ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਨੇ ਸ਼ਹਿਰੀ ਟ੍ਰੈਫਿਕ ਵਿਵਸਥਾ ਲਈ ਕੀਤੀ ਮੀਟਿੰਗ
ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ) – ਨਵੇਂ ਸਾਲ ਦੀ ਆਮਦ ਤੇ ਛੁੱਟੀਆਂ ਹੋਣ ਕਾਰਨ ਬਾਹਰੋਂ ਟੂਰਿਸਟਾਂ ਦੀ ਵਧੀ ਆਮਦ ਕਰਕੇ ਸ਼ਹਿਰ ਵਿੱਚ ਟ੍ਰੈਫਿਕ
ਕਾਫੀ ਵਧ ਗਈ।ਜਿਸ ਨੂੰ ਸਚਾਰੂ ਢੰਗ ਨਾਲ ਚਲਾੳੋੁਣ ਲਈ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਨੈਸ਼ਨਲ ਹਾਈਵੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦਬੁਰਜ਼ੀ ਪੁਲਿਸ ਲਾਈਨ ਦਿਹਾਤੀ ਦੇ ਸਾਹਮਣੇ ਸਾਈਨ ਬੋਰਡ ਲਗਾਏ ਜਾਣ ਤਾਂ ਜੋ ਬਾਹਰੋ ਆ ਰਹੀ ਯਾਤਰੂਆਂ ਨੂੰ ਗੁਰਦਾਸਪੁਰ, ਜੰਮੂ, ਅਟਾਰੀ ਵਾਹਗਾ ਬਾਰਡਰ, ਏਅਰਪੋਰਟ ਬਾਈਪਾਸ ਜਾਣ ਲਈ ਰਸਤੇ ਦਾ ਪਤਾ ਲੱਗ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਅਟਾਰੀ ਵਾਹਗਾ ਬਾਰਡਰ ਆਉਣ ਵਾਲੀ ਟ੍ਰੈਫਿਕ ਲਈ ਆਰਮੀ ਗੇਟ ਨੰ: 2 ਅਤੇ ਇੰਡੀਆ ਗੇਟ ਤੋਂ 500 ਮੀਟਰ ਪਿਛੇ ਸਾਈਨ ਬੋਰਡ ਜਰੂਰ ਲਗਾਏ ਜਾਣ ਤਾਂ ਜੋ ਬਾਹਰੋਂ ਆ ਰਹੇ ਯਾਤਰੂਆਂ ਨੂੰ ਬਾਈਪਾਸ ਰਸਤੇ ਦਾ ਪਤਾ ਲੱਗ ਸਕੇ।ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਭੰਡਾਰੀ ਪੁਲ ’ਤੇ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੇ ਰਸਤੇ ‘ਤੇ ਸਾਈਨ ਬੋਰਡ ਵੀ ਜਰੂਰ ਲਗਾਏ ਜਾਣ। ਉਨ੍ਹਾਂ ਰਿਜ਼ਨਲ ਟਰਾਂਸਪੋਰਟ ਅਥਾਰਟੀ ਅਤੇ ਨਗਰ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਆਮ ਤੌਰ ਤੇ ਟੂਰਿਸਟ ਬੱਸਾਂ ਦੇ ਡਰਾਈਵਰਾਂ ਵੱਲੋਂ ਪੁਲਾਂ, ਰੇਲਵੇ ਸਟੇਸ਼ਨ ਦੇ ਕੋਲ ਸੜਕ ਤੇ ਹੀ ਬੱਸਾਂ ਖੜ੍ਹੀਆਂ ਕਰ ਦਿੱਤੀਆਂ ਜਾਂਦੀਆਂ ਹਨ।ਜਿਸ ਕਰਕੇ ਟ੍ਰੈਫਿਕ ਜਾਮ ਦੀ ਸਥਿਤੀ ਪੈਦਾ ਹੁੰਦੀ ਹੈ।ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਨ੍ਹਾਂ ਬੱਸਾਂ ਨੂੰ ਖੜਾ ਕਰਨ ਲਈ ਮਾਲ ਮੰਡੀ, ਪਟਾਖਾ ਮਾਰਕੀਟ, ਜਹਾਜਗੜ੍ਹ ਅਤੇ ਬਾਈਪਾਸ ‘ਤੇ ਜਗ੍ਹਾ ਮੁਹੱਈਆ ਕਰਵਾਈ ਜਾਵੇ।
ਪੁਲਿਸ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੜਕਾਂ ਤੇ ਨਜਾਇਜ਼ ਕਬਜ਼ੇ ਹਟਾਏ ਜਾਣਗੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਬੀ.ਆਰ.ਟੀ.ਐਸ ਦੇ ਐਂਟਰੀ/ਐਗਜਿਟ ਪੁਆਇੰਟਾਂ ਤੇ ਰਿਫਲੈਕਟਰ/ਬਲਿੰਕਰ ਜਰੂਰ ਲਗਾਏ ਜਾਣ।ਉਨ੍ਹਾਂ ਕਿਹਾ ਕਿ ਬੀ.ਆਰ.ਟੀ.ਐਸ ਲੇਨ ਵਿੱਚ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਚਲਾਉਣ ਦੀ ਪੂਰਨ ਤੌਰ ‘ਤੇ ਮਨਾਹੀ ਹੈ।ਉਨਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਧੁੰਦ ਦੇ ਦਿਨਾਂ ਵਿੱਚ ਆਪਣੀ ਵਹੀਕਲਾਂ ਦੀ ਸਪੀਡ ਨੂੰ ਘੱਟ ਰੱਖੀ ਜਾਵੇ ਤਾਂ ਜੋ ਦੁਰਘਟਨਾਵਾਂ ਤੋਂ ਬਚਾਓ ਹੋ ਸਕੇ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਏ.ਡੀ.ਸੀ.ਪੀ ਸ੍ਰੀਮਤੀ ਪਰਵਿੰਦਰ ਕੌਰ, ਏ.ਡੀ.ਸੀ.ਪੀ ਟ੍ਰੈਫਿਕ ਸ੍ਰੀਮਤੀ ਅਮਨਦੀਪ ਕੌਰ, ਰਿਜ਼ਨਲ ਟਰਾਂਸਪੋਰਟ ਅਥਾਰਟੀ ਅਰਸ਼ਦੀਪ ਸਿੰਘ, ਐਸ.ਸੀ ਨਗਰ ਨਿਗਮ ਸੰਦੀਪ ਸਿੰਘ, ਵਿਸ਼ਾਲ ਵਧਾਵਨ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media