Friday, November 22, 2024

ਪ੍ਰਧਾਨ ਮੰਤਰੀ ਦੇ ਸੱਦੇ `ਤੇ ਅੰਮ੍ਰਿਤਸਰ ਦੇ ਵਾਰ ਮੈਮੋਰੀਅਲ ਵਿਖੇ ਵੱਡੇ ਪੱਧਰ `ਤੇ ਸ਼੍ਰਮਦਾਨ ਕੀਤਾ ਗਿਆ

ਨੁੱਕੜ ਨਾਟਕ ਰਾਹੀਂ ਦਿੱਤਾ ਗਿਆ ਸਵੱਛਤਾ ਦਾ ਸੁਨੇਹਾ

ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ) – ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨ ਵਲੋਂ ਐਨ.ਸੀ.ਸੀ ਦੀ ਫਸਟ ਪੰਜਾਬ ਬਟਾਲੀਅਨ ਦੇ ਸਹਿਯੋਗ ਨਾਲ ਵਾਰ ਮੈਮੋਰੀਅਲ ਵਿਖੇ ਸਵੱਛ ਭਾਰਤ ਮੁਹਿੰਮ ਦਾ ਸੁਨੇਹਾ ਦਿੰਦਿਆਂ ਵੱਡੇ ਪੱਧਰ ‘ਤੇ ਸ਼ਹਿਰ ਵਿੱਚ ਸ਼਼੍ਰਮਦਾਨ ਮੁਹਿੰਮ ਵਿੱਢੀ ਗਈ।ਵੱਡੀ ਗਿਣਤੀ ‘ਚ ਪੁੱਜੇ ਨੌਜਵਾਨਾਂ ਨੇ ਸ਼਼੍ਰਮਦਾਨ ਤੋਂ ਪਹਿਲਾਂ ਅਪਣਾ ਆਲਾ ਦੁਆਲਾ ਸਾਫ ਰੱਖਣ ਸਬੰਧੀ ਸਹੁੰ ਚੁੱਕੀ।
ਸੂਬੇਦਾਰ ਗੁਰਨਾਮ ਸਿੰਘ ਨੇ ਕਿਹਾ ਕਿ ਧਰਮ ਗ੍ਰੰਥਾਂ ਵਿੱਚ ਪਵਨ, ਪਾਣੀ ਅਤੇ ਧਰਤੀ ਦੀ ਮਹੱਤਤਾ ਦਾ ਜ਼ਿਕਰ ਕੀਤਾ ਗਿਆ ਹੈ।ਇਸ ਲਈ ਸਾਨੂੰ ਇੱਕ ਚੰਗੇ ਨਾਗਰਿਕ ਹੋਣ ਦਾ ਸਬੂਤ ਦਿੰਦਿਆਂ ਸਵੱਛਤਾ ਬਾਰੇ ਪਹਿਲ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਪੋਲੀਥੀਨ ਦੀ ਵਰਤੋਂ ਨੂੰ ਬੰਦ ਕਰਦਿਆਂ ਕਪੜੇ ਦੇ ਥੈਲੇ ਇਸਤੇਮਾਲ ਕਰਨੇ ਚਾਹੀਦੇ ਹਨ। ਗੁਰਨਾਮ ਸਿੰਘ ਨੇ ਕਿਹਾ ਕਿ ਵਿਕਸਿਤ ਮੁਲਕਾਂ ਵਲੋਂ ਸਾਫ ਸਫਾਈ ਵੱਲ ਵਧੇਰੇ ਧਿਆਨ ਦਿੱਤਾ ਜਾਂਦਾ ਹੈ ਅਤੇ ਸਾਡੇ ਮੁਲਕ ਵਿੱਚ ਵੀ ਅਜਿਹੀ ਪਹਿਲ ਸਰਕਾਰ ਦੇ ਨਾਲ-ਨਾਲ ਲੋਕਾਂ ਨੂੰ ਕਰਨੀ ਹੋਵੇਗੀ।
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਅੰਮ੍ਰਿਤਸਰ ਦੇ ਮੁਖੀ ਗੁਰਮੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸ਼ਤਰੀ ਅਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ `ਤੇ ਸਵੱਛਤਾ ਅਭਿਆਨ ਦਾ ਆਗਾਜ਼ ਕੀਤਾ ਗਿਆ ਸੀ।ਪਿਛਲੇ 9 ਵਰ੍ਹਿਆਂ ‘ਚ ਸਵੱਛ ਭਾਰਤ ਇੱਕ ਵੱਡੀ ਮਹਿੰਮ ਬਣੀ ਹੈ।ਉਹਨਾਂ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਜਨ ਅੰਦੋਲਨ ਬਣਾਉਣ ਦੀ ਅਪੀਲ ਕੀਤੀ।
ਮੰਚ ਤੋਂ ਬੋਲਦਿਆਂ ਐਨ.ਸੀ.ਸੀ ਅਫ਼ਸਰ ਸੁਖਪਾਲ ਸਿੰਘ ਸੰਧੂ ਨੇ ਕਿਹਾ ਕਿ ਚਾਰ ਚੁਫੇਰੇ ਨੂੰ ਸਾਫ ਰੱਖਣ ਲਈ ਹਰ ਦੇਸਸ਼ਵਾਸੀ ਨੂੰ ਅੱਗੇ ਆਉਣਾ ਪਵੇਗਾ।ਉਨ੍ਹਾਂ ਲੋਕਾਂ ਨੂੰ ਵਧ ਚੜ੍ਹ ਕੇ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਪਲਾਸਟਿਕ ਨੂੰ ਸੜਕਾਂ ‘ਤੇ ਸੁੱਟਣ ਦੇ ਬਜ਼ਾਏ ਕੂੜੇਦਾਨ ਵਿੱਚ ਸੁੱਟਿਆ ਜਾਣਾ ਚਾਹੀਦਾ ਹੈ।
ਇਸ ਦੌਰਾਨ ਸ਼੍ਰਮਦਾਨ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਪਲਾਸਟਿਕ ਵੇਸਟ ਮੈਨੇਜਮੈਂਟ ਐਂਡ ਲਾਈਵਲੀਹੁੱਡ ਪ੍ਰੋਜੈਕਟ ਦਾ ਦੌਰਾ ਵੀ ਕਰਵਾਇਆ ਗਿਆ ਅਤੇ ਪਲਾਸਟਿਕ ਨੂੰ ਰੀਸਾਈਕਲ ਕਰਨ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਲੋਂ ਸਕੂਲ ਆਫ ਐਮੀਨੈਂਸ ਛੇਹਰਟਾ ਨੂੰ ਸਵੱਛਤਾ ਦਾ ਸੁਨੇਹਾ ਦਿੰਦਿਆਂ ਕੂੜੇਦਾਨ ਵੀ ਭੇਂਟ ਕੀਤੇ ਗਏ।
ਪ੍ਰੋਗਰਾਮ ਦੌਰਾਨ ਪੇਸ਼ ਕੀਤੇ ਗਏ ਨੁੱਕੜ ਨਾਟਕ ਨੇ ਸਮਾਂ ਬੰਨ੍ਹ ਕੇ ਰੱਖ ਦਿੱਤਾ ਅਤੇ ਸਵੱਛਤਾ ਨੂੰ ਜੀਵਨ ਦਾ ਹਿੱਸਾ ਬਣਾਉਣ ਬਾਰੇ ਰੋਮਾਂਚਕ ਢੰਗ ਨਾਲ ਸਮਝਾਇਆ ਗਿਆ।ਬਹਿਰਹਾਲ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਲੋਂ ਆਯੋਜਿਤ ਕੀਤਾ ਗਿਆ।ਇਹ ਪ੍ਰੋਗਰਾਮ ਸਫਲ ਹੋ ਨਿੱਬੜਿਆ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …