ਜਮਾਤ-ਏ-ਅਹਿਮਦੀਆ ਦਾ ਸਾਲਾਨਾ ਜਲਸਾ 26 ਤੋਂ 28 ਤੱਕ
ਜਲੰਧਰ, 23 ਦਸੰਬਰ (ਪਵਨਦੀਪ ਸਿੰਘ ਭੰਡਾਲ/ਪਰਮਿੰਦਰ ਸਿੰਘ/ਅਮਨਦੀਪ ਸਿੰਘ) – ਜਮਾਤ-ਏ-ਕਾਦੀਆਨ ਵਲੋਂ ਕਰਵਾਏ ਜਾ ਰਹੇ 26 ਤੋਂ 28 ਦਸੰਬਰ ਤੱਕ ਸਾਲਾਨਾ ਜਲਸੇ ਦੇ ਸਬੰਧ ਵਿੱਚ ਜਮਾਤ ਦੇ ਮੁੱਖ ਬੁਲਾਰੇ ਅਤੇ ਜਮਾਤ ਦੇ ਸੈਕਟਰੀ ਸਈਅਦ ਤਨਵੀਰ ਅਹਿਮਦ, ਜਹੀਰ ਅਹਿਮਦ ਖਾਦਿਮ ਅਤੇ ਮੁਜਾਹਿਦ ਸ਼ਾਸ਼ਤਰੀ ਤੋਂ ਇਲਾਵਾ ਮੌਲਾਨਾ ਮੰਨਾਨ ਅਤੇ ਮੁਨੱਵਰ ਅਲੀ ਸਦੀਕੀ ਨੇ ਪ੍ਰੈਸ ਕਾਨਫਰੰਸ ਕੀਤੀ, ਉਨ੍ਹਾਂ ਦੱਸਿਆ ਕਿ ਇਸ ਸਾਲਾਨਾ ਜਲਸੇ ਵਿੱਚ 32 ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ ਜਦੋਂ ਕਿ ਜਲਸੇ ਦੇ ਆਖਰੀ ਦਿਨ ਇਮਾਨ ਹਜ਼ਰਤ ਅਹਿਮਦੀਆ ਹਜ਼ਰਤ ਮਿਰਜਾ ਮਸਰੂਰ ਅਹਿਮਦ ਮੁਸਲਿਮ ਟੈਲੀਵੀਜ਼ਨ ਅਹਿਮਦੀਆ ਰਾਹੀਂ ਲੰਦਨ ਤੋਂ ਆਪਣਾ ਰੂਹਾਨੀ ਸੰਬੋਧਨ ਸਾਰੇ ਧਰਮਾਂ ਦੇ ਲੋਕਾਂ ਲਈ ਸੁਣਾਉਣਗੇ।
ਇਕ ਸਵਾਲ ਦੇ ਸਵਾਲ ਵਿੱਚ ਸਈਅਦ ਤਨਵੀਰ ਅਹਿਮਦ ਹੋਰਾਂ ਦੱਸਿਆ ਕਿ ਜਮਾਤ-ਏ-ਅਹਿਮਦੀਆ ਦਾ ਇਕੋ ਨਾਅਰਾ ਹੈ ”ਨਫ਼ਰਤ ਕਿਸੇ ਨਾਲ ਨਹੀਂ ਪਿਆਰ ਸਭ ਨਾਲ” ਹੁਣ ਤੱਕ ਦੁਨੀਆਂ ਦੇ ਤਮਾਮ ਮੁਲਕਾਂ ਵਿੱਚ ਪਹੁੰਚ ਚੁੱਕਾ ਹੈ। ਜਦੋਂ ਉਨ੍ਹਾਂ ਨੂੰ ਪੁਛਿਆ ਕਿ ਅੱਜ ਦੇ ਜਮਾਨੇ ਵਿੱਚ ਧਰਮ ਤਬਦੀਲੀ ਦਾ ਮੌਸਮ ਚੱਲ ਰਿਹਾ ਹੈ, ਇਸ ਬਾਰੇ ਕੀ ਕਹਿਣਾ ਚਾਹੋਗੇ ਤਾਂ ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਬਹੁਤ ਹੀ ਭਿਆਨਕ ਹੋਣਗੇ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਆਰ.ਐਸ.ਐਸ.ਨੂੰ ਆਪਣੀ ਸੋਚ ਬਦਲਣੀ ਪਵੇਗੀ। ਜੇਕਰ ਇਸੇ ਤਰ੍ਹਾਂ ਦਾ ਰੁਝਾਨ ਰਿਹਾ ਤਾਂ ਹਿੰਦੁਸਤਾਨ ਦਾ ਖਿੱਤਾ ਤਬਾਹੀ ਵੱਲ ਚਲੇ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੈਗੰਬਰ ਮੁਹੀਮਦ ਸਾਹਿਬ ਦੀਆ ਸਿੱਖਿਆਵਾਂ ਤੇ ਚੱਲ ਕੇ ਹੀ ਜਾਂ ਅਹਿਮਦੀਆ ਮੁਸਲਿਮ ਜਮਾਤ ਦੇ ਸੰਸਥਾਪਕ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਦੇ ਵਿਚਾਰਾਂ ਨੂੰ ਅਪਣਾ ਨੇ ਹੀ ਅਮਨੋ-ਅਮਾਨ ਕਾਇਮ ਕਰ ਸਕਦੇ ਹਾਂ। ਉਨ੍ਹਾਂ ਦੇ ਨਾਲ ਆਏ ਜ਼ਹੀਰ ਅਹਿਮਦ ਖਾਦਿਮ ਹੋਰਾਂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਵੇਂ ਗੁਰੂ ਨਾਨਕ ਦੇਵ ਜੀ, ਕ੍ਰਿਸ਼ਨ ਜੀ ਅਤੇ ਰਾਮ ਚੰਦਰ ਜੀ ਨੇ ਦੁਨੀਆਂ ਨੂੰ ਸੇਧ ਦਿੱਤੀ ਹੈ, ਉਹੀ ਸੰਦੇਸ਼ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦੀਆਨੀ ਜੀ ਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਧਾਨ ਵਿੱਚ ਹਜ਼ਾਰਾਂ ਲੋਕਾਂ ਦਾ ਕਤਲੇਆਮ ਹੋਇਆ ਹੈ, ਪਾਕਿਸਤਾਨ ਸਰਕਾਰ ਨੇ ਕਦੇ ਹਾਅ ਦਾ ਨਾਅਰਾ ਨਹੀਂ ਮਾਰਿਆ ਜਦੋਂ ਹੁਣ ਤਾਲਿਬਾਨੀ ਅੱਤਵਾਦੀਆਂ ਨੇ ਬੱਚਿਆਂ ਨੂੰ ਸ਼ਹੀਦ ਕੀਤਾ ਤਾਂ ਫਾਂਸੀ ਨੂੰ ਲਾਗੂ ਕਰਕੇ ਅਮਰੀਕਾ ਨੂੰ ਇਹ ਸੰਦੇਸ਼ ਦੇ ਰਿਹਾ ਹੈ ਕਿ ਅੱਤਵਾਦੀਆਂ ਵਿਰੁੱਧ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਮੁਲਾਂ-ਮੁਲਾਣੇ ਹੀ ਦਹਿਸ਼ਤਗਰਦੀ ਨੂੰ ਬੜਾਵਾ ਦਿੰਦੇ ਹਨ ਤੇ ਇਸਲਾਮ ਨੂੰ ਬਦਨਾਮ ਕਰਕੇ ਜਰਾਇਮ-ਪੇਸ਼ੇ ਵੱਲ ਧਕੇਲ ਰਹੇ ਹਨ।
ਉਨ੍ਹਾਂ ਤੋਂ ਇਲਾਵਾ ਜਮਾਤ-ਏ-ਅਹਿਮਦੀਆ ਦੇ ਫਖਰ-ਏ-ਬੁਲਾਰੇ ਮੁਜਾਹਿਦ ਸ਼ਾਸ਼ਤਰੀ ਨੇ ਕਿਹਾ ਕਿ ਜਮਾਤ-ਏ-ਅਹਿਮਦੀਆ ਨੂੰ ਜਿਸ ਤਰ੍ਹਾਂ ਪਾਕਿਸਤਾਨ ਸਰਕਾਰ ਬਰਬਾਦ ਕਰਨ ਤੇ ਤੁਲੀ ਹੋਈ ਹੈ, ਉਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੇਸ਼ੱਕ ਕੋਈ ਹਿੰਦੂ ਹੈ ਜਾਂ ਸਿੱਖ, ਮੁਸਲਿਮ ਹੈ ਜਾਂ ਇਸਾਈ ਸਭ ਨੂੰ ਬੰਦਗੀ ਕਰਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਜਮਾਤ-ਏ-ਅਹਿਮਦੀਆ ਹਿੰਦੁਸਤਾਨ ਦੀ ਰਾਖੀ ਲਈ ਵੀ ਵਚਨਵੱਧ ਹੈ। ਇਸ ਮੌਕੇ ਮੌਲਾਨਾ ਮੰਨਾਨ, ਮੌਲਾਨਾ ਮੁਨੱਵਰ ਅਲੀ ਸਦੀਕੀ ਤੇ ਮੰਗਤ ਅਲੀ ਹਾਜ਼ਰ ਸਨ।