Monday, December 23, 2024

ਦੀਨ ਹੀਨ ਅਸਹਾਇ ਸੁਸਾਇਟੀ ਭੋਆ ਵਲੋਂ ਸ਼ਾਇਰ ਮਾਸਟਰ ਫਰਤੂਲ ਚੰਦ ਫੱਕਰ ਦੀ ਕਿਤਾਬ ਲੋਕ ਅਰਪਣ

ਪਠਾਨਕੋਟ, 24 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦੀਨ ਹੀਨ ਅਸਹਾਇ ਸੁਸਾਇਟੀ ਭੋਆ ਵਲੋਂ ਭਾਸ਼ਾ ਵਿਭਾਗ ਜਿਲ੍ਹਾ ਪਠਾਨਕੋਟ ਦੇ ਸਹਿਯੋਗ ਨਾਲ ਸਕੂਲ ਆਫ਼ ਐਮੀਨੈਂਸ ਭੋਆ ਵਿੱਚ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਮਾਸਟਰ ਫਰਤੂਲ ਚੰਦ ਫ਼ੱਕਰ ਹੋਰਾਂ ਦੀ ਕਿਤਾਬ `ਫ਼ੱਕਰਾਂ ਦੀਆਂ ਖੇਡਾਂ` ਦਾ ਲੋਕ ਅਰਪਣ ਅਤੇ ਮੁਸ਼ਾਇਰਾ ਕਰਵਾਇਆ ਗਿਆ।ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਵਿਨੋਦ ਸ਼ਰਾਫ ਹੋਰਾਂ ਸ਼ਮੂਲੀਅਤ ਕੀਤੀ ਤੇ ਪ੍ਰਸਿੱਧ ਸ਼ਾਇਰ ਨਰੇਸ਼ ਨਿਰਗੁਣ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਸਮਾਰੋਹ ਦੀ ਪ੍ਰਧਾਨਗੀ ਤਹਿਸੀਲਦਾਰ (ਰਿਟਾ.) ਯਸ਼ਪਾਲ ਸ਼ਰਮਾ ਨੇ ਕੀਤੀ।ਸਮਾਰੋਹ ਦਾ ਆਗਾਜ਼ ਆਏ ਮਹਿਮਾਨਾਂ ਨੂੰ ਭੁੱਕੇ ਭੇਟ ਕਰਕੇ ਕੀਤਾ ਗਿਆ।ਸਕਲ ਪ੍ਰਿੰਸੀਪਲ ਨਸੀਬ ਸਿੰਘ ਵਲੋਂ ਸਕੂਲ ਦੇ ਵਿਹੜੇ ਵਿੱਚ ਪਹੁੰਚਣ ਵਾਲੇ ਅਦੀਬਾਂ, ਵਿਦਵਾਨਾਂ ਤੇ ਸਾਹਿਤ ਪ੍ਰੇਮੀਆਂ ਨੂੰ ‘ਜੀ ਆਇਆਂ’ ਕਿਹਾ।ਆਏ ਖ਼ਾਸ ਮਹਿਮਾਨਾਂ ਤੇ ਪ੍ਰਧਾਨਗੀ ਮੰਡਲ ਵਲੋਂ ਸ਼ਾਇਰ ਮਾਸਟਰ ਫਰਤੂਲ ਚੰਦ ਫ਼ੱਕਰ ਦੀ ਕਿਤਾਬ `ਫ਼ੱਕਰਾਂ ਦੀਆਂ ਖੇਡਾਂ ` ਅਰਪਿਤ ਕੀਤੀ ਗਈ।
ਜਿਲ੍ਹਾ ਭਾਸ਼ਾ ਅਫ਼ਸਰ ਡਾ. ਸੁਰੇਸ਼ ਮਹਿਤਾ ਹੋਰਾਂ ਫ਼ੱਕਰ ਹੋਰਾਂ ਦੇ ਸਾਹਿਤਕ ਸਫ਼ਰ `ਤੇ ਰੋਸ਼ਨੀ ਪਾਉਂਦੇ ਹੋਏ ਦੱਸਿਆ ਕਿ ਫੱਕਰ ਸਾਡੇ ਇੱਕ ਐਸੇ ਬਜੁਰਗ ਸ਼ਾਇਰ ਸਨ ਜਿਨ੍ਹਾਂ ਨੇ ਦੋਹੜਾ ਸ਼ਾਇਰੀ ਵਿੱਚ ਹਾਸ਼ਮ ਸ਼ਾਹ ਤੇ ਸੁਲਤਾਨ ਬਾਹੂ ਤੋਂ ਬਾਅਦ ਦੋਹੜਾ ਸ਼ਾਇਰੀ ਵਿੱਚ ਨਾਮਣਾ ਖੱਟਿਆ ਹੈ।ਪੁਖਤਾ ਸ਼ਾਇਰੀ ਕਰਕੇ ਉਨ੍ਹਾਂ ਦਾ ਨਾਮ ਦੁਨੀਆਂ ਭਰ ਵਿੱਚ ਗੂਜ਼ਦਾ ਹੈ।ਇਸ ਖੂਬਸੂਰਤ ਮੁਸ਼ਾਇਰੇ ਵਿੱਚ ਪੰਜਾਬ ਅਤੇ ਪੰਜਾਬ ਤੋਂ ਬਾਹਰੋਂ ਆਏ ਸ਼ਾਇਰਾਂ ਦੀਆਂ ਸਵਰ ਲਹਿਰੀਆਂ ਨੇ ਮਹਿਫ਼ਲ ਵਿੱਚ ਕਾਵਿਕ ਰੰਗ ਬਿਖੇਰ ਕੇ ਮਾਹੌਲ ਨੂੰ ਹੁਸੀਨ ਤੇ ਰੰਗੀਨ ਬਣਾ ਦਿੱਤਾ।ਲੰਬਾ ਚੱਲਣ ਵਾਲੇ ਇਸ ਸਮਾਰੋਹ ਵਿੱਚ ਸ਼ਾਇਰ ਲੋਕ ਆਪਣੀ ਹਾਜ਼ਰੀ ਲਗਵਾਉਂਦੇ ਤੇ ਆਪਣੇ ਕਲਾਮ ਨਾਲ ਮੰਤਰਮੁਗਧ ਕਰਦੇ ਰਹੇ।ਕਾਵਿ ਮਹਿਫ਼ਲ ਦਾ ਆਗਾਜ਼ ਗੁਰਮੀਤ ਬਾਜਵਾ ਜੀ ਦੇ ਦੋਹੜਿਆਂ ਨਾਲ ਕੀਤਾ ਗਿਆ। ਪਠਾਨਕੋਟ ਦੀ ਸਾਹਿਤ ਸਭਾ ਦੇ ਪ੍ਰਧਾਨ ਬੀ.ਆਰ ਗੁਪਤਾ ਤੇ ਪ੍ਰਸਿੱਧ ਸ਼ਾਇਰ ਪੂਰਨ ਅਹਿਸਾਨ ਹੋਰਾਂ ਦੇ ਤਰਾਨੁੰਮ ਵਿੱਚ ਪੇਸ਼ ਕੀਤੇ ਕਲਾਮ ਨੇ ਸਭ ਨੂੰ ਕੀਲ ਕੇ ਰੱਖ ਦਿੱਤਾ। ਹਿਮਾਚਲ ਪ੍ਰਦੇਸ਼ ਤੋਂ ਪਹੁੰਚੇ ਸ਼ਾਇਰ ਸੁਭਾਸ਼ ਸਾਹਿਲ ਤੇ ਫ਼ਿਰੋਜ਼ ਆਰੋਜ਼ ਅਤੇ ਸ਼ਾਹਪੁਰ ਕੰਢੀ ਤੋਂ ਪਹੁੰਚੇ ਸੁਨੀਲ ਆਫ਼ਤਾਬ ਤੇ ਦਵਿੰਦਰ ਅੱਤਰੀ ਹੋਰਾਂ ਦੇ ਕਲਾਮ ਨੇ ਕਾਵਿ ਮਹਿਫ਼ਲ ਨੂੰ ਹੋਰ ਵੀ ਹੁਸੀਨ ਬਣਾ ਦਿੱਤਾ।ਡਾ. ਗੁਰਚਰਨ ਗਾਂਧੀ ਸੰਪਾਦਕ `ਸੂਹੀ ਸਵੇਰ` ਹੋਰਾਂ ਵੀ ਵਿਸ਼ੇਸ਼ ਤੌਰ `ਤੇ ਪਹੁੰਚ ਕੇ ਹਾਜ਼ਰੀ ਲਵਾਈ।ਸੂਬਾ ਸਿੰਘ ਖਹਿਰਾ, ਰਾਮ ਕਿਸ਼ੋਰ `ਰਾਮ`, ਰਮਨੀ ਸੁਜਾਨਪੁਰੀ, ਜੁਗਲ ਕਿਸ਼਼ੋਰ, ਵਿਜੇ ਕੁਮਾਰ, ਰਾਜ ਕੁਮਾਰੀ, ਪ੍ਰੇਮ ਲਾਲ ਆਦਿ ਨੇ ਵੀ ਆਪਣੇ ਕਲਾਮ ਪੇਸ਼ ਕੀਤੇ।
ਮਾਸਟਰ ਫਰਤੂਲ ਚੰਦ ਫ਼ੱਕਰ ਹੋਰਾਂ ਨੇ ਆਪਣੀ ਸ਼ਾਇਰਾਨਾ ਹਾਜ਼ਰੀ ਦੇ ਨਾਲ ਆਏ ਮਹਿਮਾਨਾਂ ਤੇ ਭਾਸ਼ਾ ਵਿਭਾਗ ਪੰਜਾਬ ਪਠਾਨਕੋਟ ਦਾ ਅਤੇ ਸਕੂਲ ਪ੍ਰਿੰਸੀਪਲ ਹੋਰਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।ਉਨ੍ਹਾਂ ਆਪਣੇ ਮੁਰਸ਼ਦ ਨੂੰ ਸਮਰਪਿਤ ਇਸ ਕਿਤਾਬ ਦਾ ਲੋਕ ਅਰਪਣ ਕਰਕੇ ਅੱਜ ਦੇ ਦਿਨ ਨੂੰ ਭਾਗਾਂ ਵਾਲਾ ਤੇ ਅਭੁੱਲ ਬਣਾ ਦਿੱਤਾ।ਨਰੇਸ਼ ਨਿਰਗੁਣ ਜੋ ਅੱਜ ਦੇ ਸਮਾਗਮ ਦੇ ਵਿਸ਼ੇਸ਼ ਮਹਿਮਾਨ ਵੀ ਸਨ, ਨੇ ਕਿਹਾ ਕਿ ਫ਼ੱਕਰ ਜੀ ਅਜਿਹੇ ਇਨਸਾਨ, ਸ਼ਾਇਰ ਤੇ ਸਮਾਜ ਸੇਵੀ ਹਨ, ਜਿਨ੍ਹਾਂ ਦੀ ਸਮਾਜ ਅਤੇ ਸਾਹਿਤ ਨੂੰ ਬਹੁਤ ਵੱਡੀ ਦੇਣ ਹੈ।ਉਨ੍ਹਾਂ ਆਪਣੇ ਦਿਲਕਸ਼ ਅੰਦਾਜ਼ ਵਿੱਚ ਆਪਣੀ ਸ਼ਾਇਰੀ ਰਾਹੀਂ ਹਾਜ਼ਰੀ ਵੀ ਲਗਵਾਈ।ਮੁੱਖ ਮਹਿਮਾਨ ਵਿਨੋਦ ਸ਼ਰਾਫ ਨੇ ਫ਼ੱਕਰ ਹੋਰਾਂ ਦੀ ਸਾਹਿਤਕ ਤੇ ਸਮਾਜਿਕ ਦੇਣ ਬਾਰੇ ਰੋਸ਼ਨੀ ਪਾਉਂਦੇ ਕਿਹਾ ਕਿ ਫੱਕਰ ਹੋਰਾਂ ਦਾ ਸਮਾਜ ਸੇਵਾ ਤੇ ਸਾਹਿਤ ਦੇ ਖੇਤਰ ਵਿੱਚ ਬਹੁਤ ਵੱਡਾ ਨਾਂ ਹੈ।
ਸਮਾਰੋਹ ਵਿੱਚ ਜਿਲ੍ਹਾ ਭਾਸ਼ਾ ਦਫ਼ਤਰ ਤੋਂ ਖੋਜ਼ ਅਫ਼ਸਰ ਰਾਜੇਸ਼ ਕੁਮਾਰ, ਸ਼ਿਵ ਕੁਮਾਰ, ਰਾਮੇਸ਼ ਕੁਮਾਰ, ਰੇਖਾ, ਰੇਨੂੰ ਅਤੇ ਪਿੰਡ ਦੇ ਹੋਣਹਾਰ ਨੌਜਵਾਨ ਯੁਵਰਾਜ ਹੋਰਾਂ ਵੀ ਹਾਜ਼ਰੀ ਲਵਾਈ।ਮੰਚ ਸੰਚਾਲਨ ਰਮਨ ਕੁਮਾਰ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕੀਤਾ।

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …