Sunday, February 22, 2026

ਏਸ਼ੀਅਨ ਖੇਡਾਂ 2023 ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਥਲੀਟਾਂ ਨੇ 13 ਮੈਡਲ ਜਿੱਤੇ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਅਥਲੀਟਾਂ ਦਾ ਭਰਵਾਂ ਸਵਾਗਤ
ਅੰਮ੍ਰਿਤਸਰ, 9 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਏਸ਼ੀਆਈ ਖੇਡਾਂ ਵਿਚ 13 ਮੈਡਲ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਦਾ ਵਿਸ਼ੇਸ਼ ਮਾਣ ਸਨਮਾਣ ਵਧਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਕੇਵਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਹੀ ਨਹੀਂ ਪੂਰੇ ਪੰਜਾਬ ਅਤੇ ਦੇਸ਼ ਦਾ ਮਾਣ ਵਧਾਇਆ ਹੈ।ਉਹ ਉਹਨਾਂ 16 ਖਿਡਾਰੀਆਂ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਚ ਪੁੱਜਣ `ਤੇ ਨਿੱਘੇ ਸਵਾਗਤ ਦੌਰਾਨ ਵਾਈਸ ਚਾਂਸਲਰ ਦਫਤਰ ਉਹਨਾਂ ਨਾਲ ਵਿਸ਼ੇਸ਼ ਗਲਬਾਤ ਕਰ ਰਹੇ ਸਨ। ਇਸ ਮੌਕੇ ਖਿਡਾਰੀਆਂ ਨੇ ਜਿਥੇ ਆਪਣੇ ਅਨੁਭਵ ਸਾਝੇ ਕੀਤੇ ਉਥੇ ਪ੍ਰੋ. ਸੰਧੂ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਯੂਨੀਵਰਸਿਟੀ ਪਹਿਲਾਂ ਦੀ ਤਰ੍ਹਾਂ ਹੀ ਖੇਡ ਸਭਿਆਚਾਰ ਨੂੰ ਪ੍ਰਫੁਲਤ ਕਰਨ ਦੇ ਲਈ ਕੋਸ਼ਿਸ਼ਾਂ ਕਰਦੀ ਰਹੇਗੀ।ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੇ ਖਿਡਾਰੀਆਂ ਨੇ ਇਸ ਵਾਰ ਦੀਆਂ ਏਸ਼ੀਆਈ ਖੇਡਾਂ ਵਿਚ 100 ਦਾ ਅੰਕੜਾ ਪਾਰ ਕਰਦਿਆਂ 107 ਮੈਡਲ ਪ੍ਰਾਪਤ ਕੀਤੇ ਹਨ ਜੋ ਖਿਡਾਰੀਆਂ ਦੀ ਮਿਹਨਤ, ਲਗਨ ਅਤੇ ਕੋਚ ਸਾਹਿਬਾਨਾਂ ਦੀ ਦ੍ਰਿੜਤਾ ਦੀ ਬਦੌਲਤ ਹੈ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪਹਿਲਾਂ ਹੀ 24ਵੀ ਵਾਰ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ ਜਿੱਤ ਕੇ ਪੰਜਾਬ ਦਾ ਨਾਂ ਪੂਰੇ ਭਾਰਤ ਵਿਚ ਰੌਸ਼ਨ ਕੀਤਾ ਹੋਇਆ ਹੈ।ਹੁਣ ਯੂਨੀਵਰਸਿਟੀ ਦੇ 16 ਖਿਡਾਰੀਆਂ ਨੇ ਪੂਰੇ ਵਿਸ਼ਵ ਵਿਚ ਦੇਸ਼ ਦੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵੀ ਖੇਡਾਂ ਦੇ ਖੇਤਰ ਵਿਚ ਕੱਦ ਉਚਾ ਕਰ ਦਿੱਤਾ ਹੈ।
ਇਸ ਮੌਕੇ ਵਾਈਸ-ਚਾਂਸਲਰ ਪ੍ਰੋ. ਸੰਧੂ ਤੋਂ ਇਲਾਵਾ ਪ੍ਰੋ. ਕਰਨਜੀਤ ਸਿੰਘ ਕਾਹਲੋਂ, ਰਜਿਸਟਰਾਰ ਡਾ. ਸਰਬਜੋਤ ਸਿੰਘ ਬਹਿਲ, ਡੀਨ ਅਕਾਦਮਿਕ ਮਾਮਲੇ ਅਤੇ ਖੇਡਾਂ ਦੇ ਨਿਰਦੇਸ਼ਕ ਡਾ. ਕੰਵਰ ਮਨਦੀਪ ਸਿੰਘ ਨੇ ਵੀ ਉਚੇਚੇ ਤੌਰ `ਤੇ ਸ਼ਿਰਕਤ ਕੀਤੀ ਅਤੇ ਐਥਲੀਟਾਂ ਨੂੰ ਵਧਾਈ ਦਿੱਤੀ।ਡਾ. ਕੰਵਰ ਮਨਦੀਪ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ਾਂ ਨੇ ਵਿਸ਼ੇਸ਼ ਤੌਰ `ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਪੱਧਰ `ਤੇ ਆਪਣਾ ਨਾਮ ਚਮਕਾਇਆ ਹੈ।ਉਹਨਾਂ ਦੀਆਂ ਪ੍ਰਾਪਤੀਆਂ ਉਹਨਾਂ ਦੁਆਰਾ ਕੀਤੀ ਗਈ ਸਮਰਪਣ ਅਤੇ ਸਖ਼ਤ ਸਿਖਲਾਈ ਦਾ ਪ੍ਰਮਾਣ ਹਨ ਅਤੇ ਉਹ ਯੂਨੀਵਰਸਿਟੀ ਦੇ ਐਥਲੀਟਾਂ ਲਈ ਇੱਕ ਪ੍ਰੇਰਨਾ ਵਜੋਂ ਕੰਮ ਕਰਨਗੀਆਂ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …