Thursday, September 24, 2026

ਸਪਰੇਟਾ ਦੁੱਧ ਵਿੱਚ ਤੇਲ ਮਿਲਾ ਕੇ ਬਣਾਇਆ 337 ਕਿਲੋਗ੍ਰਾਮ ਖੋਆ ਬਰਾਮਦ

2 ਘਰਾਂ ‘ਚੋਂ ਨਕਲੀ ਖੋਆ ਬਨਾਉਣ ਵਾਲੇ ਕੀਤੇ ਕਾਬੂ

ਅੰਮ੍ਰਿਤਸਰ, 3 ਨਵੰਬਰ (ਸੁਖਬੀਰ ਸਿੰਘ) – ਤਿਉਹਾਰਾਂ ਦੇ ਦਿਨਾਂ ਵਿਚ ਮਿਠਾਈ ਦੀ ਮੰਗ ਵੱਧ ਜਾਣ ਕਾਰਨ ਇਸ ਵਿਚ ਨਕਲੀ ਦੁੱਧ ਤੇ ਖੋਏ ਦੀ ਹੁੰਦੀ ਵਰਤੋਂ ਨੂੰ ਸਖਤੀ ਨਾਲ ਰੋਕਣ ਦੀਆਂ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਦਿੱਤੀਆਂ ਹਦਾਇਤਾਂ ਦੇ ਚੱਲਦੇ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਕੰਮ ਕਰ ਰਹੀ ਫੂਡ ਸੇਫਟੀ ਟੀਮ ਨੇ ਬੀਤੀ ਰਾਤ ਥਾਣਾ ਲੋਪੋਕੇ ਦੇ ਪਿੰਡ ਮਾਨਾਂਵਾਲਾ ਵਿਖੇ ਦੋ ਘਰਾਂ ਵਿੱਚ ਛਾਪਾ ਮਾਰ ਕੇ ਸਪਰੇਟੇ ਦੁੱਧ ਤੇ ਰਿਫਾਇੰਡ ਤੇਲ ਦੀ ਵਰਤੋਂ ਨਾਲ ਤਿਆਰ ਕੀਤਾ 337 ਕਿਲੋਗ੍ਰਾਮ ਖੋਆ ਬਰਾਮਦ ਕੀਤਾ ਅਤੇ ਦੋਵਾਂ ਘਰਾਂ ਦੇ ਮਾਲਕਾਂ ‘ਤੇ ਕੇਸ ਦਰਜ਼ ਕਰਵਾਇਆ ਹੈ।ਸਹਾਇਕ ਕਮਿਸ਼ਨਰ ਫੂਡ ਸੇਫਟੀ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਨਾਂ ਦੀ ਟੀਮ ਨੇ ਮਾਨਾਂਵਾਲਾ ਵਿਖੇ ਦੇਸਾ ਸਿੰਘ ਪੁੱਤਰ ਰੁਲਦਾ ਸਿੰਘ ਦੇ ਘਰ ਛਾਪਾ ਮਾਰਿਆ ਤਾਂ ਉਥੋਂ ਸਪਰੇਟੇ ਦੁੱਧ ਵਿੱਚ ਰਿਫਾਇੰਡ ਤੇਲ ਪਾ ਕੇ ਖੋਆ ਬਨਾਉਣ ਦਾ ਕੰਮ ਚੱਲ ਰਿਹਾ ਸੀ।ਉਨਾਂ 50 ਕਿਲੋ ਬਣਿਆ ਹੋਇਆ ਖੋਆ, 18 ਕਿਲੋ ਸਪਰੇਟਾ ਦੁੱਧ ਤੇ 10 ਕਿਲੋਗ੍ਰਾਮ ਰਿਫਾਇੰਡ ਤੇਲ ਬਰਾਮਦ ਕੀਤਾ।ਇਸੇ ਪਿੰਡ ਦੇ ਹੀ ਇਕ ਹੋਰ ਘਰ ਜੋ ਕਿ ਕੁਲਦੀਪ ਸਿੰਘ ਪੁੱਤਰ ਤਰਲੋਕ ਸਿੰਘ ਦਾ ਹੈ, ਵਿੱਚ ਵੀ ਛਾਪਾ ਮਾਰਨ ‘ਤੇ 287 ਕਿਲੋਗ੍ਰਾਮ ਇਸੇ ਤਰਾਂ ਤਿਆਰ ਕੀਤਾ ਖੋਆ, 44 ਕਿਲੋਗ੍ਰਾਮ ਸਪਰੇਟਾ ਦੁੱਧ ਤੇ 105 ਕਿਲੋਗ੍ਰਾਮ ਰਿਫਾਇੰਡ ਤੇਲ ਬਰਾਮਦ ਕੀਤਾ।ਉਨਾਂ ਕਿਹਾ ਕਿ ਇਨਾਂ ਲੋਕਾਂ ਨੇ ਆਪਣੇ ਘਰਾਂ ਵਿਚ ਗਰਾਇੰਡਰ ਰੱਖੇ ਹੋਏ ਹਨ, ਜੋ ਕਿ ਤੇਲ ਤੇ ਦੁੱਧ ਨੂੰ ਮਿਲਾ ਕੇ ਫਿਰ ਖੋਆ ਬਨਾਉਣ ਦਾ ਕੰਮ ਕਰਦੇ ਸਨ।
ਉਨਾਂ ਦੱਸਿਆ ਕਿ ਟੀਮ ਵਿੱਚ ਮੌਜ਼ੂਦ ਫੂਡ ਸੇਫਟੀ ਅਧਿਕਾਰੀ ਸ੍ਰੀਮਤੀ ਕਮਲਦੀਪ ਕੌਰ, ਮਿਸ ਸਾਖਸ਼ੀ ਖੋਸਲਾ, ਅਮਨਦੀਪ ਸਿੰਘ ਤੇ ਅਸ਼ਵਨੀ ਕੁਮਾਰ ਨੇ ਮੌਕੇ ‘ਤੇ ਕਾਰਵਾਈ ਕਰਦੇ ਹੋਏ ਸਾਰਾ ਖੋਆ ਨਸ਼ਟ ਕਰਵਾਇਆ ਅਤੇ ਖੋਏ ਦੇ 6 ਨਮੂਨੇ ਅਗਲੀ ਜਾਂਚ ਲਈ ਲੈ ਕੇ ਬਾਕੀ ਪਦਾਰਥ ਜ਼ਬਤ ਕਰ ਲਏ।ਉਨਾਂ ਦੱਸਿਆ ਕਿ ਟੀਮ ਨੇ ਸਾਰਾ ਮਾਮਲਾ ਥਾਣਾ ਲੋਪੋਕੇ ਦੇ ਐਸ.ਐਚ.ਓ ਯਾਦਵਿੰਦਰ ਸਿੰਘ ਦੇ ਧਿਆਨ ਵਿੱਚ ਲਿਆ ਕੇ ਦੋਵਾਂ ਵਿਅਕਤੀਆਂ ਵਿਰੁੱਧ ਆਈ.ਪੀ.ਸੀ ਦੀ ਧਾਰਾ 273-420 ਅਧੀਨ ਕੇਸ ਦਰਜ਼ ਕਰਵਾ ਦਿੱਤਾ ਹੈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …