ਨਵੀਂ ਦਿੱਲੀ, 25 ਦਸੰਬਰ (ਅੰਮ੍ਰਿਤ ਲਾਲ ਮੰਨਣ) – ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਵਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ, ਬਾਬਾ ਜੋਰਾਵਰ ਸਿੰਘ, ਬਾਬਾ ਫਤਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ ‘ਸ਼ਹੀਦੀ ਜੋੜ ਮੇਲੇ’ ਦਾ ਆਯੋਜਨ 26 ਦਸੰਬਰ, ਸ਼ੁਕਰਵਾਰ ਨੂੰ ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਕੀਤਾ ਜਾ ਰਿਹਾ ਹੈ, ਜਿਸਦੀ ਅਰੰਭਤਾ ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਅਤੇ ਨਿਤਨੇਮ ਦੇ ਪਾਠ ਨਾਲ ਹੋਵੇਗੀ। ਇਸਤੋਂ ਉਪਰੰਤ ਆਸਾ ਦੀ ਵਾਰ ਦਾ ਕੀਰਤਨ ਗੁਰਦੁਆਰਾ ਸੀਸਗੰਜ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਦੀਪ ਸਿੰਘ ਕਰਨਗੇ। ਇਹ ਜਾਣਕਾਰੀ ਸ. ਪਰਮਜੀਤ ਸਿੰਘ ਰਾਣਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਇਥੇ ਜਾਰੀ ਇੱਕ ਬਿਆਨ ਰਾਹੀਂ ਦਿੱਤੀ। ਉਨ੍ਹਾਂ ਦਸਿਆ ਕਿ ਇਨ੍ਹਾਂ ਤੋਂ ਇਲਾਵਾ ਭਾਈ ਮਨੋਹਰ ਸਿੰਘ ਗੁਰਿੰਦਰ ਸਿੰਘ, ਭਾਈ ਪ੍ਰੇਮ ਸਿੰਘ ਬੰਧੂ, ਗੁਰਮਤਿ ਕਾਲਜ (ਗੁ. ਮਾਤਾ ਸੁੰਦਰੀ ਜੀ) ਦੇ ਵਿਦਿਆਰਥੀ, ਭਾਈ ਗੁਰਿੰਦਰ ਸਿੰਘ ਲੁਧਿਆਣਾ, ਭਾਈ ਹਰਜੀਤ ਸਿੰਘ ਗੁਰਦੀਪ ਸਿੰਘ, ਭਾਈ ਅਪਾਰਦੀਪ ਸਿੰਘ (ਇੰਗਲੈਂਡ), ਭਾਈ ਹਰਜਿੰਦਰ ਸਿੰਘ (ਸ੍ਰੀਨਗਰ) ਦੇ ਕੀਰਤਨੀ ਜੱਥੇ ਗੁਰ-ਸ਼ਬਦ ਦੇ ਕੀਰਤਨ ਰਾਹੀਂ ਅਤੇ ਭਾਈ ਗੁਰਚਰਨ ਸਿੰਘ (ਢਾਡੀ) ਦਾ ਜਥਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਪ੍ਰਸੰਗ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਇਸ ਮੌਕੇ ਤੇ ਸੇਵਾ ਪੰਥੀ ਬਾਬਾ ਬਚਨ ਸਿੰਘ ਜੀ ਸੰਗਤਾਂ ਨੂੰ ਨਾਮ ਸਿਮਰਨ ਕਰਵਾਣਗੇ ਅਤੇ ਦੁਪਹਿਰ ਬਾਅਦ ਕਵੀ ਦਰਬਾਰ ਹੋਵੇਗਾ, ਜਿਸ ਵਿੱਚ ਪੰਜਾਬੀ ਦੇ ਪ੍ਰਮੁਖ ਕਵੀ ਆਪਣੀਆਂ ਸਜਰੀਆਂ ਕਾਵਿ ਰਚਨਾਵਾਂ ਰਾਹੀਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਾਹਦਤ ਪ੍ਰਤੀ ਆਪਣੀ ਅਕੀਦਤ ਦੇ ਫੁਲ ਭੇਂਟ ਕਰਨਗੇ। ਸ. ਰਾਣਾ ਨੇ ਦਸਿਆ ਕਿ ਇਸ ਮੌਕੇ ਤੇ ਪੰਥਕ ਸ਼ਖਸੀਅਤਾਂ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ, ਸੰਗਤਾਂ ਦੇ ਦਰਸ਼ਨ ਕਰ, ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੀਆਂ। ਉਨ੍ਹਾਂ ਹੋਰ ਦਸਿਆ ਕਿ ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਗੁਰਦੁਆਰਾ ਕਮੇਟੀ ਦੀ ਵੈਬ ਸਾਈਟ ਪੁਰ ਹੋਵੇਗਾ ਅਤੇ ਰਾਤ 9.30 ਵਜੇ ਇਸ ਸਮਾਗਮ ਦਾ (ਰਿਕਾਰਡੇਡ) ਪੁਨਰ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਵਲੋਂ ਕੀਤਾ ਜਾਏਗਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …