Sunday, May 25, 2025
Breaking News

ਚੀਫ਼ ਖ਼ਾਲਸਾ ਦੀਵਾਨ ਵਲੋਂ ਕਾਰਜ਼-ਸਾਧਕ ਤੇ ਜਨਰਲ ਕਮੇਟੀ ਇਕੱਤਰਤਾ

ਅੰਮ੍ਰਿਤਸਰ, 9 ਦਸੰਬਰ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪਹਿਲਾਂ ਕਾਰਜ-ਸਾਧਕ ਕਮੇਟੀ ਉਪਰੰਤ ਜਨਰਲ ਕਮੇਟੀ ਦੀ ਇਕੱਤਰਤਾ ਦਾ ਆਯੋਜਨ ਕੀਤਾ ਗਿਆ। ਅਰਦਾਸ ਉਪਰੰਤ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਨੇ ਸਮੂਹ ਮੈਂਬਰ ਸਾਹਿਬਾਨ ਨੂੰ ਜੀ ਆਇਆਂ ਨੂੰ ਆਖਦਿਆਂ ਸੰਗਤੀ ਰੂਪ ਵਿਚ ਕੀਤੇ ਗਏ ਮੂਲ ਮੰਤਰ ਦੇ ਪਾਠ ਨਾਲ ਮੀਟਿੰਗ ਦਾ ਆਰੰਭ ਕੀਤਾ। ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ ਵਲੋਂ ਪੜ੍ਹੇ ਗਏ ਏਜੰਡਿਆਂ ਤਹਿਤ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਅਤੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਧਾਨ ਸ੍ਰ.ਭੂਪਿੰਦਰ ਸਿੰਘ ਮਿਨਹਾਸ, ਲੰਬੇ ਸਮੇਂ ਤੋ ਦੀਵਾਨ ਨਾਲ ਜੁੜੇ ਦੀਵਾਨ ਦੇ ਐਡੀ.ਸਕੱਤਰ ਸ੍ਰ.ਚਰਨਜੀਤ ਸਿੰਘ ਤਰਨਤਾਰਨ ਅਤੇ ਮੈਂਬਰ ਸ੍ਰ.ਅਤਰ ਸਿੰਘ ਚਾਵਲਾ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ੋਕ ਮਤੇ ਪੜ੍ਹੇ ਗਏ।ਉਪੰਰਤ ਮੀਟਿੰਗ ਦੌਰਾਨ ਦੀਵਾਨ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫਰੈਡਜ਼ ਐਵੀਨਿਊ, ਅੰਮ੍ਰਿਤਸਰ ਲਈ ਸਕੂਲ ਦੇ ਨਾਲ ਲਗਦੀ 376 ਵਰਗ ਗਜ ਜਮੀਨ ਖਰੀਦਣ ਸਬੰਧੀ ਅਤੇ ਹੁਸਿ਼ਆਰਪੁਰ ਵਿਖੇ ਦੀਵਾਨ ਸਕੂਲ ਲਈ ਖਰੀਦੀ ਗਈ ਜਮੀਨ ਤੇ ਬਿਲਡਿੰਗ ਉਸਾਰੀ ਸ਼ੁਰੂ ਕਰਨ ਦੀ ਪ੍ਰਵਾਨਗੀ ਲਈ ਗਈ।ਇਸੇ ਤਰ੍ਹਾਂ ਸ੍ਰੀ ਹਰਿਗੋਬਿੰਦਪੁਰ ਸਾਹਿਬ ਵਿਖੇ ਸਥਾਪਿਤ ਸੀ.ਕੇ.ਡੀ ਸਕੂਲ ਦੇ ਵਿਕਾਸ-ਵਿਸਥਾਰ ਲਈ ਨਵੇਂ ਬਲਾਕ ਦੀ ਉਸਾਰੀ ਸ਼ੁਰੂ ਕਰਨ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ।
ਮੀਟਿੰਗ ਦੌਰਾਨ ਦੀਵਾਨ ਦੇ ਮੈਂਬਰ ਸ੍ਰ.ਭਗਵੰਤਪਾਲ ਸਿੰਘ ਸੱਚਰ ਵਲੋਂ ਮਤਾ ਲਿਆਂਦਾ ਗਿਆ ਕਿ ਚੀਫ਼ ਖ਼ਾਲਸਾ ਦੀਵਾਨ ਦੀ ਇਹ ਮੀਟਿੰਗ ਕੇਂਦਰ ਸਰਕਾਰ ਤਂੋ ਸਰਬਸੰਮਤੀ ਨਾਲ ਮੰਗ ਕਰਦੀ ਹੈ ਕਿ ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੋਕੇ ਕੀਤੇ ਗਏ ਆਪਣੇ ਫੈਸਲੇ ਉਪਰ ਤੁਰੰਤ ਅਮਲ ਕਰਦਿਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰੇ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰੇ।ਇਸ ਮਤੇ ਦੀ ਸਮੂਹ ਹਾਊਸ ਵਲੋਂ ਪ੍ਰੋੜਤਾ ਕਰਦਿਆਂ ਜਨਰਲ ਹਾਊਸ ਅਤੇ ਕਾਰਜ਼-ਸਾਧਕ ਕਮੇਟੀ ਵਲੋਂ ਸਰਬਸੰਮਤੀ ਨਾਲ ਬੋਲੇ-ਸੋ-ਨਿਹਾਲ ਦੀ ਗੂੰਜ਼ ਵਿੱਚ ਮਤਾ ਪਾਸ ਕੀਤਾ ਗਿਆ।
ਐਜੂਕੇਸ਼ਨਲ ਕਮੇਟੀ ਵਲੋਂ ਦਸੰਬਰ 2022 ਨੂੰ ਆਯੋਜਿਤ 67ਵੀਂ ਸਿੱਖ ਵਿਦਿਅਕ ਕਾਨਫਰੰਸ ਦੇ ਵੇਰਵੇ ਦੀ ਕਾਰਵਾਈ ਤੇ ਚਾਨਣਾ ਪਾਇਆ ਗਿਆ।ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਅਤੇ ਜੁਆਇੰਟ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ ਨੇ ਕਾਨਫਰੰਸ ਦੀ ਸਫਲਤਾ ਲਈ ਸਥਾਨਕ ਪ੍ਰਧਾਨ ਸੰਤੋਖ ਸਿੰਘ ਸੇਠੀ ਅਤੇ ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਡਾ. ਸਰਬਜੀਤ ਸਿੰਘ ਛੀਨਾ ਦੀ ਦਿਨ ਰਾਤ ਦੀ ਮਿਹਨਤ ਅਤੇ ਯੋਗ ਅਗਵਾਈ ਅਤੇ ਕਾਨਫਰੰਸ ਦੌਰਾਨ ਸੰਤ ਬਾਬਾ ਭੂਰੀ ਵਾਲਿਆਂ ਵੱਲੋਂ ਕੀਤੀ ਗਈ ਅਤੁੱਟ ਲੰਗਰ ਦੀ ਸੇਵਾ ਲਈ ਭਰੂਪਰ ਸ਼ਲਾਘਾ ਕੀਤੀ।ਉਪਰੰਤ ਡਾ. ਨਿੱਜ਼ਰ ਨੇ ਨਵੇਂ ਬਣਾਏ ਗਏ ਭਾਈ ਵੀਰ ਸਿੰਘ ਸਾਹਿਤ ਅਧਿਐਨ ਕੇਂਦਰ ਅਤੇ ਦੀਵਾਨ ਸਕੂਲਾਂ ਦੀਆਂ ਲਾਇਬ੍ਰੇਰੀਆਂ ਨੂੰ ਅਪਗ੍ਰੇਡ ਕਰਨ ਹਿੱਤ ਅਕਾਦਮਿਕ ਖੇਤਰ ਦੇ ਕੁਸ਼ਲ ਤਜ਼ਰਬੇਕਾਰ ਦੀਵਾਨ ਮੈਂਬਰਾਂ ਦੀ ਗਠਿਤ ਕਮੇਟੀ ਬਾਬਤ ਜਾਣਕਾਰੀ ਸਾਂਝੀ ਕੀਤੀ।
ਡਾ. ਨਿਜ਼ਰ ਨੇ ਦੀਵਾਨ ਦੇ ਕੰਮਕਾਜ਼ ਨੂੰ ਸੁਚਾਰੂ ਢੰਗ ਨਾਲ ਚਲਾਉਣ ਹਿੱਤ ਬਣਾਈਆਂ ਗਈਆਂ ਕਮੇਟੀਆਂ ਅਤੇ ਸਬ-ਕਮੇਟੀਆਂ ਦੀ ਕਾਰਜ ਪ੍ਰਣਾਲੀ ਦੀ ਸ਼ਲਾਘਾ ਕੀਤੀ ਅਤੇ ਸਮੂਹ ਮੈਂਬਰਾਂ ਨੂੰ ਆਪਣੀ ਯੋਗਤਾ ਅਨੁਸਾਰ ਕਮੇਟੀਆਂ ਦਾ ਹਿੱਸਾ ਬਨਣ ਲਈ ਸੱਦਾ ਦਿੱਤਾ।ਮੀਟਿੰਗ ਦੌਰਾਨ ਡਾਇਰੈਕਟਰ ਐਜੂਕੇਸ਼ਨ ਵੱਲੋਂ ਦੀਵਾਨ ਸਕੂਲਾਂ ਵਿੱਚ ਉਪਰ ਚੁੱਕੇ ਜਾ ਰਹੇ ਅਕਾਦਮਿਕ ਮਿਆਰ ਤੇ ਚਾਨਣਾ ਪਾਉਦਿਆਂ ਦੱਸਿਆ ਕਿ ਦੀਵਾਨ ਸਕੂਲਾਂ ਵਿੱਚ ਅਗਲੇ ਸਾਲ ਤੋਂ ਛੇਵੀਂ ਤੋ ਅਠੱਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕਿਲ ਡਿਵੈਲਪਮੈਂਟ ਕੋਰਸ ਸ਼ੂਰੂ ਕੀਤੇ ਜਾਣਗੇ।
ਇਸ ਮੋਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿਜ਼ਰ, ਮੀਤ ਪ੍ਰਧਾਨ ਅਮਰਜੀਤ ਸਿੰਘ ਬਾਂਗਾ, ਮੀਤ ਪ੍ਰਧਾਨ ਜਗਜੀਤ ਸਿੰਘ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਸਥਾਨਕ ਪ੍ਰਧਾਨ ਸੰਤੋਖ ਸਿੰਘ ਸੇਠੀ, ਜੁਆਇੰਟ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ, ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਡਾ. ਐਸ.ਐਸ ਛੀਨਾ, ਆਨਰੇਰੀ ਐਡੀ. ਸਕੱਤਰਾਂ ਵਿਚ ਸ਼ਾਮਲ ਜਸਪਾਲ ਸਿੰਘ ਢਿੱਲੋਂ, ਹਰਜੀਤ ਸਿੰਘ ਤਰਨਤਾਰਨ, ਪ੍ਰੋ. ਵਰਿਆਮ ਸਿੰਘ, ਸੁਖਦੇਵ ਸਿੰਘ ਮੱਤੇਵਾਲ ਸਮੇਤ ਕਰੀਬ 100 ਦੇ ਕਰੀਬ ਮੈਂਬਰ ਸਾਹਿਬਾਨ ਹਾਜ਼ਰ ਸਨ।

Check Also

ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ

ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …