Friday, March 13, 2026

ਦੀਵਾਲੀ ਮੌਕੇ ਰਾਤ ਕੇਵਲ 8.00 ਤੋਂ 10.00 ਵਜੇ ਤੱਕ ਚਲਾਏ ਜਾ ਸਕਣਗੇ ਪਟਾਕੇ- ਜ਼ਿਲ੍ਹਾ ਮੈਜਿਸਟ੍ਰੇਟ

ਕੇਵਲ ਗਰੀਨ ਪਟਾਕੇ ਹੀ ਵੇਚੇ ਅਤੇ ਚਲਾਏ ਜਾ ਸਕਣਗੇ

ਅੰਮ੍ਰਿਤਸਰ, 26 ਅਕਤੂਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਘਨਸ਼ਾਮ ਥੋਰੀ ਨੇ ਮਾਣਯੋਗ ਸੁਪਰੀਮ ਕੋਰਟ ਵਲੋਂ ਜਾਰੀ ਹੁਕਮਾਂ ਤਹਿਤ ਤਿਉਹਾਰਾਂ ਦੇ ਦਿਨਾਂ ਵਿੱਚ ਪਟਾਕੇ ਚਲਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।ਇਸ ਤਹਿਤ ਦੀਵਾਲੀ ਤੇ ਗੁਰਪੁਰਬ ਦੇ ਮੌਕੇ ਪਟਾਕਿਆਂ ਦੀ ਵਿਕਰੀ ਲਈ ਜ਼ਿਲ੍ਹੇ ਅੰਦਰ ਜਾਰੀ ਕੀਤੇ ਜਾਣ ਵਾਲੇ ਆਰਜ਼ੀ ਲਾਇਸੰਸ ਅਤੇ ਇਸ ਤੋਂ ਬਿਨ੍ਹਾਂ ਮਾਣਯੋਗ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਅੰਦਰ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਤੇ ਨਵੇਂ ਸਾਲ ਵਾਲੇ ਦਿਨ ਪਟਾਕੇ ਚਲਾਉਣ ਲਈ ਸਮਾਂ ਵੀ ਨਿਰਧਾਰਤ ਕੀਤਾ ਗਿਆ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਪਾਸ ਕੀਤੇ ਹੁਕਮਾਂ ਤਹਿਤ ਜ਼ਿਲ੍ਹੇ ਦੀ ਹਦੂਦ ਅੰਦਰ ਪਟਾਕਿਆਂ ਦੀ ਵਿਕਰੀ ਲਈ ਜ਼ਿਲ੍ਹੇ ਅੰਦਰ ਆਰਜ਼ੀ ਲਾਇਸੈਂਸ ਜਾਰੀ ਕੀਤਾ ਜਾਵੇਗਾ। ਡਰਾਅ ਮੁਤਾਬਕ ਅਲਾਟੀ ਵਲੋਂ ਪਟਾਕੇ ਕੇਵਲ ਸਵੇਰੇ 10.00 ਵਜੇ ਤੋਂ ਸ਼ਾਮ 7.30 ਵਜੇ ਤੱਕ ਹੀ ਨਿਰਧਾਰਤ ਕੀਤੀ ਜਗ੍ਹਾ `ਤੇ ਵੇਚੇ ਜਾ ਸਕਣਗੇ ਅਤੇ।ਪਾਬੰਦੀ ਸ਼ੁਦਾ ਪਟਾਕਿਆਂ ਦੀ ਵਿਕਰੀ ਦੀ ਮਨਾਹੀ ਹੈ ਕੇਵਲ ਗਰੀਨ ਪਟਾਕੇ ਜੋ ਕਿ ਲੀਥੀਅਮ, ਮਰਕਰੀ, ਆਰਸੈਨਿਕ, ਸਿੱਕਾ, ਬੇਰੀਅਮ ਸਾਲਟ ਆਦਿ ਤੋਂ ਬਿਨਾਂ ਬਣੇ ਹੋਣਗੇ, ਉਹ ਹੀ ਵੇਚੇ ਅਤੇ ਚਲਾਏ ਜਾ ਸਕਣਗੇ।
ਉਨ੍ਹਾਂ ਦੱਸਿਆ ਕਿ ਦੀਵਾਲੀ ਵਾਲੇ ਦਿਨ ਪਟਾਕੇ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ, ਗੁਰਪੁਰਬ ਵਾਲੇ ਦਿਨ ਸਵੇਰੇ 4.00 ਵਜੇ ਤੋਂ 5.00 ਵਜੇ ਤੱਕ ਅਤੇ ਰਾਤ ਨੂੰ 9.00 ਵਜੇ ਤੋਂ 10.00 ਵਜੇ ਤੱਕ ਪਟਾਕੇ ਚਲਾਏ ਜਾ ਸਕਦੇ ਹਨ। ਇਸੇ ਤਰ੍ਹਾਂ ਕ੍ਰਿਸਮਿਸ ਦੀ ਪੂਰਵ ਸੰਧਿਆ `ਤੇ ਰਾਤ 11.55 ਤੋਂ ਅਗਲੀ ਸਵੇਰ 12.30 ਵਜੇ ਤੱਕ ਅਤੇ ਨਵੇਂ ਸਾਲ ਦੀ ਪੂਰਵ ਸੰਧਿਆ `ਤੇ ਰਾਤ 11.55 ਤੋਂ ਅਗਲੀ ਸਵੇਰ 12.30 ਵਜੇ ਤੱਕ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।ਇਸ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਦੇ ਪਟਾਕੇ ਚਲਾਉਣ `ਤੇ ਪਾਬੰਦੀ ਹੋਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕੋਈ ਵੈਬਸਾਈਟ, ਈ ਕਾਮਰਸ ਸਾਈਟ ਆਦਿ ਪਟਾਕੇ ਨਹੀਂ ਵੇਚ ਸਕਣਗੇ।ਜ਼ਿਲ੍ਹਾ ਮੈਜਿਸਟ੍ਰੇਟ ਨੇ ਹੋਰ ਕਿਹਾ ਕਿ ਵਿਆਹ ਸ਼ਾਦੀਆਂ ਦੇ ਸਮਾਗਮਾਂ ਸਮੇਂ ਪਟਾਕੇ ਆਦਿ ਚਲਾਉਣ ਲਈ ਮੈਰਿਜ ਪੈਲੇਸ ਮਾਲਕ ਵਲੋਂ ਇਸ ਸਬੰਧੀਂ ਲਾਇਸੈਂਸ ਲੈਣਾ ਲਾਜ਼ਮੀ ਹੋਵੇਗਾ ਤੇ ਸੁਰੱਖਿਆ ਨੇਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।ਇਸ ਤੋਂ ਬਿਨ੍ਹਾਂ ਸ਼ੋਭਾ ਯਾਤਰਾ, ਨਗਰ ਕੀਰਤਨ, ਪ੍ਰਭਾਤ ਫੇਰੀ ਅਤੇ ਹੋਰ ਸਮਾਗਮਾਂ ਮੌਕੇ ਪਟਾਕਿਆਂ ਨੂੰ ਚਲਾਉਣ ਲਈ ਵੀ ਲਾਇਸੈਂਸ ਲੈਣਾ ਲਾਜਮੀ ਹੈ।ਸੰਘਣੀ ਵਸੋਂ ਵਾਲੇ ਇਲਾਕਿਆਂ ਅਤੇ ਅੱਗ ਲੱਗਣ ਵਾਲੇ ਸੰਭਾਵਿਤ ਖੇਤਰਾਂ `ਚ ਪਟਾਕੇ ਚਲਾਉਣ ਦੀ ਸੰਪੂਰਨ ਮਨਾਹੀ ਹੋਵੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਉਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ, ਐਸ.ਐਸ.ਪੀ, ਸਾਰੇ ਐਸ.ਡੀ.ਐਮ, ਕਾਰਜਕਾਰੀ ਇੰਜਨੀਅਰ ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਨੂੰ ਹਦਾਇਤਾਂ ਜਾਰੀ ਕਰਦਿਆਂ ਲੋੜੀਂਦੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …