ਲੰਬਿਤ ਇੰਤਕਾਲਾਂ ਸਬੰਧੀ ਹਰ ਸ਼ਨਿਚਰਵਾਰ ਕਰਨਗੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ
ਅੰਮ੍ਰਿਤਸਰ, 17 ਦਸੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਨੇ ਮਾਲ ਵਿਭਾਗ ਦੇ ਲੰਬਿਤ ਪਏ ਇੰਤਕਾਲਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਬਕਾਇਆ ਸੂਚੀ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ।ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਛੁੱਟੀ ਵਾਲੇ ਦਿਨ ਕੀਤੀ ਮੀਟਿੰਗ ਵਿੱਚ ਉਨਾਂ ਨੇ ਲੰਬਿਤ ਇੰਤਕਾਲਾਂ ਦੇ ਵੇਰਵੇ ਲਏ ਅਤੇ ਸਪੱਸ਼ਟ ਕੀਤਾ ਕਿ ਆਮ ਲੋਕਾਂ ਦਾ ਇਹ ਜਰੂਰੀ ਮੁੱਦਾ ਕਿਸੇ ਵੀ ਹਾਲਤ ਵਿੱਚ ਬਕਾਇਆ ਸੂਚੀ ਦਾ ਹਿੱਸਾ ਨਹੀਂ ਬਣਨਾ ਚਾਹੀਦਾ।ਉਨਾਂ ਕਿਹਾ ਕਿ ਹਰ ਸ਼ਨਿਚਰਵਾਰ ਨੂੰ ਮਾਲ ਵਿਭਾਗ ਦੇ ਪਟਵਾਰੀਆਂ ਤੇ ਕਾਨੂੰਗੋ ਦੀ ਮੀਟਿੰਗ ਇੰਤਕਾਲਾਂ ਸਬੰਧੀ ਹੋਵੇਗੀ ਅਤੇ ਇਸ ਵਿਚ ਪਟਵਾਰ ਹਲਕੇ ਪੱਧਰ ‘ਤੇ ਇੰਤਕਾਲਾਂ ਦੀ ਸੂਚੀ ਦੀ ਪੜਚੋਲ ਕੀਤੀ ਜਾਵੇਗੀ।ਜੇਕਰ ਇੰਤਕਾਲਾਂ ਦੇ ਕੰਮ ਨੂੰ ਪੂਰਾ ਕਰਨ ਵਿਚ ਕੋਈ ਸਮੱਸਿਆ ਆਉਂਦੀ ਹੈ, ਉਸ ਵਿਚ ਉਹ ਸਾਥ ਦੇ ਸਕਦੇ ਹਨ, ਪਰ ਇੰਤਕਾਲਾਂ ਦਾ ਕੰਮ ਬਕਾਇਆ ਪਿਆ ਰਹੇ, ਇਹ ਗੱਲ ਸਵਿਕਾਰ ਨਹੀਂ ਕੀਤੀ ਜਾ ਸਕਦੀ।ਉਨਾਂ ਕਿਹਾ ਕਿ ਆਮ ਲੋਕਾਂ ਦੇ ਜਦ ਇੰਤਕਾਲ ਸਮੇਂ ਸਿਰ ਨਹੀਂ ਹੁੰਦੇ ਤਾਂ ਉਨਾਂ ਨੂੰ ਪਟਵਾਰ ਦਫ਼ਤਰਾਂ ਦੇ ਚੱਕਰ ਮਾਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ ਅਤੇ ਦਫਤਰਾਂ ਦੇ ਚੱਕਰ ਬੰਦ ਕਰਨ ਲਈ ਹੀ ਲੋਕ ਏਜੰਟਾਂ ਰਾਹੀਂ ਪੈਸੇ ਦੇਣ ਨੂੰ ਮਜ਼ਬੂਰ ਹੁੰਦੇ ਹਨ।ਕੰਮ ਵਿੱਚ ਦੇਰੀ ਅਤੇ ਭ੍ਰਿਸ਼ਟਾਚਾਰ ਨੂੰ ਰੋਕਣਾ ਉਨਾਂ ਪਹਿਲੀ ਤਰਜ਼ੀਹ ਹੈ।
ਦੱਸਣਯੋਗ ਹੈ ਕਿ ਘਣਸ਼ਾਮ ਥੋਰੀ ਇਸ ਤੋਂ ਪਹਿਲਾਂ ਸੇਵਾ ਕੇਂਦਰਾਂ ਰਾਹੀਂ ਕਰਵਾਏ ਜਾਂਦੇ ਕੰਮਾਂ ਵਿੱਚ ਅੰਮ੍ਰਿਤਸਰ ਜਿਲ੍ਹੇ ਨੂੰ ਰਾਜ ਦੇ ਮੋਹਰੀ ਜਿਲ੍ਹਿਆਂ ਵਿੱਚ ਸ਼ਾਮਿਲ ਕਰਵਾ ਚੁੱਕੇ ਹਨ। ਉਨਾਂ ਦੀ ਤਾਇਨਾਤੀ ਤੋਂ ਪਹਿਲਾਂ ਅੰਮ੍ਰਿਤਸਰ ਜਿਲ੍ਹਾ ਸੇਵਾ ਕੇਂਦਰਾਂ ਰਾਹੀਂ ਲੋਕਾਂ ਦੇ ਕੰਮ ਨਿਪਟਾਉਣ ਵਾਲਿਆਂ ਦੀ ਸੂਚੀ ਵਿੱਚ ਰਾਜ ਭਰ ‘ਚੋਂ 20ਵੇਂ ਸਥਾਨ ਉਤੇ ਆਉਂਦਾ ਸੀ, ਪਰ ਹੁਣ ਅੰਮ੍ਰਿਤਸਰ ਸੇਵਾ ਕੇਂਦਰਾਂ ਦੀ ਬਕਾਇਆ ਸੂਚੀ ਖਤਮ ਕਰਕੇ ਰਾਜ ਭਰ ਵਿਚੋਂ ਪਹਿਲੇ ਸਥਾਨ ‘ਤੇ ਹੈ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …