ਅੰਮ੍ਰਿਤਸਰ, 28 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਵਿਖੇ ‘ਹੈਲਥ ਐਂਡ ਐਨਵਾਇਰਮੈਂਟ ਐਜ਼ ਇਨਵੀਜ਼ਨਡ
ਇਨ ਗੁਰਬਾਣੀ’ ਵਿਸ਼ੇ ’ਤੇ ਇਕ ਰੋਜ਼ਾ ਕੌਮੀ ਕਾਨਫ਼ਰੰਸ ’ਚ ਸ਼ਾਮਿਲ ਮਾਹਿਰਾਂ ਵਲੋਂ ਜੀਵਨ ਨੂੰ ਤਬਾਹ ਕਰ ਰਹੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਠੋਸ ਕਦਮ ਉਠਾਉਣ ਦਾ ਸੱਦਾ ਦਿੱਤਾ।ਉਨ੍ਹਾਂ ਕਿਹਾ ਕਿ ਗੁਰਬਾਣੀ ’ਚ ਦਰਜ ਗੁਰੂ ਸਾਹਿਬਾਨ ਵਲੋਂ ਮਿੱਟੀ, ਪਾਣੀ ਅਤੇ ਵਾਤਾਵਰਣ ਦੀ ਰਾਖੀ ਲਈ ਦਿੱਤੇ ਸੰਦੇਸ਼ ਅੱਜ ਵੀ ਵਿਸ਼ਵ ਭਰ ’ਚ ਪ੍ਰਸੰਗਿਕ ਹਨ।
ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਨਫਰੰਸ ਦੀ ਅਗਵਾਈ ਕੀਤੀ।ਜਿਸ ਦੌਰਾਨ ਕੇਂਦਰੀ ਯੂਨੀਵਰਸਿਟੀ, ਪਾਲਮਪੁਰ, ਹਿਮਾਚਲ ਪ੍ਰਦੇਸ਼ ਤੋਂ ਚਾਂਸਲਰ ਡਾ. ਐਚ.ਐਸ ਬੇਦੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਸਤਿ੍ਰਤ ਹਵਾਲੇ ਦਿੰਦਿਆਂ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਗੁਰਬਾਣੀ ਦਾ ਮੁੱਢਲਾ ਫਲਸਫਾ ਹੈ।ਉਨ੍ਹਾਂ ਵਿਕਾਸ ਲਈ ਪੱਛਮੀ ਮਾਡਲ ਦੀ ਅੰਨ੍ਹੇਵਾਹ ਪੈਰਵੀ ਕਰਨ ਦਾ ਦੋਸ਼ ਵੀ ਲਾਇਆ ਜਿਸ ਨੇ ਵਾਤਾਵਰਨ ਨਾਲ ਤਬਾਹੀ ਮਚਾਈ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਅਤੇ ਸਾਬਕਾ ਪ੍ਰੋਫੈਸਰ ਡਾ. ਆਦਰਸ਼ ਕੁਮਾਰ ਵਿੱਗ ਨੇ ਕਿਸਾਨਾਂ ਨੂੰ ਖੇਤਾਂ ’ਚ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕਰਨ ਸਮੇਤ ਪ੍ਰਦੂਸ਼ਣ ਰੋਕਣ ਲਈ ਆਪਣੇ ਬੋਰਡ ਦੇ ਪ੍ਰੋਗਰਾਮਾਂ ਬਾਰੇ ਵਿਸਥਾਰਿਤ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਸਰਕਾਰ ‘ਪਰਾਲੀ’ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕਰ ਰਹੀ ਹੈ।
ਛੀਨਾ ਨੇ ਕਿਹਾ ਕਿ ਸਮੇਂ ਦੀ ਸਰਕਾਰਾਂ ਵਾਤਾਵਰਨ ਪ੍ਰਦੂਸ਼ਣ ਦੇ ਵਧ ਰਹੇ ਖਤਰੇ ਨੂੰ ਹੱਲ ਕਰਨ ’ਚ ਅਸਫਲ ਰਹੀਆਂ ਹਨ।ਉਨ੍ਹਾਂ ਸਰਕਾਰ ਨੂੰ ਸੂਬੇ ’ਚ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ’ਤੇ ਮੁਕੰਮਲ ਪਾਬੰਦੀ ਨੂੰ ਯਕੀਨੀ ਬਣਾਉਣ ਲਈ ਅਪੀਲ ਕੀਤੀ।
ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਅਤੇ ਖਾਲਸਾ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਗੁਰਮੋਹਨ ਸਿੰਘ ਵਾਲੀਆ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਵਾਤਾਵਰਨ ਅਤੇ ਸਿਹਤ ਆਪਸ ’ਚ ਜੁੜੇ ਹੋਏ ਹਨ ਪਰ ਵਿਡੰਬਨਾ ਇਹ ਹੈ ਕਿ ਅਸੀਂ ਵਾਤਾਵਰਨ ਨਾਲ ਖਿਲਵਾੜ ਕਰ ਰਹੇ ਹਾਂ।ਕਾਲਜ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ ਨੇ ਬੁਲਾਰਿਆਂ ਅਤੇ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਹਰੇ ਪੌਦੇ ਦੇ ਕੇ ਸਨਮਾਨਿਤ ਕੀਤਾ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ
ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …
Punjab Post Daily Online Newspaper & Print Media