼ੀਅਮ, ਇਲੋਕਿਊਸ਼ਨ, ਡੀਬੇਟ ਦੇ ਮੁਕਾਬਲੇ ਹੋਣਗੇ। 3 ਅਕਤੂਬਰ ਨੂੰ ਦਸਮੇਸ਼ ਆਡੀਟੋਰੀਅਮ ਵਿੱਚ ਗਿੱਧਾ ਅਤੇ ਜਨਰਲ ਡਾਂਸ ਅਤੇ ਗੁਰੂ ਨਾਨਕ ਭਵਨ ਦੀ ਸਟੇਜ਼ ‘ਤੇ ਵੈਸਟਰਨ ਵੋਕਲ (ਸੋਲੋ), ਵੈਸਟਰਨ ਗਰੁੱਪ ਸਾਂਗ, ਵੈਸਟਰਨ ਇੰਸਟਰੂਮੈਂਟਲ ਸੋਲੋ, ਦੇ ਮੁਕਾਬਲਿਆਂ ਤੋਂ ਬਾਅਦ ਇਨਾਮ ਵੰਡ ਸਮਾਗਮ ਦਸਮੇਸ਼ ਆਡੀਟੋਰੀਅਮ ਵਿਖੇ ਹੋਵੇਗਾ।
ਇਸ ਮੌਕੇ ਡਾ. ਆਰ.ਐਸ. ਕਲੇਰ, ਡਾ. ਬਲਬੀਰ ਸਿੰਘ, ਡਾ. ਪਰਮਬੀਰ ਸਿੰਘ ਮੱਲ੍ਹੀ, ਡਾ. ਗੁਰਪ੍ਰੀਤ ਸਿੰਘ, ਡਾ. ਬਲਜੀਤ ਕੌਰ ਰਿਆੜ, ਡਾ. ਕੁਲਦੀਪ ਸਿੰਘ, ਡਾ. ਸੰਦੀਪ ਕੁਮਾਰ, ਡਾ. ਸਚਿਨ ਕੁਮਾਰ, ਡਾ. ਅਸ਼ਵਿੰਦ, ਸਰਬਿੰਦਰ ਸਿੰਘ ਤੋਂ ਇਲਾਵਾ ਯੁਵਕ ਮੇਲੇ ਦੀ ਫੈਕਲਟੀ ਟੀਮ ਦੇ ਹੋਰ ਵੀ ਮੈਂਬਰ ਮੌਜ਼ੂਦ ਸਨ।

Check Also

ਲੋਕ ਕਲਾ ਮੰਚ ਵਲੋਂ ਮਰਹੂਮ ਗਾਇਕ ਜਨਾਬ ਕੁਲਦੀਪ ਮਾਣਕ ਦੇ ਸਪੁੱਤਰ ਯੁਧਵੀਰ ਮਾਣਕ ਦਾ ਸਨਮਾਨ

ਸੰਗਰੂਰ, 5 ਦਸੰਬਰ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਪੰਜਾਬੀ ਗਾਇਕੀ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਣਕ …