
ਨਵੀਂ ਦਿੱਲੀ, 23 ਦਸੰਬਰ (ਅੰਮ੍ਰਿਤ ਲਾਲ ਮੰਨਣ) – ਇਥੋ ਦੇ ਇਤਿਹਾਸਿਕ ਗੁਰਦੁਆਰਾ ਬਾਲਾ ਸਾਹਿਬ ਵਿਖੇ ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਬਣਾਏ ਗਏ ਜੋੜਾਘਰ ਅਤੇ ਲਾਈਬ੍ਰੇਰੀ ਨੂੰ ਸੰਗਤਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਸਮਰਪਿਤ ਕੀਤਾ। ਅਤਿ ਆਧੁਨਿਕ ਸੁਵਿਧਾਵਾਂ ਨਾਲ ਲੈਸ ਲਾਈਬ੍ਰੇਰੀ ਅਤੇ ਜੋੜਾਘਰ ਦੀਆਂ ਚਾਬੀਆਂ ਬਾਬਾ ਬਚਨ ਸਿੰਘ ਵੱਲੋਂ ਜੀ.ਕੇ. ਨੂੰ ਸੌਂਪੀਆਂ ਗਈਆਂ।ਦਿੱਲੀ ਕਮੇਟੀ ਵੱਲੋਂ ਬਾਬਾ ਬਚਨ ਸਿੰਘ ਤੇ ਬਾਬਾ ਸੁਰਿੰਦਰ ਸਿੰਘ ਨੂੰ ਸਿਰਪਾਓ ਦੇ ਕੇ ਸਨਾਮਨਿਤ ਵੀ ਕੀਤਾ ਗਿਆ।ਉਧਘਾਟਨੀ ਰਸਮ ਤੋਂ ਬਾਅਦ ਜੀ.ਕੇ. ਨੇ ਬਾਬਾ ਬਚਨ ਸਿੰਘ ਦਾ ਧੰਨਵਾਦ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਉਕਤ ਲਾਈਬ੍ਰੇਰੀ ਵਿੱਚ ਸਿੱਖ ਇਤਿਹਾਸ ਅਤੇ ਵਿਰਸੇ ਨਾਲ ਸਬੰਧਿਤ ਸੈਕੜੇ ਕਿਤਾਬਾਂ ਰੱਖੀਆਂ ਗਈਆਂ ਹਨ ਤਾਂਕਿ ਸੰਗਤ ਆਪਣੇ ਵਿਰਸੇ ਅਤੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂੰ ਹੋ ਸਕੇ।
ਜੋੜਾਘਰ ਅਤੇ ਲਾਈਬ੍ਰੇਰੀ ਵਿੱਚ ਅਤਿ ਆਧੂਨਿਕ ਸਾਰੀ ਸੁਵਿਧਾਵਾਂ ਹੋਣ ਦਾ ਵੀ ਜੀ.ਕੇ. ਨੇ ਜੋੜਾਘਰ ਵਿੱਚ ਹੱਥੀ ਸੇਵਾ ਕਰਨ ਉਪਰੰਤ ਦਾਅਵਾ ਕੀਤਾ। ਸੰਗਤਾਂ ਨੂੰ ਇਸ ਲਾਈਬ੍ਰੇਰੀ ਵਿੱਚ ਆਉਣ ਦਾ ਸੱਦਾ ਦਿੰਦੇ ਹੋਏ ਜੀ.ਕੇ. ਨੇ ਸੰਗਤਾਂ ਦੀ ਮੰਗ ਤੇ ਇਥੇ ਹੋਰ ਕਿਤਾਬਾਂ ਵੀ ਉਪਲਬੱਧ ਕਰਵਾਉਣ ਦੀ ਗੱਲ ਆਖੀ। ਅੱਜ ਦੇ ਯੁਗ ਵਿੱਚ ਗਿਆਨ ਦੇ ਭੰਡਾਰ ਵੱਜੋਂ ਮਲਟੀਮੀਡੀਆ ਰਾਹੀਂ ਉਪਲਬੱਧ ਹੋ ਸਕਣ ਵਾਲੀਆਂ ਕਿਤਾਬਾਂ ਦੀ ਵਿਵਸਥਾ ਵੀ ਇਸ ਲਾਈਬ੍ਰੇਰੀ ਵਿੱਚ ਕਰਨ ਦਾ ਜੀ.ਕੇ. ਨੇ ਵਿਸ਼ਵਾਸ ਦਿਵਾਇਆ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ, ਬਿਲਡਿੰਗ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਭੋਗਲ, ਦਿੱਲੀ ਕਮੇਟੀ ਮੈਂਬਰ ਦਰਸ਼ਨ ਸਿੰਘ, ਮਨਮਿੰਦਰ ਸਿੰਘ ਆਯੂਰ ਅਤੇ ਬਿਲਡਿੰਗ ਕਮੇਟੀ ਦੇ ਸੀਨੀਅਰ ਵਾਈਸ ਚੇਅਰਮੈਨ ਵਿਕ੍ਰਮ ਸਿੰਘ ਮੌਜੂਦ ਸਨ।
Punjab Post Daily Online Newspaper & Print Media