ਪ੍ਰੋ. ਅਨੂਪ ਵਿਰਕ ਨੂੰ ਦਿੱਤੀ ਭਾਵ-ਭਿੰਨੀ ਸ਼ਰਧਾਂਜਲੀ
ਅੰਮ੍ਰਿਤਸਰ, 16 ਅਕਤੂਬਰ (ਦੀਪ ਦਵਿੰਦਰ ਸਿੰਘ) – ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਦੀ ਕਾਰਜ਼ਕਾਰਨੀ ਦੀ ਇਕੱਤਰਤਾ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਬੀਤੇ ਦਿਨ ਵਿਛੋੜਾ ਦੇ ਗਏ ਕੇਂਦਰੀ ਸਭਾ ਦੇ ਸਾਬਕਾ ਪ੍ਰਧਾਨ ਪ੍ਰੋ. ਅਨੂਪ ਵਿਰਕ ਨੂੰ ਹਾਜ਼ਰ ਸਾਹਿਤਕਾਰਾਂ ਵਲੋਂ ਮੋਨ ਧਾਰਨ ਕਰਕੇ ਅਕੀਦਤ ਦੇ ਫੁੱਲ ਭੇਂਟ ਕੀਤੇ ਗਏ।
ਦਰਸ਼ਨ ਬੁੱਟਰ ਦੇ ਸਵਾਗਤੀ ਸਬਦਾਂ ਨਾਲ ਸ਼ੁਰੂ ਹੋਈ ਕਾਰਜ਼ਕਾਰਨੀ ਦੀ ਮੀਟਿੰਗ ਵਿੱਚ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕੇਂਦਰੀ ਸਭਾ ਦੇ ਜਥੇਬੰਦਕ ਅਤੇ ਅਕਾਦਮਿਕ ਕੰਮ-ਕਾਜ਼, ਪੰਜਾਬ ਅਤੇ ਪੰਜਾਬੋਂ ਬਾਹਰ ਜ਼ੋਨ ਸਥਾਪਿਤ ਕਰਕੇ ਅਹੁੱਦੇਦਾਰਾਂ ਨੂੰ ਜਿੰਮੇਵਾਰੀ ਸੌਂਪਣੀ, ਆਲਮੀ ਪੰਜਾਬੀ ਕਾਨਫਰੰਸ ਦੀ ਤਿਆਰੀ, ਲੇਖਕ ਸੂਚੀ ਅਤੇ ਲੇਖਕ ਅੰਕ ਦੀ ਸੋਧ ਸੁਧਾਈ ਆਦਿ ਏਜੰਡੇ ਪੇਸ਼ ਕੀਤੇ।
ਜਿਹਨਾਂ ‘ਤੇ ਚਰਚਾ ਕਰਦਿਆਂ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ, ਮੱਖਣ ਕੁਹਾੜ ਅਤੇ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਖੇਤਰੀ ਭਾਸ਼ਾਵਾਂ ਨੂੰ ਦਰਪੇਸ਼ ਚੁਣੌਤੀਆਂ ਤੇ ਖਾਸ ਕਰਕੇ ਮਾਤ ਭਾਸ਼ਾ ਪੰਜਾਬੀ `ਤੇ ਚੁਫੇਰਿਉਂ ਹੋ ਰਹੇ ਹਮਲਿਆਂ ਨੂੰ ਠੱਲ ਪਾਉਣ ਲਈ ਕੇਂਦਰੀ ਸਭਾ ਆਲਮੀ ਪੰਜਾਬੀ ਕਾਨਫਰੰਸ ਕਰਵਾਉਣ ਲਈ ਪਹਿਲ ਕਦਮੀ ਕਰੇ।ਸਭਾ ਵਲੋਂ ਸਰਬਸੰਮਤੀ ਨਾਲ ਭਾਸ਼ਾ ਕਾਨਫਰੰਸ ਫਰਵਰੀ-ਮਾਰਚ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਗਿਆ।
ਸੁਰਿੰਦਰਪ੍ਰੀਤ ਘਣੀਆਂ, ਗੁਰਭੇਜ ਸਿੰਘ ਗੁਰਾਇਆ, ਭੁਪਿੰਦਰ ਕੌਰ ਪ੍ਰੀਤ, ਡਾ. ਉਮਿੰਦਰ ਜੌਹਲ ਅਤੇ ਡਾ. ਸ਼ਿੰਦਰਪਾਲ ਸਿੰਘ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਰਾਜਨੀਤਕ ਪਾਰਟੀਆਂ ਤੀਕ ਪਹੁੰਚ ਕਰਕੇ ਉਹਨਾਂ ਨੂੰ ਮਾਤ ਭਾਸ਼ਾ ਪ੍ਰਤੀ ਨੀਤ ਅਤੇ ਨੀਤੀ ਸਪੱਸ਼ਟ ਕਰਨ ਲਈ ਕਿਹਾ ਜਾਵੇ ਅਤੇ ਉਹਨਾਂ ਵਲੋਂ ਮਿਲਿਆ ਜਵਾਬ ਜਨਤਕ ਵੀ ਕੀਤਾ ਜਾਵੇ।ਮਨਜੀਤ ਇੰਦਰਾ, ਸ਼ੈਲਿੰਦਰਜੀਤ ਰਾਜਨ, ਗੁਰਪ੍ਰੀਤ ਰੰਗੀਲਪੁਰ, ਮਦਨ ਵੀਰਾ, ਮੂਲ ਚੰਦ ਸ਼ਰਮਾ, ਦੀਪਕ ਸ਼ਰਮਾ ਚਨਾਰਥਲ ਅਤੇ ਵਿਸ਼ਾਲ ਬਿਆਸ ਆਦਿ ਵਲੋਂ ਦਿੱਤੇ ਸੁਝਾਅ ਕਿ ਕੇਂਦਰੀ ਨਾਲ ਜੁੜੀਆਂ ਸਾਹਿਤ ਸਭਾਵਾਂ ਨੂੰ ਉਤਸ਼ਾਹਿਤ ਕਰਨ ਹਿੱਤ ਪੰਜਾਬ ਅਤੇ ਪੰਜਾਬੋਂ ਬਾਹਰ ਜ਼ੋਨ ਸਥਾਪਿਤ ਕੀਤੇ ਗਏ। ਹਰ ਜ਼ੋਨ ਤੇ ਕੇਂਦਰੀ ਦੇ ਸਥਾਨਕ ਅਹੁੱਦੇਦਾਰ ਅਤੇ ਕਾਰਜਕਾਰਨੀ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਕੇਂਦਰੀ ਸਭਾ ਦੇ ਬੁਲਾਰੇ ਪੰਜਾਬੀ ਲੇਖਕ ਦੇ ਸੰਪਾਦਕੀ ਬੋਰਡ ਦਾ ਗਠਨ, ਸੰਵਿਧਾਨ ਸੋਧ ਕਮੇਟੀ ਅਤੇ ਕੇਂਦਰੀ ਦੀਆਂ ਮਹਿਲਾ ਅਹੁੱਦੇਦਾਰਾਂ ਨੂੰ ਔਰਤਾਂ ਨਾਲ ਸਬੰਧਤ ਸਰਗਰਮੀਆਂ ਆਦਿ ਕਰਵਾਉਣ ਹਿੱਤ ਜਿੰਮੇਵਾਰੀ ਵੀ ਸੌਂਪੀ ਗਈ।
ਇਸ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ ਰਾਜਨ, ਬਲਵਿੰਦਰ ਸੰਧੂ, ਅਮਰਜੀਤ ਸਿੰਘ ਜੀਤ, ਗੁਰਬਿੰਦਰ ਸਿੰਘ ਮਾਣਕ, ਡਾ. ਹਰਪ੍ਰੀਤ ਸਿੰਘ ਰਾਣਾ, ਯਤਿੰਦਰ ਕੌਰ ਮਾਹਲ, ਮਨਜੀਤ ਸਿੰਘ ਵਸੀ, ਡਾ. ਪਰਮਜੀਤ ਸਿੰਘ ਬਾਠ, ਡਾ. ਜਸਵੰਤ ਰਾਏ, ਗੁਰਮੀਤ ਸਿੰਘ ਸਰਾਂ, ਗੁਰਮੀਤ ਸਿੰਘ ਬਾਜਵਾ, ਰਿਸ਼ੀ ਹਿਰਦੇ ਪਾਲ, ਸੁਰਿੰਦਰਜੀਤ ਚੌਹਾਨ, ਡਾ. ਦੇਵਿੰਦਰ ਸੈਂਫੀ ਅਤੇ ਗੁਰਸੇਵਕ ਸਿੰਘ ਢਿੱਲੋਂ ਆਦਿ ਹਾਜ਼ਰ ਸਨ।