ਅੰਮ੍ਰਿਤਸਰ, 10 ਦਸੰਬਰ (ਸੁਖਬੀਰ ਸਿੰਘ) – ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐਫ) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰਸ਼ਨ (ਡੀ.ਐਮ.ਐਫ.) ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਅਤੇ ਸੂਬਾਈ ਜਨਰਲ ਸਕੱਤਰ ਡਾ. ਹਰਦੀਪ ਟੋਡਰਪੁਰ ਨੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ (ਪੀ.ਐਸ.ਐਮ.ਐਸ.ਯੂ) ਦੀ ਅਗਵਾਈ ਵਿੱਚ ਦਫ਼ਤਰੀ ਮੁਲਾਜ਼ਮਾਂ ਦੇ ਚੱਲਦੇ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਸਬੰਧੀ ਸਿੱਖਿਆ ਵਿਭਾਗ ਦੇ ਸਮੂਹ ਅਧਿਆਪਕਾਂ ਤੇ ਹੋਰ ਮੁਲਾਜ਼ਮਾਂ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ ਗਈ ਹੈ।
ਡੀ.ਟੀ.ਐਫ ਦੇ ਜਿਲ੍ਹਾ ਸਕੱਤਰ ਗੁਰਬਿੰਦਰ ਸਿੰਘ ਖਹਿਰਾ, ਹਰਜਾਪ ਸਿੰਘ ਬੱਲ, ਗੁਰਦੇਵ ਸਿੰਘ, ਪ੍ਰੈਸ ਸਕੱਤਰ ਰਾਜੇਸ਼ ਕੁਮਾਰ ਪਰਾਸ਼ਰ ਨੇ ਜ਼ਾਰੀ ਬਿਆਨ ‘ਚ ਦੱਸਿਆ ਕਿ ਪੀ.ਐਸ.ਐਮ.ਐਸ.ਯੂ ਦੇ ਸੱਦੇ ਤਹਿਤ ਨਵੀਂ ਪੈਨਸ਼ਨ ਦੀ ਥਾਂ 1972 ਦੇ ਨਿਯਮਾਂ ਅਨੁਸਾਰ ਜੀ.ਪੀ.ਐਫ ਅਧਾਰਿਤ ਪੁਰਾਣੀ ਪੈਨਸ਼ਨ ਦੀ ਬਹਾਲੀ, ਨਵੇਂ ਸਕੇਲਾਂ ਦੀ ਥਾਂ ਪੁਰਾਣੇ ਤਨਖਾਹ ਸਕੇਲਾਂ ਦੀ ਬਹਾਲੀ, ਪੈਡਿੰਗ ਮਹਿੰਗਾਈ ਭੱਤਾ, ਕੱਟੇ ਗਏ ਭੱਤੇ ਬਹਾਲ ਕਰਵਾਉਣ, ਕੱਚੇ ਮੁਲਾਜ਼ਮ ਪੱਕੇ ਕਰਵਾਉਣ, ਤਨਖਾਹ ਕਮਿਸ਼ਨ ਦੇ ਬਕਾਏ, ਏ.ਸੀ.ਪੀ ਸਕੀਮ ਲਾਗੂ ਕਰਵਾਉਣ ਸਮੇਤ ਹੋਰਨਾਂ ਵਿਭਾਗੀ ਮੰਗਾਂ ਪੂਰੀਆਂ ਕਰਵਾਉਣ ਲਈ ਪਿਛਲੇ ਕਈ ਦਿਨਾਂ ਤੋਂ ਮਨਿਸਟੀਰੀਅਲ ਕਰਮਚਾਰੀਆਂ ਵਲੋਂ ਕਲਮ ਛੋੜ ਹੜਤਾਲ ਦੇ ਨਾਲ ਨਾਲ ਲਗਾਤਾਰ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ।ਪੰਜਾਬ ਦੇ ਲੋਕਾਂ ਸਮੇਤ ਮੁਲਾਜ਼ਮਾਂ ਨਾਲ ਵੱਡੇ ਵਾਅਦੇ ਕਰਕੇ ਸੱਤਾ ਪ੍ਰਾਪਤ ਕਰਨ ਵਾਲੀ `ਆਪ` ਸਰਕਾਰ ਵਲੋਂ ਇਹਨਾਂ ਮੰਗਾਂ ਨੂੰ ਪੂਰਾ ਕਰਨ ਦੀ ਥਾਂ, ਮੁੱਖ ਮੰਤਰੀ ਦੀਆਂ ਮੀਟਿੰਗਾਂ ਦੇ ਕੇ ਰੱਦ ਕਰਨ ਅਤੇ ਵੱਖ-ਵੱਖ ਤਰ੍ਹਾਂ ਦੇ ਪੱਤਰ ਜ਼ਾਰੀ ਕਰਦਿਆਂ ਸੰਘਰਸ਼ਾਂ ਨੂੰ ਜ਼ਬਰੀ ਦਬਾਉਣ ਦਾ ਰਾਹ ਅਖਤਿਆਰ ਕੀਤਾ ਜਾ ਰਿਹਾ ਹੈ, ਜੋ ਕੇ ਸਖ਼ਤ ਨਿਖੇਧੀਯੋਗ ਹੈ।
ਡੀ.ਟੀ.ਐਫ਼ ਦੇ ਜਿਲ੍ਹਾ ਅੰਮ੍ਰਿਤਸਰ ਦੇ ਆਗੂਆਂ ਨਿਰਮਲ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਗੁਰਪ੍ਰੀਤ ਸਿੰਘ ਨਾਭਾ, ਵਿਪਣ ਰਿਖੀ, ਰਾਕੇਸ਼ ਸ਼ਰਮਾ, ਪਰਮਿੰਦਰ ਸਿੰਘ ਰਾਜਾਸਾਂਸੀ, ਕੁਲਦੀਪ ਸਿੰਘ ਵਰਨਾਲੀ, ਚਰਨਜੀਤ ਸਿੰਘ ਭੱਟੀ, ਕੰਵਰਜੀਤ ਸਿੰਘ ਜੰਡਿਆਲਾ, ਨਿਰਮਲ ਸਿੰਘ ਅਮਰਕੋਟ, ਕੰਵਲਜੀਤ ਸਿੰਘ ਫਤਿਹਪੁਰ ਰਾਜਪੂਤਾਂ ਆਦਿ ਨੇ ਮਨਿਸਟੀਰੀਅਲ ਕਰਮਚਾਰੀਆਂ ਦੇ ਸੰਘਰਸ਼ ਦੀ ਪੂਰਨ ਹਮਾਇਤ ਦਾ ਐਲਾਨ ਕਰਦਿਆਂ ਸਿੱਖਿਆ ਵਿਭਾਗ ਦੇ ਸਮੂਹ ਡੀ.ਡੀ.ਓਜ਼, ਅਧਿਆਪਕਾਂ ਤੇ ਹੋਰਨਾਂ ਕਰਮਚਾਰੀਆਂ ਨੂੰ ਇਸ ਹੱਕੀ ਸੰਘਰਸ਼ ਵਿੱਚ ਸਹਿਯੋਗ ਦੀ ਅਪੀਲ ਕੀਤੀ ਹੈ।