Sunday, December 22, 2024

ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਕਾਨਫਰੰਸ “ਲੋਕਾਵੋਰ ਕ੍ਰਾਂਤੀ” ਦਾ ਆਯੋਜਨ

ਚੰਗੀ ਸਿਹਤ ਲਈ ਕਣਕ ਚੌਲ ਤੋਂ ਇਲਾਵਾ ਹੋਰ ਮੋਟੇ ਅਨਾਜ ਜਰੂਰੀ – ਭੋਜਨ ਮਾਹਿਰ

ਅੰਮ੍ਰਿਤਸਰ, 3 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੋਟਲ ਮੈਨੇਜਮੈਂਟ ਅਤੇ ਸੈਰ ਸਪਾਟਾ ਵਿਭਾਗ ਵਲੋਂ ਭੋਜਨ ਦੀਆਂ ਚੰਗੀਆਂ ਆਦਤਾਂ ਨੂੰ ਉਤਸ਼ਾਹਿਤ ਕਰਨ ‘ਚ ਮੋਟੇ ਅਨਾਜ ਦੀ ਮਹੱਤਤਾ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਅੰਤਰਰਾਸ਼ਟਰੀ ਕਾਨਫਰੰਸ “ਲੋਕਾਵੋਰ ਕ੍ਰਾਂਤੀ” ਚੈਟ 2023 ਦਾ ਆਯੋਜਨ ਕੀਤਾ ਗਿਆ।ਰਜਿਸਟਰਾਰ ਪ੍ਰੋ. ਕੇ. ਐਸ ਕਾਹਲੋਂ ਨੇ ਆਪਣੇ ਉਦਘਾਟਨੀ ਭਾਸ਼ਣ ਦੌਰਾਨ ਲੋਕਾਂ ਨੂੰ ਬਦਲਵੇਂ ਅਨਾਜਾਂ ਬਾਰੇ ਜਾਗਰੂਕ ਕਰਨ ਲਈ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਟਲ ਮੈਨੇਜਮੈਂਟ ਅਤੇ ਟੂਰਿਜ਼ਮ ਵਿਭਾਗ ਯੂਨੀਵਰਸਿਟੀ ਦੇ ਸਭ ਤੋਂ ਨਵੇਂ ਵਿਭਾਗਾਂ ਵਿੱਚੋਂ ਇੱਕ ਹੈ।ਇਹ ਉਸਾਰੂ ਕਾਰਜ਼ ਕਰ ਰਿਹਾ ਹੈ ਅਤੇ ਸਿਰਫ਼ ਪੰਜ ਸਾਲਾਂ ਦੇ ਆਪਣੇ ਸਫ਼ਰ ਵਿੱਚ ਇਸ ਨੇ ਬਹੁਤ ਕੁੱਝ ਹਾਸਲ ਕੀਤਾ ਹੈ।ਵਿਦਿਆਰਰਥੀਆਂ, ਅਧਿਆਪਕਾਂ ਤੋਂ ਇਲਾਵਾ ਸ਼ੈਫ, ਅਕਾਦਮਿਕ ਵਿਦਵਾਨ, ਕਿਸਾਨ, ਵਾਤਾਵਰਣ ਵਿਗਿਆਨੀ, ਪੋਸ਼ਣ ਵਿਗਿਆਨੀ ਅਤੇ ਖੇਤ ਵਿਰਾਸਤ ਦੇ ਅਧਿਕਾਰੀ ਇਸ ਕਾਨਫਰੰਸ ਵਿੱਚ ਸ਼ਾਮਲ ਸਨ।
ਮੁੱਖ ਬੁਲਾਰੇ ਪ੍ਰੋ. ਪ੍ਰਸ਼ਾਂਤ ਕੇ. ਗੌਤਮ ਨੇ ਸਥਾਨਕ ਭੋਜਨ ਰੂਪਾਂ ਦੀ ਮਹੱਤਤਾ `ਤੇ ਬਲ ਦਿੰਦਿਆਂ ਦੱਸਿਆ ਕਿ ਕਣਕ ਅਤੇ ਚੌਲਾਂ ਦਾ ਜੀਆਈ ਸੂਚਕਾਂਕ ਚੀਨੀ ਨਾਲੋਂ ਵੱਧ ਹੈ ਜੋ ਕਿ ਸ਼ੂਗਰ ਦਾ ਇੱਕ ਕਾਰਨ ਹੈ।ਉਨ੍ਹਾਂ ਨੇ ਮੋਟੇ ਅਨਾਜ ਦੀ ਖਰੀਦ ਅਤੇ ਵਰਤੋਂ ਵਿੱਚ ਦਰਪੇਸ਼ ਚੁਣੌਤੀਆਂ ਬਾਰੇ ਵੀ ਗੱਲ ਕੀਤੀ।ਸ਼ੈਫ ਵਿਕਾਸ ਚਾਵਲਾ ਨੇ ਕਿਹਾ ਕਿ ਹੌਲੀ-ਹੌਲੀ ਸਾਰਿਆਂ ਨੂੰ ਸਮਾਜ ਵਿੱਚ ਪ੍ਰਚਲਿਤ ਅਨਾਜ ਦੇ ਨਾਲ-ਨਾਲ ਹੋਰ ਵੱਖ ਵੱਖ ਅਨਾਜਾਂ ਵੱਲ ਰੁਚਿਤ ਹੋਣਾ ਚਾਹੀਦਾ ਹੈ, ਕਿਉਂਕਿ ਅੱਜ ਕਣਕ 60 ਸਾਲ ਪਹਿਲਾਂ ਵਰਗੀ ਨਹੀਂ ਰਹੀ।
ਸ਼ੈਫ ਟੀ.ਕੇ. ਰਾਜ਼ਦਾਨ ਪ੍ਰਿੰਸੀਪਲ ਆਈ.ਸੀ.ਆਈ ਨੋਇਡਾ ਨੇ ਭੋਜਨ ਤਿਆਰ ਕਰਨ ਦੀਆਂ ਚੰਗੀਆਂ ਆਦਤਾਂ, ਭਾਵਨਾਤਮਕ ਲਗਾਅ ਅਤੇ ਭੋਜਨ ਤਿਆਰ ਕਰਨ ਮੌਕੇ ਵੱਖ ਵੱਖ ਪ੍ਰਭਾਵਾਂ ਦੇ ਸਬੰਧ ਦੀ ਮਹੱਤਤਾ `ਤੇ ਜ਼ੋਰ ਦਿੱਤਾ।ਪ੍ਰੋ. ਮਨਦੀਪ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵਿਭਾਗ ਵੱਖ ਵੱਖ ਅਨਾਜਾਂ ਅਧਾਰਿਤ ਪਕਵਾਨਾਂ ਦੇ ਲਾਈਵ ਪ੍ਰਦਰਸ਼ਨ ਲਈ ਵਰਕਸ਼ਾਪਾਂ ਦਾ ਆਯੋਜਨ ਕਰੇਗਾ।ਦੂਜੇ ਸੈਸ਼ਨ ਦੌਰਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖੋਜਕਰਤਾਵਾਂ ਵੱਲੋਂ ਖੋਜ ਭਰਪੂਰ ਪੱਤਰ ਪੇਸ਼ ਕੀਤੇ ਗਏ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …