Sunday, June 15, 2025
Breaking News

ਮੇਰੀ ਕਾਵਿਕਤਾ ਹੀ ਮੇਰੀ ਕਵਿਤਾ ਹੈ- ਬਿਪਨਪ੍ਰੀਤ

ਅੰਮ੍ਰਿਤਸਰ, 8 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਕਵਿਤਾ ਕ੍ਰਾਂਤੀ ਵਿੱਚੋਂ ਵੀ ਜਨਮਦੀ ਹੈ, ਉਤੇਜਨਾ ਵੀ, ਭਾਵਨਾਵਾਂ ਦਾ ਬਵੰਡਰ ਅਤੇ ਖੰਡਰ ਵੀ ਹੁੰਦੀ ਹੈ, ਪਰ ਕਵਿਤਾ ਬਣੇ ਰਹਿਣ ਦਾ ਤਾਸੀਰ ਹੀ ਕਵਿਤਾ ਹੈ, ਮੇਰੀ ਕਾਵਿਕਤਾ ਹੀ ਮੇਰੀ ਕਵਿਤਾ ਹੈ।ਮੇਰੀ ਲਈ ਕਵਿਤਾ ਰਚਨਾ ਮੇਰੇ ਹੋਣ ਦਾ ਅਹਿਸਾਸ ਹੈ, ਜਿਸ ਰਾਹੀਂ ਅਣਕਹੇ ਨੂੰ ਕਹਿਣ ਦਾ ਯਤਨ ਦੇਖਿਆ ਜਾ ਸਕਦਾ ਹੈ।ਇਹਨਾਂ ਸ਼ਬਦਾਂ ਨਾਲ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਬਿਪਨਪ੍ਰੀਤ ਨੇ 10ਵੇਂ ਸਿਰਜਣ-ਪ੍ਰਕਿਰਿਆ ਪ੍ਰੋਗਰਾਮ ਵਿੱਚ ਆਪਣੇ ਭਾਸ਼ਣ ਦਾ ਆਗਾਜ਼ ਕੀਤਾ।
ਸ਼ਬਦ-ਸਭਿਅਤਾ ਰਾਹੀਂ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਨਿਰੰਤਰ ਕਾਰਜਸ਼ੀਲ ਸੰਸਥਾ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵੱਲੋਂ ਸਾਹਿਤਕਾਰਾਂ, ਕਲਾਕਾਰਾਂ ਅਤੇ ਚਿੰਤਕਾਂ ਨਾਲ ਆਰੰਭੀ ਮੁਲਾਕਾਤਾਂ ਦੀ ਵਿਸ਼ੇਸ਼ ਲੜੀ ਸਿਰਜਣ ਪ੍ਰਕਿਰਿਆ ਪ੍ਰੋਗਰਾਮ ਤਹਿਤ ਪੰਜਾਬੀ ਕਵਿਤਰੀ ਬਿਪਨਪ੍ਰੀਤ ਨੂੰ ਸਿਰਜਣਾਤਮਕ ਅਨੁਭਵ ਸਾਂਝਾ ਕਰਨ ਲਈ ਸੱਦਾ ਦਿੱਤਾ ਗਿਆ ਹੈ।ਜ਼ਿਕਰਯੋਗ ਹੈ ਕਿ ਸਿਰਜਣ ਪ੍ਰਕਿਰਿਆ ਨਾਦ ਪ੍ਰਗਾਸੁ, ਸ੍ਰੀ ਅੰਮ੍ਰਿਤਸਰ ਵਲੋਂ ਹਰ ਮਹੀਨੇ ਦੀ 7 ਤਰੀਕ ਨੂੰ ਆਯੋਜਿਤ ਕੀਤਾ ਜਾਂਦਾ ਵਿਸ਼ੇਸ਼ ਤਰ੍ਹਾਂ ਦਾ ਅਕਾਦਮਿਕ ਅਤੇ ਸਾਹਿਤਕ ਪ੍ਰੋਗਰਾਮ ਹੈ।ਜਿਸ ਵਿੱਚ ਸਾਹਿਤ ਅਤੇ ਕਲਾ ਦੇ ਖੇਤਰ ਨਾਲ ਜੁੜੀਆਂ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਆਪਣੇ ਸਿਰਜਣਾਤਮਿਕ ਅਨੁਭਵ ਸਾਂਝਾ ਕਰਨ ਲਈ ਉਚੇਚੇ ਤੌਰ ‘ਤੇ ਸੱਦਿਆ ਜਾਂਦਾ ਹੈ।ਇਸ ਪ੍ਰੋਗਰਾਮ ਦੇ ਦੂਸਰੇ ਭਾਗ ਵਿੱਚ ਯੁਵਾ-ਕਵੀ ਦਰਬਾਰ ਦਾ ਵੀ ਆਯੋਜਨ ਕੀਤਾ ਜਾਂਦਾ ਹੈ।ਪ੍ਰੋਗਰਾਮ ਵਿੱਚ ਵਿਦਵਾਨਾਂ, ਖੋਜਾਰਥੀਆਂ/ਵਿਦਿਆਰਥੀਆਂ, ਨੌਜਵਾਨ ਕਵੀਆਂ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਦੇ ਪਤਵੰਤੇ ਵੀ ਹਾਜ਼ਿਰ ਰਹਿੰਦੇ ਹਨ।
ਬਿਪਨਪ੍ਰੀਤ ਨੇ ਕਾਵਿਕ ਸਿਰਜਣਾ ਦੀ ਸਫ਼ਲਤਾ ਪਿੱਛੇ ਪਰਿਵਾਰਕ ਸੰਬੰਧਾਂ ਵਿਸ਼ੇਸ਼ ਕਰ ਆਪਣੇ ਪਤੀ ਭੁਪਿੰਦਰਪ੍ਰੀਤ ਅਤੇ ਪੁਸਤਕ ਪੜ੍ਹਣ ਦੇ ਸ਼ੋਕ ਨੂੰ ਆਧਾਰ ਮੰਨਿਆ।ਉਹਨਾਂ ਕਿਹਾ ਕਿ ਮੇਰੀ ਸਿਰਜਣ-ਪ੍ਰਕਿਰਿਆ ਵਿੱਚ ਡਾ. ਅੰਬਰੀਸ਼ ਦਾ ਵੀ ਯੋਗਦਾਨ ਹੈ, ਜਿਹਨਾਂ ਮੈਨੂੰ ਸ਼ਬਦ ਨੂੰ ਸਾਧਨ ਦੀ ਜਾਚ ਸਿਖਾਈ।
ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ‘ਤੇ ਹਾਜ਼ਿਰ ਪ੍ਰਸਿਧ ਕਵੀ ਭੁਪਿੰਦਰਪ੍ਰੀਤ ਨੇ ਬਿਪਨਪ੍ਰੀਤ ਦੀ ਕਾਵਿਕ-ਸੂਝ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸਦਾ ਆਵੇਗ ਦੀ ਵਰਤੋਂ ਦੌਰਾਨ ਸੰਤੁਲਿਤ ਰਹਿਣਾ ਬਹੁਤ ਵਿਲੱਖਣ ਗੱਲ ਹੈ। ਉਹਨਾਂ ਕਿਹਾ ਕਿ ਬਿਪਨਪ੍ਰੀਤ ਨੂੰ ਕਾਵਿ-ਉਸਾਰੀ ਅਤੇ ਵਿਸ਼ੇਸ਼ ਕਰ ਕਾਵਿ ਦੀ ਅੰਤਿਕਾ ਕਰਨੀ ਬਹੁਤ ਬਾਖੂਬੀ ਨਾਲ ਆਉਂਦੀ ਹੈ।ਇਸੇ ਤਰ੍ਹਾਂ ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ ‘ਤੇ ਹਾਜ਼ਿਰ ਪ੍ਰਸਿਧ ਕਵੀ ਡਾ. ਅੰਬਰੀਸ਼ ਸਿੰਘ ਨੇ ਸੰਸਥਾ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ।ਉਹਨਾਂ ਬਿਪਨਪ੍ਰੀਤ ਦੀ ਕਾਵਿਕ-ਸਮਝ ਦੀ ਤਾਰੀਫ਼ ਕਰਦਿਆਂ ਕਿਹਾ ਕੀ ਬਿਪਨਪ੍ਰੀਤ ਦੀ ਕਵਿਤਾ ਸੁਣਨ ਨਾਲੋਂ ਪੜ੍ਹਣ ਵਾਲੀਆਂ ਵਧੇਰੇ ਹਨ।ਇਹਨਾਂ ਦੀ ਕਵਿਤਾ ਵਿੱਚਲਾ ਰਹੱਸ ਤੱਤ ਵਿਸ਼ੇਸ਼ ਤਰ੍ਹਾਂ ਦਾ ਮੌਲਿਕ ਅਨੁਭਵ ਪ੍ਰਦਾਨ ਕਰਦਾ ਹੈ।
ਪ੍ਰਸ਼ਨਕਾਲ ਦੌਰਾਨ ਬਿਪਨਪ੍ਰੀਤ ਨੂੰ ਕਾਵਿ-ਸ਼ੈਲੀ, ਸਮੱਗਰੀ, ਵਿਸ਼ਾ-ਵਸਤ, ਪੇਸ਼ਕਾਰੀ ਅਤੇ ਕਾਵਿਕਤਾ ਬਾਰੇ ਵਿਭਿੰਨ ਸ੍ਰੋਤਿਆਂ ਵੱਲੋਂ ਪ੍ਰਸ਼ਨ ਕੀਤੇ ਗਏ, ਜਿਹਨਾਂ ਦਾ ਉਹਨਾਂ ਬਹੁਤ ਬਾਖੂਬੀ ਨਾਲ ਉੱਤਰ ਦਿਤਾ।ਇਸ ਤੋਂ ਬਾਅਦ ਯੁਵਾ-ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ।ਇਸ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਆਏ ਰਿਸਰਚ ਅਸਿਸਟੈਂਟ ਚਰਨਜੀਤ ਸਿੰਘ ਨੇ ਮਾਹੀਏ ਗਾ ਕੇ ਕੀਤੀ।
ਇਸ ਮੌਕੇ ਪ੍ਰਸਿੱਧ ਕਵੀ ਭੁਪਿੰਦਰਪ੍ਰੀਤ, ਅੰਬਰੀਸ਼ ਅਤੇ ਯੁਵਾ ਕਵੀਆਂ ਵਿੱਚ ਪ੍ਰੋ. ਵਿਕਾਸ ਜੋਸ਼ੀ, ਮੇਜਰ ਸਿੰਘ, ਗੁਰਪ੍ਰੀਤ ਸਿੰਘ, ਉਮਰਵੀਰ ਸਿੰਘ, ਸੰਦੀਪ, ਦਮਨਜੀਤ ਸਿੰਘ, ਸੁਮਿਤ, ਸਤਨਾਮ ਸਿੰਘ, ਅਤੇ ਮਨਪ੍ਰੀਤ ਕੌਰ ਨੇ ਆਪਣੀਆਂ ਕਵਿਤਾਵਾਂ ਨਾਲ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ।
ਸੰਸਥਾ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਦੇ ਖਜ਼ਾਰਥੀ ਸੰਦੀਪ ਸ਼ਰਮਾ ਨੇ ਧੰਨਵਾਦੀ ਸ਼ਬਦਾਂ ਵਿੱਚ ਬਿਪਨਪ੍ਰੀਤ ਦੀ ਕਾਵਿ-ਪ੍ਰਤਿਭਾ ਦੀ ਸ਼ਲਾਘਾ ਕੀਤੀ।ਉਹਨਾਂ ਕਿਹਾ ਕਿ ਬਿਪਨਪ੍ਰੀਤ ਦੀ ਕਾਵਿਕਤਾ ਤੋਂ ਮਾਸੂਮੀਅਤ ਅਤੇ ਵਿਸ਼ੇਸ਼ ਤਰ੍ਹਾਂ ਦਾ ਵਿਸ਼ਵਾਸ਼ ਝੱਲਕਦਾ ਹੈ, ਜਿਹਨਾਂ ਨੂੰ ਕਾਵਿ-ਭਾਵ ਵਜੋਂ ਵਰਤਦਿਆਂ, ਅਰਥ-ਸਰੰਚਨਾ ਨਾਲ ਆਪਣੇ ਸੰਬੰਧ ਨੂੰ ਵਿਸ਼ਾਲ ਕਰਦੇ ਰਹਿੰਦੇ ਹਨ।
ਪ੍ਰੋਗਰਾਮ ਵਿੱਚ ਵਿਭਿੰਨ ਯੂਨੀਵਰਸਿਟੀਆਂ ਦੇ ਖੋਜ਼ਾਰਥੀਆਂ ਅਤੇ ਵਿਦਿਆਰਥੀਆਂ ਨੇ ਵੀ ਭਾਗ ਲਿਆ ਹੈ।ਜਿਹਨਾਂ ਵਿੱਚ ਦਿੱਲੀ ਯੂਨੀਵਰਸਿਟੀ ਨਵੀਂ ਦਿੱਲੀ ਦੇ ਖੋਜਾਰਥੀ ਇਮਰਤਪਾਲ ਸਿੰਘ, ਸੰਦੀਪ ਸ਼ਰਮਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੰਵਲਪ੍ਰੀਤ ਸਿੰਘ, ਕੋਮਲ, ਸ਼ਿਵਾਨੀ, ਸੁਮਿਤ ਅਤੇ ਮਨਪ੍ਰੀਤ ਨੇ ਭਾਗ ਲਿਆ।ਸੰਸਥਾ ਵਲੋਂ ਵਿਸ਼ੇਸ਼ ਤੌਰ ‘ਤੇ ਪੁਸਤਕ-ਪ੍ਰਦਰਸ਼ਨੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ।ਮੰਚ ਸੰਚਾਲਨ ਰਾਜਵੀਰ ਕੌਰ ਨੇ ਕੀਤਾ।
ਅੰਤ ‘ਚ ਇਸ ਪ੍ਰੋਗਰਾਮ ਦੇ ਸੰਚਾਲਕ ਇਮਰਤਪਾਲ ਸਿੰਘ ਨੇ ਦੱਸਿਆ ਅਗਲਾ ਸਿਰਜਣ ਪ੍ਰਕਿਰਿਆ ਪ੍ਰੋਗਰਾਮ ਦਾ ਆਯੋਜਨ 7 ਨਵੰਬਰ ਨੂੰ ਕੀਤਾ ਜਾਵੇਗਾ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …